ਝੱਜਰ : ਟਿੱਕਰੀ ਸਰਹੱਦ 'ਤੇ ਕਿਸਾਨਾਂ ਦੇ ਪ੍ਰੋਟੈੱਸਟ ਵਿਚ ਸ਼ਾਮਲ ਹੋਣ ਜਾ ਰਹੇ 65 ਸਾਲਾ ਮਕੈਨਿਕ ਦੀ ਸ਼ਨੀਵਾਰ ਰਾਤ ਉਸ ਦੀ ਕਾਰ ਨੂੰ ਅੱਗ ਫੜ ਜਾਣ ਕਾਰਨ ਮੌਤ ਹੋ ਗਈ। ਉਸ ਦੀ ਪਛਾਣ ਧਨੌਲਾ ਦੇ ਜਨਕ ਰਾਜ ਵਜੋਂ ਹੋਈ ਹੈ। ਹਾਦਸਾ ਬਹਾਦਰਗੜ੍ਹ ਦੇ ਨਜ਼ਫਗੜ੍ਹ ਰੋਡ ਫਲਾਈਓਵਰ ਵਿਖੇ ਵਾਪਰਿਆ। ਜਨਕ ਰਾਜ ਸਾਥੀਆਂ ਸਣੇ ਉਥੇ ਰਾਤ ਨੂੰ ਸੁੱਤਾ ਪਿਆ ਸੀ। ਐੱਸ ਪੀ ਰਾਜੇਸ਼ ਦੁੱਗਲ ਮੁਤਾਬਕ ਕਿਸਾਨਾਂ ਨੇ ਉਨ੍ਹਾ ਨੂੰ ਦੱਸਿਆ ਕਿ ਟਰੈਕਟਰ ਦੀ ਮੁਰੰਮਤ ਕਰਨ ਖਾਤਰ ਉਹ ਰਾਤ ਸਾਢੇ 11 ਵਜੇ ਉਥੇ ਰੁਕ ਗਏ ਸਨ। ਜਨਕ ਰਾਜ ਕਾਰ ਵਿਚ ਸੌਂ ਗਿਆ ਤੇ ਕਰੀਬ ਡੇਢ ਵਜੇ ਕਾਰ ਨੂੰ ਅੱਗ ਲੱਗ ਗਈ ਤੇ ਉਹ ਅੰਦਰ ਹੀ ਰਹਿ ਗਿਆ। ਉਸ ਦੇ ਦੋਸਤਾਂ ਹਰਪ੍ਰੀਤ, ਗੁਰਪ੍ਰੀਤ ਤੇ ਗੁਰਜੰਟ ਨੇ ਉਸ ਨੂੰ ਬਚਾਉਣ ਦੀ ਬਥੇਰੀ ਕੋਸ਼ਿਸ਼ ਕੀਤੀ, ਪਰ ਸਫਲ ਨਹੀਂ ਹੋ ਸਕੇ। ਪੁਲਸ ਮੁਤਾਬਕ ਸ਼ਾਰਟ-ਸਰਕਟ ਨਾਲ ਕਾਰ ਨੂੰ ਅੱਗ ਲੱਗੀ। ਕਿਸਾਨਾਂ ਦਾ ਕਹਿਣਾ ਸੀ ਕਿ ਉਹ ਇਸ ਕਰਕੇ ਆਇਆ ਸੀ ਕਿ ਟਰੈਕਟਰ ਆਦਿ ਖਰਾਬ ਹੋਣ 'ਤੇ ਮੁਰੰਮਤ ਕਰਕੇ ਉਹ ਕਿਸਾਨ ਅੰਦੋਲਨ ਵਿਚ ਹਿੱਸਾ ਪਾ ਸਕੇ। ਇਸ ਤੋਂ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਇਕ ਕਿਸਾਨ ਦੀ ਹਰਿਆਣਾ ਵਿਚ ਟਰਾਲਾ ਟਰੈਕਟਰ ਵਿਚ ਵੱਜਣ ਨਾਲ ਮੌਤ ਹੋ ਗਈ ਸੀ।