ਮੁੰਬਈ : ਮਹਾਰਾਸ਼ਟਰ ਵਿਚ ਸ਼ਿਵ ਸੈਨਾ, ਨੈਸ਼ਨਲਿਸਟ ਕਾਂਗਰਸ ਪਾਰਟੀ ਤੇ ਕਾਂਗਰਸ ਦੇ ਗਠਜੋੜ ਨੂੰ ਗੈਰ-ਕੁਦਰਤੀ ਤੇ ਗੈਰ-ਇਖਲਾਕੀ ਦੱਸਣ 'ਤੇ ਭਾਜਪਾ ਨੂੰ ਲੰਮੇ ਹੱਥੀਂ ਲੈਂਦਿਆਂ ਸ਼ਿਵ ਸੈਨਾ ਦੇ ਤਰਜਮਾਨ ਸੰਜੇ ਰਾਉਤ ਨੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੇ ਐੱਨ ਡੀ ਏ ਵਿਚ ਵੱਖ-ਵੱਖ ਵਿਚਾਰਧਾਰਾਵਾਂ ਵਾਲੀਆਂ 33 ਪਾਰਟੀਆਂ ਸ਼ਾਮਲ ਸਨ। ਇਸ ਨੂੰ ਦੇਖਦਿਆਂ ਮਹਾਰਾਸ਼ਟਰ ਸਰਕਾਰ ਨੂੰ ਕਿਵੇਂ ਗੈਰ-ਕੁਦਰਤੀ ਕਿਹਾ ਜਾ ਸਕਦਾ ਹੈ। ਰਾਉਤ ਨੇ ਸ਼ਿਵ ਸੈਨਾ ਦੀ ਅਗਵਾਈ ਵਾਲੀ ਸਰਕਾਰ ਦੀ ਪਹਿਲੀ ਵਰ੍ਹੇਗੰਢ 'ਤੇ ਕਿਹਾ—ਜੇ ਕੋਵਿਡ-19, ਲਾਕਡਾਊਨ, ਹੜ੍ਹ, ਸਮੁੰਦਰੀ ਤੂਫਾਨ ਨਿਸਰਗ ਦੀ ਮਾਰ ਨਾ ਪੈਂਦੀ ਤਾਂ ਸਰਕਾਰ ਨੇ ਸੂਬੇ ਦੀ ਤਸਵੀਰ ਬਦਲ ਦੇਣੀ ਸੀ। ਸਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੇ ਐੱਨ ਡੀ ਏ ਵਿਚ ਵੱਖ-ਵੱਖ ਵਿਚਾਰਧਾਰਾਵਾਂ ਵਾਲੀਆਂ 33 ਪਾਰਟੀਆਂ ਸ਼ਾਮਲ ਸਨ ਤੇ ਕਿਸੇ ਨੇ ਉਨ੍ਹਾ ਦੀ ਸਰਕਾਰ ਨੂੰ ਗੈਰ-ਕੁਦਰਤੀ ਨਹੀਂ ਕਿਹਾ। ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਦਵਿੰਦਰ ਫੜਨਵੀਸ ਨੇ ਸ਼ਨੀਵਾਰ ਕਿਹਾ ਸੀ ਕਿ ਸ਼ਿਵ ਸੈਨਾ ਦੀ ਅਗਵਾਈ ਵਾਲੀ ਸਰਕਾਰ ਸਾਰੇ ਮੋਰਚਿਆਂ 'ਤੇ ਨਾਕਾਮ ਰਹੀ ਹੈ। ਸਰਕਾਰ ਕੋਵਿਡ-19 ਨਾਲ ਨਿਬੜਨ, ਕਿਸਾਨ ਮੁੱਦੇ ਹੱਲ ਕਰਨ ਅਤੇ ਵਿਕਾਸ ਦੇ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਵਿਚ ਕੁਝ ਨਹੀਂ ਕਰ ਸਕੀ। ਰਾਉਤ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ—ਕਈ ਭਾਜਪਾ ਆਗੂ ਕਹਿ ਰਹੇ ਸਨ ਕਿ ਸਰਕਾਰ ਡਿੱਗ ਪੈਣੀ ਹੈ, ਪਰ ਹੁਣ ਉਹ ਕਿਉਂ ਚੁੱਪ ਹਨ। ਉਹ ਈ ਡੀ ਤੇ ਸੀ ਬੀ ਆਈ ਵਰਗੀਆਂ ਕੇਂਦਰੀ ਏਜੰਸੀਆਂ ਉਤੇ ਨਿਰਭਰ ਹਨ। ਇਨ੍ਹਾਂ ਏਜੰਸੀਆਂ ਨੂੰ ਵਰਤ ਕੇ ਸਰਕਾਰ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਭਾਜਪਾ ਗੈਰਕਾਨੂੰਨੀ ਉਸਾਰੀਆਂ ਕਰਨ ਵਾਲਿਆਂ ਤੇ ਖੁਦਕੁਸ਼ੀ ਲਈ ਉਕਸਾਉਣ ਵਾਲਿਆਂ ਨੂੰ ਬਚਾਅ ਰਹੀ ਹੈ।