ਮੌਤ ਨੂੰ ਮਖੌਲਾਂ ਕਰਨ ਵਾਲੇ ਕਿਸਾਨ ਘੋਲ ਦੀ ਹਮਾਇਤ 'ਚ ਕੋਈ ਕਸਰ ਨਹੀਂ ਛੱਡਾਂਗੇ : ਫਾਸ਼ੀਵਾਦੀ ਵਿਰੋਧੀ ਫਰੰਟ
ਜਲੰਧਰ (ਕੇਸਰ)
ਪੰਜਾਬ ਦੀਆਂ ਅੱਠ ਕਮਿਊਨਿਸਟ ਤੇ ਖੱਬੀਆਂ ਪਾਰਟੀਆਂ 'ਤੇ ਆਧਾਰਤ 'ਫਾਸ਼ੀਵਾਦ ਵਿਰੋਧੀ ਫਰੰਟ' ਦੀ ਐਤਵਾਰ ਇੱਥੇ ਵਿਸ਼ਾਲ ਸੂਬਾਈ ਕਨਵੈਨਸ਼ਨ 'ਚ ਪਾਸ ਕੀਤੇ ਗਏ ਇਕ ਮਤੇ ਰਾਹੀਂ ਦੇਸ਼ ਦੀ ਸਮੁੱਚੀ ਕਿਸਾਨੀ, ਖ਼ਾਸਕਰ ਪੰਜਾਬ ਤੇ ਹਰਿਆਣਾ ਦੇ ਬਹਾਦਰ ਕਿਸਾਨਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਤੇ ਸ਼ਾਨਾਮੱਤੇ ਜਨਤਕ ਖਾੜਕੂ ਸੰਘਰਸ਼ ਲਈ ਵਧਾਈਆਂ ਤੇ ਸ਼ੁਭ-ਇਛਾਵਾਂ ਭੇਜੀਆਂ ਗਈਆਂ। ਮਤੇ ਵਿਚ ਕਿਹਾ ਗਿਆ ਕਿ ਮੋਦੀ ਸਰਕਾਰ ਵੱਲੋਂ ਖੇਤੀਬਾੜੀ ਤੇ ਆਮ ਖਪਤਕਾਰਾਂ ਨਾਲ ਸੰਬੰਧਤ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਜਿਸ ਬਹਾਦਰੀ, ਜੋਸ਼ ਤੇ ਇਨਕਲਾਬੀ ਅਨੁਸ਼ਾਸਨ ਦਾ ਪਰਚਮ ਲਹਿਰਾਉਂਦਿਆਂ ਲੱਖਾਂ ਕਿਸਾਨਾਂ ਨੇ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਚੌਂਹਾਂ ਦਿਸ਼ਾਵਾਂ ਤੋਂ ਘੇਰਿਆ ਹੈ ਤੇ ਯੂ ਪੀ ਦੀ ਯੋਗੀ ਸਰਕਾਰ ਤੇ ਹਰਿਆਣਾ ਦੀ ਖੱਟੜ ਸਰਕਾਰ ਵੱਲੋਂ ਵਰਤੇ ਹਰ ਕਿਸਮ ਦੇ ਘਟੀਆ ਹੱਥਕੰਡਿਆਂ ਨੂੰ ਚਕਨਾਚੂਰ ਕਰਦਿਆਂ ਰਾਜਧਾਨੀ ਵੱਲ ਨੂੰ ਕੂਚ ਕੀਤਾ ਹੈ, ਉਸ ਨੇ ਦੇਸ਼ ਦੀ ਜਮਹੂਰੀ ਲਹਿਰ ਦੇ ਇਤਿਹਾਸ 'ਚ ਇਕ ਸੁਨਹਿਰੀ ਪੰਨਾ ਜੋੜ ਦਿੱਤਾ ਹੈ।
ਕਨਵਨੈਸ਼ਨ ਵਿਚ ਪਾਸ ਕੀਤੇ ਗਏ ਇਕ ਹੋਰ ਮਤੇ ਰਾਹੀਂ ਕੇਂਦਰ ਦੀ ਭਾਜਪਾ ਤੇ ਹਰਿਆਣਾ ਦੀ ਖੱਟੜ ਸਰਕਾਰ ਦੇ ਹੁਕਮਾਂ 'ਤੇ ਜਿਸ ਵਹਿਸ਼ੀ ਢੰਗ ਨਾਲ ਪੁਲਸ ਤੇ ਦੂਸਰੇ ਅਰਧ ਸੈਨਿਕ ਬਲਾਂ ਨੇ ਸ਼ਾਂਤਮਈ ਢੰਗ ਨਾਲ ਆਪਣੇ ਹੱਕਾਂ ਦੀ ਰਾਖੀ ਲਈ ਦਿੱਲੀ ਵੱਲ ਨੂੰ ਵਧ ਰਹੇ ਕਿਸਾਨਾਂ ਉਪਰ ਟੀਅਰ ਗੈਸ ਦੇ ਗੋਲਿਆਂ ਦਾ ਮੀਂਹ ਵਰਸਾਇਆ ਹੈ ਤੇ ਪਾਣੀ ਦੀਆਂ ਬੁਛਾੜਾਂ ਨਾਲ ਦੇਸ਼ ਦੇ ਅੰਨਦਾਤੇ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਹੈ, ਉਸ ਨੇ ਫਿਰਕੂ ਫਾਸ਼ੀਵਾਦੀ ਭਾਜਪਾ ਦੀ ਮੋਦੀ ਸਰਕਾਰ ਤੇ ਹਰਿਆਣਾ ਦੀ ਖੱਟੜ ਸਰਕਾਰ ਦੇ ਲੋਕ ਵਿਰੋਧੀ ਤੇ ਅਮਾਨਵੀ ਚਿਹਰੇ ਪੂਰੇ ਤਰ੍ਹਾਂ ਬੇਨਕਾਬ ਕਰ ਦਿੱਤੇ ਹਨ।
ਫਾਸ਼ੀਵਾਦ ਵਿਰੋਧੀ ਫਰੰਟ ਦੀ ਇਹ ਸੂਬਾਈ ਕਨਵੈਨਸ਼ਨ ਫੈਸਲਾ ਕਰਦੀ ਹੈ ਕਿ 'ਮੌਤ ਨੂੰ ਮਖੌਲਾਂ' ਕਰਨ ਵਾਲੇ ਇਸ ਕਿਸਾਨ ਘੋਲ ਦੇ ਸਮਰਥਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਤੇ ਇਸ ਕਿਸਾਨ ਅੰਦੋਲਨ ਨੂੰ ਜਿੱਤ ਤੱਕ ਪਹੁੰਚਾਉਣ ਲਈ ਹਰ ਪੱਖ ਤੋਂ ਲੋੜੀਂਦੀ ਸਹਾਇਤਾ ਕਰੇਗੀ। ਕਿਸਾਨੀ ਦਾ ਇਹ ਘੋਲ, ਜਿਸ ਢੰਗ ਨਾਲ ਸਮਾਜ ਦੇ ਸਾਰੇ ਵਰਗ ਖ਼ਾਸਕਰ ਨੌਜਵਾਨ ਤੇ ਔਰਤਾਂ ਹਿੱਸਾ ਪਾ ਰਹੀਆਂ ਹਨ, ਉਹ ਦਰਸਾਉਂਦਾ ਹੈ ਕਿ ਜਨਤਾ ਦੇ ਹੜ੍ਹ ਅੱਗੇ ਕੋਈ ਵੀ ਹੈਂਕੜਬਾਜ਼ ਤੇ ਤਾਨਾਸ਼ਾਹ ਹਾਕਮ ਜਬਰ ਤੇ ਸਹਾਰੇ ਖਲੋ ਨਹੀਂ ਸਕਦਾ ਤੇ ਨਾ ਹੀ ਉਸ ਦੇ ਝੂਠੇ ਮੱਕੜਜਾਲ 'ਚ ਲੰਮਾ ਸਮਾਂ ਮਿਹਨਤਕਸ਼ਾਂ ਨੂੰ ਫਸਾ ਕੇ ਰੱਖਿਆ ਜਾ ਸਕਦਾ ਹੈ।
ਇਹ ਕਨਵੈਨਸ਼ਨ ਐਲਾਨ ਕਰਦੀ ਹੈ ਕਿ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਕਿਸਾਨਾਂ ਦੇ ਹੱਕ 'ਚ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ 'ਚ ਮੀਟਿੰਗਾਂ, ਅਰਥੀ ਫੂਕ ਮੁਜ਼ਾਹਰੇ ਤੇ ਜਲਸੇ-ਜਲੂਸ ਕੱਢ ਕੇ ਵਿਸ਼ਾਲ ਲੋਕ ਲਾਮਬੰਦੀ ਕੀਤੀ ਜਾਵੇਗੀ, ਤਾਂ ਕਿ ਹੈਂਕੜਬਾਜ਼ ਮੋਦੀ ਸਰਕਾਰ ਦੀਆਂ ਦੇਸ਼ ਦੀ ਸਮੁੱਚੀ ਸੰਪਤੀ ਤੇ ਖੇਤੀਬਾੜੀ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਕੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਤੋਂ ਬੇਦਖ਼ਲ ਕਰਨ ਤੇ ਹਰ ਲੋੜੀਂਦੀ ਵਸਤੂ ਦੇ ਭੰਡਾਰ ਕਰਕੇ ਕਾਲਾ-ਬਜ਼ਾਰੀ ਰਾਹੀਂ ਉੱਚੀਆਂ ਕੀਮਤਾਂ ਨਾਲ ਖਪਤਕਾਰਾਂ ਦੀ ਰੱਤ ਪੀਣ ਦੀ ਨੀਤੀ ਨੂੰ ਭਾਂਜ ਦਿੱਤੀ ਜਾ ਸਕੇ।
ਕਨਵੈਨਸ਼ਨ ਦੀ ਪ੍ਰਧਾਨਗੀ ਪ੍ਰਿਥੀਪਾਲ ਸਿੰਘ ਮਾੜੀਮੇਘਾ, ਹਰਕੰਵਲ ਸਿੰਘ, ਅਜਮੇਰ ਸਿੰਘ ਸਮਰਾ, ਸੁਖਦਰਸ਼ਨ ਨੱਤ, ਜਸਵੰਤ ਜੀਰਖ, ਪਰਮਜੀਤ ਸਿੰਘ ਜ਼ੀਰਾ, ਮੰਗਤ ਰਾਮ ਲੌਂਗੋਵਾਲ 'ਤੇ ਆਧਾਰ ਪ੍ਰਧਾਨਗੀ ਮੰਡਲ ਨੇ ਕੀਤੀ ਤੇ ਸਰਬਸਾਥੀ ਬੰਤ ਸਿੰਘ ਬਰਾੜ, ਮੰਗਤ ਰਾਮ ਪਾਸਲਾ, ਗੁਰਮੀਤ ਸਿੰਘ ਬਖ਼ਤਪੁਰਾ, ਕੁਲਵਿੰਦਰ ਸਿੰਘ ਵੜੈਚ, ਕੰਵਲਜੀਤ ਸਿੰਘ ਖੰਨਾ, ਰਜੇਸ਼ ਮਲਹੋਤਰਾ, ਕਿਰਨਜੀਤ ਸੇਖੋਂ ਅਤੇ ਨਰਿੰਦਰ ਕੁਮਾਰ ਨਿੰਦੀ ਨੇ ਸੰਬੋਧਨ ਕੀਤਾ। ਕਨਵੈਨਸ਼ਨ ਤੋਂ ਬਾਅਦ ਸ਼ਹਿਰ ਅੰਦਰ ਕਿਸਾਨੀ ਦੇ ਹੱਕ 'ਚ ਅਸਮਾਨ ਗੂੰਜਾਊ ਨਾਅਰਿਆਂ ਨਾਲ ਇਕ ਸ਼ਾਨਦਾਰ ਮਾਰਚ ਕੱਢਿਆ ਗਿਆ।