ਸਿਡਨੀ : ਆਸਟਰੇਲੀਆ ਨੇ ਐਤਵਾਰ ਭਾਰਤ ਨੂੰ ਦੂਜੇ ਮੈਚ ਵਿਚ ਵੀ 51 ਦੌੜਾਂ ਨਾਲ ਹਰਾ ਕੇ ਤਿੰਨ ਇਕ ਦਿਨਾ ਮੈਚਾਂ ਦੀ ਲੜੀ ਜਿੱਤ ਲਈ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚਾਰ ਵਿਕਟਾਂ 'ਤੇ 389 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕਰ ਦਿੱਤਾ, ਜਿਸ ਦਾ ਪਿੱਛਾ ਕਰਦਿਆਂ ਭਾਰਤੀ ਟੀਮ 9 ਵਿਕਟਾਂ 'ਤੇ 338 ਦੌੜਾਂ ਹੀ ਬਣਾ ਸਕੀ। ਕਪਤਾਨ ਵਿਰਾਟ ਕੋਹਲੀ (89) ਤੇ ਕੇ ਐੱਲ ਰਾਹੁਲ (76) ਨੇ ਜ਼ੋਰ ਲਾਇਆ, ਪਰ ਗੱਲ ਨਹੀਂ ਬਣੀ।
ਆਸਟਰੇਲੀਆਈ ਬੱਲੇਬਾਜ਼ਾਂ ਨੇ ਦੌੜਾਂ ਦਾ ਮੀਂਹ ਵਰ੍ਹਾਉਂਦਿਆਂ ਚਾਰ ਵਿਕਟਾਂ 'ਤੇ 389 ਦੌੜਾਂ ਬਣਾਈਆਂ। ਪਹਿਲੇ ਮੈਚ ਵਿਚ ਸੈਂਕੜਾ ਮਾਰਨ ਵਾਲੇ ਸਟੀਵ ਸਮਿੱਥ ਨੇ 64 ਗੇਂਦਾਂ 'ਤੇ ਲਗਾਤਾਰ ਦੂਜਾ ਸੈਂਕੜਾ ਮਾਰਿਆ। ਉਸ ਨੇ ਕੁਲ 104 ਦੌੜਾਂ ਬਣਾਈਆਂ।
ਡੇਵਿਡ ਵਾਰਨਰ ਨੇ 77 ਗੇਂਦਾਂ 'ਤੇ 83, ਕਪਤਾਨ ਐਰੋਨ ਫਿੰਚ ਨੇ 60 ਦੌੜਾਂ ਦਾ ਯੋਗਦਾਨ ਪਾਇਆ। ਲੈਬਸ਼ੇਗਨੇ ਨੇ 70 ਅਤੇ ਗਲੈੱਨ ਮੈਕਸਵੈੱਲ ਨੇ 29 ਗੇਂਦਾਂ 'ਤੇ 63 ਦੌੜਾਂ ਬਣਾਈਆਂ। ਮੈਕਸਵੈੱਲ ਨੇ 4 ਛੱਕੇ ਤੇ 4 ਚੌਕੇ ਮਾਰੇ। ਸਮਿਥ ਨੂੰ ਆਉਟ ਕਰਨ ਲਈ ਭਾਰਤ ਨੂੰ ਹਾਰਦਿਕ ਪਾਂਡਿਆ ਦੀ ਲੋੜ ਪਈ, ਜਿਸ ਨੇ ਪਿੱਠ ਦੀ ਸਰਜਰੀ ਕਾਰਨ ਇਕ ਸਾਲ ਬਾਅਦ ਗੇਂਦਬਾਜ਼ੀ ਕੀਤੀ। ਉਸ ਨੇ ਆਪਣੇ ਤੀਜੇ ਓਵਰ ਵਿਚ ਸਮਿਥ ਨੂੰ ਮੁਹੰਦ ਸ਼ਮੀ ਹੱਥੋਂ ਕੈਚ ਆਉਟ ਕਰਵਾਇਆ।