Latest News
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮੀਟਿੰਗ ਦਾ ਬਾਈਕਾਟ

Published on 01 Dec, 2020 10:37 AM.


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਨਾਲ ਮੀਟਿੰਗ ਵਿਚ ਇਹ ਕਹਿ ਕੇ ਹਿੱਸਾ ਨਹੀਂ ਲਿਆ ਕਿ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਨਹੀਂ ਸੱਦੇ ਗਏ। ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ—ਸਾਰੀਆਂ ਜਥੇਬੰਦੀਆਂ ਦੀ ਕਮੇਟੀ ਨੂੰ ਗੱਲਬਾਤ ਲਈ ਨਹੀਂ ਸੱਦਿਆ ਗਿਆ। ਇਸਤੋਂ ਇਲਾਵਾ ਪ੍ਰਧਾਨ ਮੰਤਰੀ ਖੁਦ ਮੀਟਿੰਗ ਨਹੀਂ ਕਰ ਰਹੇ। ਇਸ ਕਰਕੇ ਉਹ ਮੀਟਿੰਗ ਵਿਚ ਨਹੀਂ ਜਾ ਰਹੇ। ਸਰਕਾਰ ਸਭ ਨੂੰ ਨਾ ਸੱਦ ਕੇ ਅੰਦੋਲਨਕਾਰੀ ਕਿਸਾਨਾਂ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੇ ਪੰਜਾਬ ਦੀਆਂ 32 ਜਥੇਬੰਦੀਆਂ ਨੂੰ ਗੱਲਬਾਤ ਲਈ ਸੱਦਿਆ ਗਿਆ ਤਾਂ ਕਰੀਬ 500 ਜਥੇਬੰਦੀਆਂ ਦੀ ਨੁਮਾਇੰਦਗੀ ਕਰਨ ਵਾਲੀ ਕਮੇਟੀ ਨੂੰ ਵੀ ਸੱਦਿਆ ਜਾਣਾ ਚਾਹੀਦਾ ਸੀ। ਜੇ ਅਸੀਂ ਮੀਟਿੰਗ ਵਿਚ ਸ਼ਾਮਲ ਹੁੰਦੇ ਤਾਂ ਇਹ ਪ੍ਰਭਾਵ ਜਾਣਾ ਸੀ ਕਿ ਅੰਦੋਲਨ ਸਿਰਫ ਪੰਜਾਬ ਵਿਚ ਹੀ ਹੋ ਰਿਹਾ ਹੈ। ਦੋਹਾਂ ਆਗੂਆਂ ਨੇ ਪ੍ਰਧਾਨ ਮੰਤਰੀ ਵੱਲੋਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਹਿੱਤ ਵਿਚ ਦੱਸਣ ਸੰਬੰਧੀ ਕਿਹਾ ਕਿ ਜੇ ਪ੍ਰਧਾਨ ਮੰਤਰੀ ਮੀਟਿੰਗ ਤੋਂ ਪਹਿਲਾਂ ਹੀ ਫੈਸਲਾ ਸੁਣਾ ਰਹੇ ਹਨ ਤਾਂ ਕੋਈ ਮੰਤਰੀ ਪ੍ਰਧਾਨ ਮੰਤਰੀ ਦੇ ਖਿਲਾਫ ਜਾ ਕੇ ਫੈਸਲਾ ਨਹੀਂ ਕਰ ਸਕੇਗਾ।
ਸੂਬਾ ਆਗੂ ਜਸਬੀਰ ਸਿੰਘ ਪਿੱਦੀ, ਸੁਖਵਿੰਦਰ ਸਿੰਘ ਸਭਰਾ, ਲਖਵਿੰਦਰ ਸਿੰਘ ਵਰਿਆਮ ਦੀ ਅਗਵਾਈ ਵਿੱਚ ਦਿੱਲੀ ਦੇ ਕੁੰਡਲੀ ਬਾਰਡਰ 'ਤੇ ਮੋਰਚਾ ਜਾਰੀ ਹੈ। ਮੋਰਚੇ ਵਿੱਚ ਵੀ ਮੀਟਿੰਗ ਵਿੱਚ ਨਾ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਮੰਗਲਵਾਰ ਰੇਲ ਰੋਕੋ ਅੰਦੋਲਨ ਨੂੰ ਜੰਡਿਆਲਾ ਗੁਰੂ ਵਿਖੇ 70ਵੇਂ ਦਿਨ ਸੰਬੋਧਨ ਕਰਦਿਆਂ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਇਹ ਅੰਦੋਲਨ ਖੇਤੀ ਬਿੱਲ ਰੱਦ ਕਰਾਉਣ ਤੱਕ ਜਾਰੀ ਰਹੇਗਾ। ਕਿਸਾਨਾਂ-ਮਜ਼ਦੂਰਾਂ ਨੂੰ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਕਿ 11 ਦਸੰਬਰ ਨੂੰ ਕਿਸਾਨਾਂ-ਮਜ਼ਦੂਰਾਂ ਦੇ ਵੱਡੇ ਜਥੇ ਹਜ਼ਾਰਾਂ ਟਰੈਕਟਰ-ਟਰਾਲੀਆਂ 'ਤੇ ਫਿਰੋਜ਼ਪੁਰ ਤੋਂ ਰਵਾਨਾ ਹੋਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਜਾਮ ਕਰਨਾ ਕੋਈ ਅਣਖ ਦਾ ਸਵਾਲ ਨਹੀਂ, ਪਰ ਲੋਕਤੰਤਰ ਵਿੱਚ ਮੰਗਾਂ ਮਨਾਉਣ ਲਈ ਅੰਦੋਲਨ ਦਾ ਇੱਕ ਹਿੱਸਾ ਹੈ।
ਇਸ ਮੌਕੇ ਅਮੋਲਕ ਸਿੰਘ ਨਰਾਇਣਗੜ੍ਹ, ਗੁਰਪਾਲ ਸਿੰਘ ਭੰਗਵਾ, ਬਿਕਰਮ ਸਿੰਘ ਗਹਿਰੀ, ਜਰਮਨਜੀਤ ਸਿੰਘ ਬੰਡਾਲਾ, ਕਿਰਪਾਲ ਸਿੰਘ ਕਲੇਰ, ਪ੍ਰਤਾਪ ਸਿੰਘ ਹਮਜ਼ਾ, ਸੇਵਾ ਸਿੰਘ ਪੰਧੇਰ, ਗੁਰਮੀਤ ਸਿੰਘ ਵੀਰਮ, ਕੁਲਦੀਪ ਦੇਦੁਪੁਰ, ਚਰਨ ਸਿੰਘ ਕਲੇਰਘੁੰਮਾਨ, ਜੋਗਿੰਦਰ ਸਿੰਘ ਬੇਦਾਦ ਪੁਰ, ਕਰਮ ਸਿੰਘ ਬੱਲ ਸਰਾਂ, ਤਰਸੇਮ ਸਿੰਘ ਬੁਤਾਲਾ, ਮਲਕੀਤ ਸਿੰਘ ਕਾਲੇਕੇ, ਪਰਮਜੀਤ ਸਿੰਘ ਡਾਂਗਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

250 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper