Latest News
ਕਿਸਾਨ ਅੰਦੋਲਨ ਨੇ ਵਧਾਈ ਚੌਟਾਲਿਆਂ ਦੀ ਘਬਰਾਹਟ

Published on 01 Dec, 2020 10:34 AM.


ਚੰਡੀਗੜ੍ਹ : ਹਰਿਆਣਾ ਦੀ ਖੱਟਰ ਸਰਕਾਰ ਵਿਚ ਸ਼ਾਮਲ ਜਨਨਾਇਕ ਜਨਤਾ ਪਾਰਟੀ ਦੇ ਸੀਨੀਅਰ ਆਗੂ ਦਿਗਵਿਜੇ ਚੌਟਾਲਾ ਨੇ ਕਿਹਾ ਕਿ ਉਹ ਕਿਸਾਨਾਂ ਦੀ ਕੇਂਦਰ ਨਾਲ ਗੱਲਬਾਤ ਦੇ ਨਤੀਜੇ ਤੋਂ ਬਾਅਦ ਫੈਸਲਾ ਕਰਨਗੇ ਕਿ ਕੀ ਕਰਨਾ ਹੈ। ਇਸਤੋਂ ਪਹਿਲਾਂ ਪਾਰਟੀ ਦੇ ਕੌਮੀ ਪ੍ਰਧਾਨ ਅਜੇ ਚੌਟਾਲਾ ਨੇ ਕਿਹਾ ਸੀ ਕਿ ਕੇਂਦਰ ਨੂੰ ਇਹ ਲਿਖਤੀ ਭਰੋਸਾ ਦੇਣ ਵਿਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ ਕਿ ਫਸਲਾਂ ਦੇ ਘੱਟੋਘਟ ਇਮਦਾਦੀ ਭਾਅ ਜਾਰੀ ਰਹਿਣਗੇ।
ਕਿਸਾਨ ਅੰਦੋਲਨ ਦਾ ਸੇਕ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਵਿਚ ਸ਼ਾਮਲ ਜਨਨਾਇਕ ਜਨਤਾ ਪਾਰਟੀ (ਜੇ ਜੇ ਪੀ) ਨੂੰ ਲੱਗਣ ਲੱਗ ਪਿਆ ਹੈ। ਇਸਦੇ ਆਗੂ ਅਜੈ ਚੌਟਾਲਾ ਨੇ ਕਿਹਾ ਹੈ ਕਿ ਸਰਕਾਰ ਵੱਡੀ ਸੋਚ ਦਿਖਾ ਕੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕੱਢੇ। ਦੁਸ਼ਯੰਤ ਚੌਟਾਲਾ ਦੀ ਜੇ ਜੇ ਪੀ, ਜਿਸਨੇ ਭਾਜਪਾ ਦੀ ਸਰਕਾਰ ਬਣਾਉਣ ਵਿਚ ਮਦਦ ਕੀਤੀ, ਇਸ ਕਰਕੇ ਪ੍ਰੇਸ਼ਾਨ ਹੈ ਕਿ ਉਹ ਖੁਦ ਨੂੰ ਕਿਸਾਨਾਂ ਦਾ ਰਾਖਾ ਦਸਦੀ ਹੈ। ਦਿੱਲੀ ਜਾ ਰਹੇ ਕਿਸਾਨਾਂ ਉੱਤੇ ਪਾਣੀ ਦੀਆਂ ਬੁਛਾੜਾਂ ਮਾਰਨ ਤੇ ਹੰਝੂ ਗੈਸ ਦੇ ਗੋਲੇ ਛੱਡਣ ਕਾਰਨ ਹਰਿਆਣਾ ਸਰਕਾਰ ਦੀ ਪਹਿਲਾਂ ਹੀ ਕਾਫੀ ਨੁਕਤਾਚੀਨੀ ਹੋ ਰਹੀ ਹੈ। ਅਜੈ ਚੌਟਾਲਾ ਨੇ ਕਿਹਾ ਹੈ—ਸਰਕਾਰ ਕਿਸਾਨਾਂ ਦੇ ਮਸਲੇ ਛੇਤੀ ਤੋਂ ਛੇਤੀ ਹੱਲ ਕਰੇ। ਕਿਸਾਨਾਂ ਨੂੰ ਯਕੀਨ ਦਿਵਾਇਆ ਜਾਵੇ ਕਿ ਘੱਟੋਘਟ ਇਮਦਾਦੀ ਕੀਮਤ ਮਿਲਦੀ ਰਹੇਗੀ ਅਤੇ ਇਸਨੂੰ ਖੇਤੀ ਕਾਨੂੰਨਾਂ ਵਿਚ ਸ਼ਾਮਲ ਕੀਤਾ ਜਾਵੇਗਾ। ਦੁਖੀ ਹੋ ਕੇ ਕਿਸਾਨ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਇਆ ਹੈ।
ਹਾਲਾਂਕਿ ਚੌਟਾਲਾ ਭਰਾਵਾਂ ਦੀ ਸੁਰ ਅਜੇ ਨਰਮ ਹੈ, ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਜੋਗੀ ਰਾਮ ਸਿਹਾਗ ਨੇ ਹਾਊਸਿੰਗ ਬੋਰਡ ਦੀ ਚੇਅਰਮੈਨੀ ਦੀ ਪੇਸ਼ਕਸ਼ ਠੁਕਰਾਉਂਦਿਆਂ ਕਿਹਾ—ਹਰਿਆਣਾ ਸਰਕਾਰ ਕਿਸਾਨਾਂ ਨਾਲ ਦਹਿਸ਼ਤਗਰਦਾਂ ਵਾਂਗ ਨਿਬੜ ਰਹੀ ਹੈ। ਇਹ ਨਾ ਸਿਰਫ ਬੇਇਨਸਾਫੀ ਹੈ ਸਗੋਂ ਬੇਕਸੂਰ ਕਿਸਾਨਾਂ 'ਤੇ ਜ਼ੁਲਮ ਹੈ। ਭਾਜਪਾ ਇਸ ਮੁੱਦੇ 'ਤੇ ਅਕਾਲੀ ਦਲ (ਬਾਦਲ) ਦਾ ਸਾਥ ਪਹਿਲਾਂ ਹੀ ਗੁਆ ਚੁੱਕੀ ਹੈ। ਸੋਮਵਾਰ ਰਾਜਸਥਾਨ ਦੇ ਰਾਸ਼ਟਰੀ ਲੋਕਤਾਂਤਰਿਕ ਪਾਰਟੀ ਦੇ ਸੰਸਦ ਮੈਂਬਰ ਹਨੂੰਮਾਨ ਬੇਣੀਵਾਲ ਨੇ ਐਨ ਡੀ ਏ ਸਰਕਾਰ ਤੋਂ ਹਮਾਇਤ ਵਾਪਸ ਲੈ ਲੈਣ ਦੀ ਧਮਕੀ ਦਿੱਤੀ ਸੀ।
ਇਸੇ ਦਰਮਿਆਨ ਦਾਦਰੀ ਦੇ ਆਜ਼ਾਦ ਵਿਧਾਇਕ ਸੋਮਬੀਰ ਸਾਂਗਵਾਨ ਨੇ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਮੰਗਲਵਾਰ ਹਰਿਆਣਾ ਦੀ ਬੀ ਜੇ ਪੀ-ਜੇ ਜੇ ਪੀ ਸਰਕਾਰ ਤੋਂ ਹਮਾਇਤ ਵਾਪਸ ਲੈ ਲਈ। ਉਨ੍ਹਾ ਸੋਮਵਾਰ ਹਰਿਆਣਾ ਪਸ਼ੂਧਨ ਵਿਕਾਸ ਬੋਰਡ ਦੀ ਚੇਅਰਮੈਨੀ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾ ਕਿਹਾ ਕਿ ਕਿਸਾਨਾਂ ਉੱਤੇ ਢਾਹੇ ਜਾ ਰਹੇ ਜ਼ੁਲਮਾਂ ਕਾਰਨ ਉਹ ਸਰਕਾਰ ਨਾਲ ਨਹੀਂ ਰਹਿ ਸਕਦੇ। ਹਰਿਆਣਾ ਅਸੰਬਲੀ ਚੋਣਾਂ ਵਿਚ 7 ਆਜ਼ਾਦ ਵਿਧਾਇਕ ਜਿੱਤੇ ਸਨ। ਇਨ੍ਹਾਂ ਵਿਚੋਂ ਰਣਜੀਤ ਸਿੰਘ ਚੌਟਾਲਾ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਸੀ ਜਦਕਿ ਸੋਮਬੀਰ ਸਮੇਤ ਚਾਰ ਹੋਰ ਵਿਧਾਇਕਾਂ ਨੂੰ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਬਣਾਇਆ ਗਿਆ ਸੀ। ਦੁਸ਼ਯੰਤ ਚੌਟਾਲਾ ਦੀ ਅਗਵਾਈ ਵਾਲੀ ਜੇ ਜੇ ਪੀ ਦੇ 10 ਵਿਧਾਇਕ ਹਨ ਤੇ ਉਹ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਸਰਕਾਰ ਦਾ ਹਿੱਸਾ ਹੈ।
ਸੋਮਬੀਰ ਸਾਂਗਵਾਨ ਨੇ ਪਹਿਲਾਂ ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ ਸੀ ਤੇ ਅਸੰਬਲੀ ਵਿਚ ਵੀ ਇਸਦੇ ਹੱਕ ਵਿਚ ਬੋਲੇ ਸਨ। ਪਰ ਬਾਅਦ ਵਿਚ ਕਿਸਾਨ ਅੰਦੋਲਨ ਨੂੰ ਦੇਖਦਿਆਂ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਖੜ੍ਹਨਗੇ। ਸਾਂਗਵਾਨ, ਜੋ ਕਿ ਸਾਂਗਵਾਨ ਖਾਪ ਦੇ ਪ੍ਰਧਾਨ ਵੀ ਹਨ, ਦੋ ਦਿਨ ਪਹਿਲਾਂ ਰੋਹਤਕ ਵਿਚ ਸਾਰੀਆਂ ਖਾਪ ਪੰਚਾਇਤਾਂ ਦੀ ਮੀਟਿੰਗ ਵਿਚ ਹਿੱਸਾ ਲਿਆ ਸੀ, ਜਿਸ ਵਿਚ ਕਿਸਾਨ ਅੰਦੋਲਨ ਦੀ ਪੁਰਜ਼ੋਰ ਹਮਾਇਤ ਕੀਤੀ ਗਈ ਸੀ। ਸਾਂਗਵਾਨ ਨੇ ਮੰਗਲਵਾਰ ਦਾਦਰੀ ਵਿਚ ਮੀਟਿੰਗ ਕੀਤੀ। ਹਿਸਾਰ, ਭਿਵਾਨੀ ਤੇ ਜੀਂਦ ਜ਼ਿਲ੍ਹਿਆਂ ਵਿਚੋਂ ਮੰਗਲਵਾਰ ਵੀ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਜਾਰੀ ਰੱਖਿਆ।

265 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper