Latest News
ਗੱਲਬਾਤ ਹੁਣ ਸਿਖਰਲੇ ਪੱਧਰ 'ਤੇ ਹੀ ਹੋਵੇਗੀ

Published on 29 Nov, 2020 11:05 AM.


ਨਵੀਂ ਦਿੱਲੀ : ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਦਿੱਲੀ ਦਾ ਘੇਰਾਓ ਕਰਨ ਵਾਲੇ ਕਿਸਾਨਾਂ ਨੇ ਐਤਵਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸ਼ਰਤਾਂ-ਬੱਝੇ ਸੱਦੇ ਨੂੰ ਰੱਦ ਕਰਦਿਆਂ ਸਾਫ ਕੀਤਾ ਕਿ ਉਹ ਬਿਨਾਂ ਸ਼ਰਤ ਗੱਲ ਕਰਨ ਲਈ ਤਿਆਰ ਹਨ, ਪਰ ਸਰਕਾਰ ਇਸ ਲਈ ਕੈਬਨਿਟ ਕਮੇਟੀ ਜਾਂ ਗਰੁੱਪ ਦਾ ਗਠਨ ਕਰੇ। ਕਿਸਾਨਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਬੁਰਾੜੀ ਨਹੀਂ ਜਾਣਗੇ, ਕਿਉਂਕਿ ਉਹ ਖੁੱਲ੍ਹੀ ਜੇਲ੍ਹ ਹੈ। ਉਹ ਦਿੱਲੀ ਨੂੰ ਪੰਜ ਪਾਸਿਆਂ ਤੋਂ ਘੇਰਨਗੇ।
ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ (ਏ ਆਈ ਕੇ ਐੱਸ ਸੀ ਸੀ) ਵਿਚ ਸ਼ਾਮਲ ਜਥੇਬੰਦੀਆਂ ਦੇ ਕਰੀਬ 30 ਆਗੂਆਂ ਨੇ ਸ਼ਾਹ ਦੀ ਤਿੰਨ ਦਸੰਬਰ ਤੋਂ ਪਹਿਲਾਂ ਗੱਲ ਕਰਨ ਦੀ ਪੇਸ਼ਕਸ਼ ਉਤੇ ਵਿਚਾਰ ਕਰਨ ਉਪਰੰਤ ਮੀਡੀਆ ਨੂੰ ਦੱਸਿਆ ਕਿ ਗ੍ਰਹਿ ਮੰਤਰਾਲਾ ਵਿਚਾਰ-ਵਟਾਂਦਰੇ ਦੀ ਅਗਵਾਈ ਨਹੀਂ ਕਰ ਸਕਦਾ, ਕਿਉਂਕਿ ਮਾਮਲਾ ਖੇਤੀਬਾੜੀ ਦਾ ਹੈ। ਸੰਘਰਸ਼ ਕਮੇਟੀ ਦੇ ਕੌਮੀ ਸਕੱਤਰ ਅਵੀਕ ਸਾਹਾ ਨੇ ਕਿਹਾ—ਦੇਸ਼ ਵਿਚ ਸਾਰੇ ਫੈਸਲੇ ਪ੍ਰਧਾਨ ਮੰਤਰੀ ਕਰਦੇ ਹਨ। ਭਾਵੇਂ ਪਿਛਲੇ ਗੇੜਾਂ ਦੀ ਗੱਲਬਾਤ ਵਿਚ ਕੇਂਦਰੀ ਮੰਤਰੀਆਂ ਨੇ ਹਿੱਸਾ ਲਿਆ, ਪਰ ਸਾਨੂੰ ਯਕੀਨ ਨਹੀਂ ਕਿ ਉਨ੍ਹਾਂ ਕੋਲ ਫੈਸਲੇ ਲੈਣ ਦੀ ਤਾਕਤ ਹੈ। ਇਸ ਕਰਕੇ ਅਗਲੀ ਗੱਲਬਾਤ ਲਈ ਸਭ ਤੋਂ ਉਤਲੇ ਸਿਆਸੀ ਪੱਧਰ ਤੋਂ ਕੈਬਨਿਟ ਕਮੇਟੀ ਜਾਂ ਮੰਤਰੀਆਂ ਦਾ ਗਰੁੱਪ ਬਣਾਇਆ ਜਾਵੇ, ਜਿਸ ਨੂੰ ਫੈਸਲੇ ਲੈਣ ਦਾ ਅਧਿਕਾਰ ਹੋਵੇ। ਸਾਹਾ ਨੇ ਅੱਗੇ ਕਿਹਾ—2013 ਵਿਚ ਅੰਨਾ ਹਜ਼ਾਰੇ ਦੀ ਅਗਵਾਈ ਵਾਲੇ ਐਂਟੀ-ਕੁਰੱਪਸ਼ਨ ਅੰਦੋਲਨ ਦੌਰਾਨ ਗੱਲਬਾਤ ਕਰਨ ਲਈ ਕੈਬਨਿਟ ਪੈਨਲ ਬਣਾਇਆ ਗਿਆ ਸੀ। ਅਸੀਂ ਵੀ ਇਹੀ ਚਾਹੁੰਦੇ ਹਾਂ। ਕਦੇ ਗੱਲਬਾਤ ਦੀ ਅਗਵਾਈ ਖੁਰਾਕ ਤੇ ਖੇਤੀਬਾੜੀ ਮੰਤਰੀ ਕਰਦੇ ਹਨ ਤੇ ਹੁਣ ਗ੍ਰਹਿ ਮੰਤਰੀ ਵੱਲੋਂ ਕਰਨ ਦੀ ਗੱਲ ਕਹੀ ਜਾ ਰਹੀ ਹੈ।
ਕਿਸਾਨਾਂ ਦੇ ਤਾਜ਼ਾ ਸਟੈਂਡ ਨਾਲ ਗੱਲਬਾਤ ਦੇ ਅਗਲੇ ਗੇੜ ਨੂੰ ਦੇਰੀ ਹੋ ਸਕਦੀ ਹੈ। ਸੰਘਰਸ਼ ਕਮੇਟੀ ਨੇ ਕਿਹਾ—ਸਰਕਾਰ ਮੁੱਦੇ ਨੂੰ ਇੰਟੈਲੀਜੈਂਸ ਏਜੰਸੀਆਂ ਤੇ ਗ੍ਰਹਿ ਮੰਤਰਾਲੇ ਦੇ ਪ੍ਰਿਜ਼ਮ ਥਾਣੀਂ ਦੇਖਣਾ ਬੰਦ ਕਰੇ। ਸਰਕਾਰ ਨੇ ਕਾਨੂੰਨ ਸੰਸਦ ਰਾਹੀਂ ਪਾਸ ਕੀਤੇ ਹਨ ਤੇ ਕਿਸਾਨ ਸਰਕਾਰ ਦੇ ਸਭ ਤੋਂ ਉਪਰਲੇ ਪੱਧਰ ਤੋਂ ਸਿਆਸੀ ਹੁੰਗਾਰਾ ਚਾਹੁੰਦੇ ਹਨ। ਸਰਕਾਰ ਵੱਲੋਂ ਗ੍ਰਹਿ ਮੰਤਰਾਲੇ ਨੂੰ ਵਿਚ ਪਾਉਣ ਦਾ ਮਤਲਬ ਕਿਸਾਨਾਂ ਵਿਚ ਭਰੋਸਾ ਪੈਦਾ ਕਰਨ ਦੀ ਥਾਂ ਉਨ੍ਹਾਂ ਨੂੰ ਧਮਕਾਉਣ ਦੇ ਤੁਲ ਹੈ। ਉਸਮਾਨੀਆ ਯੂਨੀਵਰਸਿਟੀ ਦੇ ਸਿਆਸੀ ਵਿਸ਼ਲੇਸ਼ਕ ਸੰਜੇ ਕੁਕਰੇਤੀ ਨੇ ਕਿਹਾ ਹੈ—ਕਿਸਾਨਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਉਸ ਨਾਲ ਹੀ ਗੱਲ ਕਰਨਗੇ, ਜਿਹੜਾ ਫੈਸਲਾ ਲੈ ਸਕਦਾ ਹੋਵੇ। ਇਹੀ ਕਿਸਾਨਾਂ ਦਾ ਸੁਨੇਹਾ ਜਾਪਦਾ ਹੈ। ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ, ਰੇਲਵੇ ਮੰਤਰੀ ਪਿਯੂਸ਼ ਗੋਇਲ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ, ਪਰ ਉਹ ਅਧੂਰੀ ਰਹੀ ਸੀ।

209 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper