ਮਾਨਸਾ (ਅਸ਼ੋਕ ਲਾਕੜਾ)
'ਦਿੱਲੀ ਦੇ ਟਿਕਰੀ ਬਾਰਡਰ 'ਤੇ ਜਾਮ ਅਤੇ ਲੱਖਾਂ ਕਿਸਾਨਾਂ ਦਾ ਜੋਸ਼ ਠਾਠਾਂ ਮਾਰ ਰਿਹਾ ਹੈ, ਉਹ ਜਿੱਤ ਕੇ ਮੁੜਨ ਲਈ ਦ੍ਰਿੜ੍ਹ ਸੰਕਲਪ ਲੈ ਚੁੱਕੇ ਹਨ।' ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਲ ਇੰਡੀਆ ਕਿਸਾਨ ਸਭਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਮੋਬਾਇਲ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹ ਕਿਸਾਨ ਸੰਘਰਸ਼ ਲਈ ਪੰਜਾਬ ਵਿਚੋਂ ਗਏ ਵੱਡੇ ਕਾਫ਼ਲੇ ਵਿੱਚ ਪਹਿਲੇ ਦਿਨ ਤੋਂ ਹੀ ਦਿੱਲੀ ਵੱਲ ਚੜ੍ਹਾਈ ਕਰਕੇ ਗਏ ਹਨ।
ਕਿਸਾਨ ਆਗੂ ਨੇ ਇਹ ਵੀ ਉਤਸ਼ਾਹਜਨਕ ਜਾਣਕਾਰੀ ਦਿੱਤੀ ਕਿ ਬਹਾਦਰਗੜ੍ਹ ਤੇ ਦਿੱਲੀ ਦੇ ਲੋਕ ਖਾਣ-ਪੀਣ ਆਦਿ ਦੀਆਂ ਵਸਤਾਂ ਤੋਂ ਇਲਾਵਾ ਕੰਬਲ ਵੀ ਕਿਸਾਨਾਂ ਵਿੱਚ ਵੰਡ ਕੇ ਉਨ੍ਹਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰ ਰਹੇ ਹਨ। ਉਨ੍ਹਾ ਕਿਹਾ ਕਿ ਦਿੱਲੀ ਨੂੰ ਜਾਂਦਿਆਂ ਹਰਿਆਣਾ ਵਿੱਚ ਦੀ ਗੁਜ਼ਰ ਰਹੇ ਹਰਿਆਣਾ ਦੇ ਕਿਸਾਨਾਂ ਅਤੇ ਆਮ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਖਾਣ-ਪੀਣ ਦੀਆਂ ਵਸਤਾਂ ਭੇਟ ਕੀਤੀਆਂ ਗਈਆਂ। ਉਨ੍ਹਾ ਕਿਹਾ ਕਿ ਦਿੱਲੀ ਯੂਨੀਵਰਸਿਟੀ ਆਦਿ ਦੇ ਵਿਦਿਆਰਥੀ ਮੁੰਡੇ-ਕੁੜੀਆਂ ਗਰੁੱਪ ਬਣਾ ਕੇ ਜਾਮ ਵਿੱਚ ਜੁੜੇ ਕਿਸਾਨਾਂ ਨਾਲ ਆਪਣੀ ਹਮਾਇਤ ਦਾ ਪ੍ਰਗਟਾਵਾ ਕਰ ਰਹੇ ਹਨ। ਸ੍ਰੀ ਅਰਸ਼ੀ ਨੇ ਕਿਹਾ ਕਿ ਕੇਦਰ ਦੀ ਮੋਦੀ ਸਰਕਾਰ ਨੂੰ ਕਿਸਾਨਾਂ ਨੇ ਚਾਰੇ ਪਾਸੇ ਤੋਂ ਘੇਰਾ ਪਾ ਲਿਆ ਹੈ, ਜਿਸ ਵਿੱਚ ਨਿਕਲਣ ਲਈ ਉਹ ਕਈ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ। ਉਨ੍ਹਾ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਕਿਸਾਨ ਸੰਘਰਸ਼ ਵਿੱਚ ਡਟਣ ਲਈ ਬਜ਼ਿੱਦ ਹਨ, ਜਿਸ ਦੇ ਸਿੱਟੇ ਵਜੋਂ ਮੋਦੀ ਸਰਕਾਰ ਨੂੰ ਝੁਕਣਾ ਪਵੇਗਾ ਅਤੇ ਜਲਦ ਹੀ ਗੱਲਬਾਤ ਸ਼ੁਰੂ ਕਰਨੀ ਪਵੇਗੀ। ਇਸ ਦੌਰਾਨ ਉਨ੍ਹਾ ਨਾਲ ਮੌਜੂਦ ਸੀਨੀਅਰ ਆਗੂ ਕ੍ਰਿਸ਼ਨ ਚੌਹਾਨ ਅਤੇ ਸੀਤ ਰਾਮ ਗੋਬਿੰਦਪੁਰਾ ਨੇ ਦੱਸਿਆ ਕਿ ਕਿਸਾਨਾਂ ਵਿੱਚ ਸਰਕਾਰ ਦੇ ਪਾਲਤੂ ਗੋਦੀ ਮੀਡੀਆ ਪ੍ਰਤੀ ਗੁੱਸਾ ਪਾਇਆ ਜਾ ਰਿਹਾ ਹੈ, ਕਿਉਂਕਿ ਇਹ ਮੀਡੀਆ ਕਿਸਾਨੀ ਸੰਘਰਸ਼ ਨੂੰ ਨਾ ਕੇਵਲ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਰਹੇ, ਬਲਕਿ ਗੁੰਮਰਾਹਪੂਰਨ ਤੇ ਤੱਥਾਂ ਰਹਿਤ ਪ੍ਰਚਾਰ ਕਰਕੇ ਕਿਸਾਨੀ ਸੰਘਰਸ਼ ਦਾ ਅਕਸ ਖ਼ਰਾਬ ਕਰਨ ਲਈ ਯਤਨਸ਼ੀਲ ਹੈ।