Latest News
ਟਿਕੈਤ ਹੁੱਕਾ ਗੁੜਗੁੜਾਉਂਦਾ ਸੀ ਤਾਂ ਹਿੱਲਣ ਲੱਗਦੀਆਂ ਸਨ ਸਰਕਾਰਾਂ

Published on 01 Dec, 2020 10:31 AM.


ਨਵੀਂ ਦਿੱਲੀ : ਨਵੇਂ ਖੇਤੀ ਕਾਨੂੰਨ ਦੇ ਵਿਰੋਧ 'ਚ ਪੰਜਾਬ-ਹਰਿਆਣਾ ਦੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਉਹ ਇਸ ਸਮੇਂ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ 'ਤੇ ਡਟੇ ਹੋਏ ਹਨ। ਕਿਸਾਨਾਂ ਦੇ ਜੋਸ਼ ਨੇ ਨਵੰਬਰ ਦੀ ਠੰਢ 'ਚ ਵੀ ਦਿੱਲੀ ਵਿੱਚ ਗਰਮੀ ਪੈਦਾ ਕਰ ਦਿੱਤੀ ਹੈ। 32 ਸਾਲ ਪਹਿਲਾਂ ਵੀ ਦਿੱਲੀ 'ਚ ਇਸ ਤਰ੍ਹਾਂ ਦਾ ਨਜ਼ਾਰਾ ਸੀ, ਜਦ ਕਿਸਾਨ ਦਿੱਲੀ ਦੇ ਬੋਟ ਕਲੱਬ 'ਚ ਇਕੱਠੇ ਹੋਏ ਸਨ। ਉਹ ਸਮਾਂ ਸੀ ਕਿਸਾਨ ਆਗੂ ਮਹਿੰਦਰ ਸਿੰਘ ਟਿਕੈਤ ਦਾ, ਜਿਸ ਦੀ ਅਗਵਾਈ 'ਚ 5 ਲੱਖ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੇ ਬੋਟ ਕਲੱਬ 'ਚ ਰੈਲੀ ਕੀਤੀ ਸੀ।
ਜਦ ਜਦ ਕਿਸਾਨੀ ਅੰਦੋਲਨ ਦੀ ਗੱਲ ਹੁੰਦੀ ਹੈ ਤਾਂ ਕਿਸਾਨ ਨੇਤਾ ਮਹਿੰਦਰ ਸਿੰਘ ਟਿਕੈਤ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਉਨ੍ਹਾ ਦਾ ਅੰਦਾਜ਼ ਠੇਠ ਪੇਂਡੂ ਗਵੱਈਏ ਵਾਲਾ ਸੀ, ਜੋ ਅੰਦੋਲਨ ਦੌਰਾਨ ਮੰਚ 'ਤੇ ਨਹੀਂ, ਬਲਕਿ ਹੁੱਕਾ ਗੁੜਗੁੜਾਉਂਦੇ ਹੋਏ ਕਿਸਾਨਾਂ ਦੇ ਵਿਚਾਲੇ ਬੈਠ ਜਾਂਦੇ ਸਨ। ਇੱਕ ਸਮਾਂ ਇਹ ਵੀ ਆਇਆ, ਜਦ ਉਨ੍ਹਾਂ ਦੀ ਅਗਵਾਈ 'ਚ ਅੰਦੋਲਨ ਨਾਲ ਸੱਤਾਧਾਰੀ ਦਲ ਨੂੰ ਆਪਣੀ ਰੈਲੀ ਦਾ ਸਥਾਨ ਬਦਲਣਾ ਪਿਆ। ਟਿਕੈਤ ਨੂੰ ਕਿਸਾਨਾਂ ਦਾ ਮਸੀਹਾ ਕਿਹਾ ਜਾਂਦਾ ਸੀ। ਕਿਸਾਨਾਂ ਵਿਚਾਲੇ ਉਹ 'ਬਾਬਾ ਟਿਕੈਤ' ਕਹਿਲਾਉਂਦੇ ਸਨ। ਕਿਸਾਨਾਂ 'ਚ ਉਹ ਇਸ ਤਰ੍ਹਾਂ ਮਸ਼ਹੂਰ ਸਨ ਕਿ ਉਨ੍ਹਾ ਦੀ ਇੱਕ ਅਵਾਜ਼ 'ਤੇ ਲੱਖਾਂ ਕਿਸਾਨ ਇਕੱਠੇ ਹੋ ਜਾਂਦੇ ਸਨ। ਉਸ ਸਮੇਂ ਵੀ ਦਿੱਲੀ 'ਚ ਇਸ ਤਰ੍ਹਾਂ ਹੀ ਹੋਇਆ ਸੀ। 25 ਅਕਤੂਬਰ 1988 ਨੂੰ ਮਹਿੰਦਰ ਸਿੰਘ ਟਿਕੈਤ ਦੀ ਅਗਵਾਈ 'ਚ ਦਿੱਲੀ ਦੇ ਬੋਟ ਕਲੱਬ 'ਚ ਕਿਸਾਨਾਂ ਦੀ ਰੈਲੀ ਲਈ ਤਿਆਰੀ ਸੀ। ਬਿਜਲੀ, ਸਿੰਚਾਈ ਦੀਆਂ ਦਰਾਂ ਘਟਾਉਣ ਅਤੇ ਫਸਲ ਦੇ ਸਹੀ ਮੁੱਲ ਸਮੇਤ ਹੋਰ ਕਈ ਮੰਗਾਂ ਨੂੰ ਲੈ ਕੇ ਪੱਛਮੀ ਯੂ ਪੀ ਤੋਂ ਵੱਡੀ ਗਿਣਤੀ 'ਚ ਕਿਸਾਨ ਦਿੱਲੀ ਪਹੁੰਚ ਰਹੇ ਸਨ। ਪ੍ਰਸ਼ਾਸਨ ਨੇ ਕਿਸਾਨਾਂ ਨੂੰ ਰੋਕਣ ਲਈ ਪੁਲਸ ਬਲ ਦਾ ਇਸਤੇਮਾਲ ਕੀਤਾ। ਲੋਨੀ ਬਾਰਡਰ 'ਤੇ ਕਿਸਾਨਾਂ ਨੂੰ ਰੋਕਣ ਲਈ ਪੁਲਸ ਨੇ ਫਾਇਰਿੰਗ ਵੀ ਕਰ ਦਿੱਤੀ ਸੀ, ਜਿਸ 'ਚ ਦੋ ਕਿਸਾਨ ਰਾਜਿੰਦਰ ਸਿੰਘ ਅਤੇ ਭੂਪ ਸਿੰਘ ਦੀ ਮੌਤ ਹੋ ਗਈ। ਪੁਲਸ ਦੀ ਕਾਫ਼ੀ ਥੂ-ਥੂ ਹੋਈ। ਬਾਵਜੂਦ ਇਸ ਦੇ ਉਨ੍ਹਾਂ ਨੂੰ ਦਿੱਲੀ 'ਚ ਜਾਣ ਲਈ ਕੋਈ ਰੋਕ ਨਹੀਂ ਸਕਿਆ। ਦੱਸਿਆ ਜਾਂਦਾ ਹੈ ਕਿ ਕਰੀਬ 14 ਸੂਬਿਆਂ ਦੇ 5 ਲੱਖ ਕਿਸਾਨਾਂ ਨੇ ਉਸ ਸਮੇਂ ਦਿੱਲੀ 'ਚ ਡੇਰਾ ਲਾਇਆ ਸੀ। ਕਿਸਾਨਾਂ ਦੇ ਸਮੂਹ ਨੇ ਵਿਜੈ ਚੌਕ ਤੋਂ ਲੈ ਕੇ ਇੰਡੀਆ ਗੇਟ ਤੱਕ ਕਬਜ਼ਾ ਕਰ ਲਿਆ ਸੀ ਤੇ ਪੂਰੀ ਦਿੱਲੀ ਠੱਪ ਹੋ ਗਈ ਸੀ। ਕਿਸਾਨਾਂ ਨੇ ਆਪਣੇ ਟਰੈਕਟਰ ਅਤੇ ਬੈਲ ਗੱਡੀਆਂ ਵੀ ਬੋਟ ਕਲੱਬ 'ਚ ਖੜੇ ਕਰ ਦਿੱਤੇ ਸਨ। ਉਸ ਸਮੇਂ ਬੋਟ ਕਲੱਬ 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ ਲਈ ਤਿਆਰੀਆਂ ਚੱਲ ਰਹੀਆਂ ਸਨ। ਮੰਚ ਬਣਾਇਆ ਜਾ ਰਿਹਾ ਸੀ ਤਾਂ ਕਿਸਾਨ ਉਸੇ ਮੰਚ 'ਤੇ ਬੈਠ ਗਏ। ਉਦੋਂ ਟਿਕੈਤ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਸਰਕਾਰ ਉਨ੍ਹਾ ਦੀ ਗੱਲ ਨਹੀਂ ਸੁਣ ਰਹੀ, ਇਸ ਲਈ ਉਹ ਇੱਥੇ ਆਏ ਹਨ। ਟਿਕੈਤ ਨੇ ਕਿਸਾਨਾਂ ਦੇ ਨਾਲ ਉਥੇ 7 ਦਿਨ ਤੱਕ ਧਰਨਾ ਦਿੱਤਾ ਸੀ।
ਟਿਕੈਤ ਦੀ ਅਗਵਾਈ 'ਚ 12 ਮੈਂਬਰੀ ਕਮੇਟੀ ਦਾ ਗਠਨ ਹੋਇਆ, ਜਿਸ 'ਚ ਤਤਕਾਲੀਨ ਰਾਸ਼ਟਰਪਤੀ ਅਤੇ ਲੋਕ ਸਭਾ ਸਪੀਕਰ ਨਾਲ ਮੁਲਾਕਾਤ ਕੀਤੀ, ਪਰ ਕੋਈ ਫੈਸਲਾ ਨਹੀਂ ਹੋ ਸਕਿਆ। ਪ੍ਰਦਰਸ਼ਨ ਸਥਾਨ ਤੋਂ ਕਿਸਾਨਾਂ ਨੂੰ ਹਟਾਉਣ ਲਈ ਪੁਲਸ ਨੇ 30 ਅਕਤੂਬਰ 1988 ਦੀ ਰਾਤ ਉਨ੍ਹਾਂ 'ਤੇ ਲਾਠੀਚਾਰਜ ਕਰ ਦਿੱਤਾ ਗਿਆ।
ਕਿਸਾਨ ਫਿਰ ਵੀ ਨਹੀਂ ਹਟੇ। ਕਿਸਾਨ ਦੇ ਪ੍ਰਦਰਸ਼ਨ ਦੇ ਚਲਦੇ ਕਾਂਗਰਸ ਨੂੰ ਇੰਦਰਾ ਗਾਂਧੀ ਦੀ ਬਰਸੀ ਦੀ ਰੈਲੀ ਦਾ ਸਥਾਨ ਬਦਲਣਾ ਪਿਆ। ਕਾਂਗਰਸ ਨੇ ਬੋਟ ਕਲੱਬ ਦੀ ਬਜਾਏ ਲਾਲ ਕਿਲ੍ਹਾ ਦੇ ਪਿੱਛੇ ਵਾਲੇ ਮੈਦਾਨ 'ਚ ਰੈਲੀ ਕੀਤੀ ਸੀ। ਉਦੋਂ ਟਿਕੈਤ ਨੇ ਰਾਜੀਵ ਸਰਕਾਰ 'ਤੇ ਭੜਕਦੇ ਹੋਏ ਕਿਹਾ ਸੀ, 'ਪ੍ਰਧਾਨ ਮੰਤਰੀ ਨੇ ਦੁਸ਼ਮਣ ਵਰਗਾ ਵਿਹਾਰ ਕੀਤਾ ਹੈ। ਕਿਸਾਨਾਂ ਦੀ ਨਾਰਾਜ਼ਗੀ ਉਨ੍ਹਾ ਨੂੰ ਸਸਤੀ ਨਹੀਂ ਪਵੇਗੀ।' ਆਖਰਕਾਰ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਅੱਗੇ ਝੁਕਣਾ ਪਿਆ। ਰਾਜੀਵ ਨੇ ਭਾਰਤੀ ਕਿਸਾਨ ਯੂਨੀਅਨ ਦੀਆਂ ਸਾਰੀਆਂ ਮੰਗਾਂ 'ਤੇ ਫੈਸਲਾ ਲੈਣ ਲਈ ਭਰੋਸਾ ਦੇਣ 'ਤੇ ਬੋਟ ਕਲੱਬ ਦਾ ਧਰਨਾ 31 ਅਕਤੂਬਰ 1988 ਨੂੰ ਖ਼ਤਮ ਹੋਇਆ। ਕਹਿੰਦੇ ਹਨ ਕਿ ਇਸ ਅੰਦੋਲਨ ਤੋਂ ਟਿਕੈਤ ਨੇ ਉਹ ਕੱਦ ਹਾਸਲ ਕਰ ਲਿਆ ਕਿ ਪ੍ਰਧਾਨ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਵੀ ਉਨ੍ਹਾ ਅੱਗੇ ਝੁਕਣ ਲੱਗੇ।

187 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper