ਨਵੀਂ ਦਿੱਲੀ : ਕਿਸਾਨ ਜਥੇਬੰਦੀਆਂ ਦੀ ਕੇਂਦਰੀ ਮੰਤਰੀਆਂ ਨਾਲ ਮੰਗਲਵਾਰ ਹੋਈ ਮੀਟਿੰਗ ਵਿਚ ਗੱਲ ਕਿਸੇ ਸਿਰੇ ਨਹੀਂ ਲੱਗੀ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਮੀਡੀਆ ਨੂੰ ਦੱਸਿਆ ਕਿ ਮੋਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਸਰਕਾਰ ਨੂੰ ਭੁਲੇਖਾ ਹੈ ਕਿ ਮਸਲੇ ਨੂੰ ਲਟਕਾਉਣ ਨਾਲ ਕਿਸਾਨ ਘਰਾਂ ਨੂੰ ਪਰਤ ਜਾਣਗੇ। ਉਨ੍ਹਾ ਕਿਹਾ ਕਿ ਮੀਟਿੰਗ ਵਿਚ ਖੇਤੀ ਮੰਤਰੀ ਨਰਿੰਦਰ ਤੋਮਰ ਬੇਬਸ ਨਜ਼ਰ ਆਏ ਤੇ ਉਨ੍ਹਾ ਕੋਲ ਕਿਸਾਨਾਂ ਦੇ ਸੁਆਲਾਂ ਦਾ ਕੋਈ ਜੁਆਬ ਨਹੀਂ ਸੀ। ਜਦੋਂ ਤਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੜੀ ਨਹੀਂ ਛੱਡਦੇ ਉਦੋਂ ਤਕ ਮਸਲਾ ਹੱਲ ਨਹੀਂ ਹੋਣਾ। ਕੇਂਦਰ ਨੇ ਤਿੰਨ ਦਸੰਬਰ ਨੂੰ ਫਿਰ ਮੀਟਿੰਗ ਕਰਨ ਦਾ ਸੱਦਾ ਦਿੱਤਾ ਹੈ।
ਦੱਸਿਆ ਜਾਂਦਾ ਹੈ ਕਿ ਸਰਕਾਰ ਨੇ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਤਿੰਨਾਂ ਕਾਨੂੰਨਾਂ ਉਤੇ ਵਿਚਾਰ ਲਈ ਕਮੇਟੀ/ਪੈਨਲ ਬਣਾ ਲਿਆ ਜਾਵੇ, ਜਿਸ ਲਈ ਕਿਸਾਨ ਤਿੰਨ-ਚਾਰ ਨੁਮਾਇੰਦੇ ਦੇ ਦੇਣ। ਇਸ ਵਿਚ ਖੇਤੀ ਮਾਹਰ ਵੀ ਸ਼ਾਮਲ ਹੋਣਗੇ। ਇਹ ਕਮੇਟੀ ਤੈਅ ਕਰੇਗੀ ਕਿ ਕਾਨੂੰਨ ਠੀਕ ਹਨ ਕਿ ਨਹੀਂ।
ਤੋਮਰ ਤੋਂ ਇਲਾਵਾ ਰੇਲਵੇ ਮੰਤਰੀ ਪਿਯੂਸ਼ ਗੋਇਲ ਤੇ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਸਾਨਾਂ ਨੂੰ ਕਾਨੂੰਨਾਂ ਦੀਆਂ ਖੂਬੀਆਂ ਦੱਸੀਆਂ ਪਰ ਕਿਸਾਨ ਆਗੂਆਂ ਨੇ ਸਾਫ ਕਰ ਦਿੱਤਾ ਕਿ ਉਹ ਪੈਨਲ ਲਈ ਤਿੰਨ-ਚਾਰ ਨੁਮਾਇੰਦੇ ਨਹੀਂ ਦੇਣਗੇ। ਉਨ੍ਹਾਂ ਦੇ ਸਾਰੇ ਆਗੂ ਗੱਲਬਾਤ ਕਰਨਗੇ। ਇਸੇ ਦਰਮਿਆਨ ਕਿਸਾਨ ਆਗੂਆਂ ਨੇ ਸਾਫ ਕਰ ਦਿੱਤਾ ਕਿ ਉਹ ਅੰਦੋਲਨ ਜਾਰੀ ਰਖਣਗੇ। ਇਸੇ ਦੌਰਾਨ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਦੇ ਜਥੇ ਦਿੱਲੀ ਪੁੱਜਣੇ ਜਾਰੀ ਹਨ।
ਗੱਲਬਾਤ ਪਹਿਲਾਂ ਤਿੰਨ ਦਸੰਬਰ ਨੂੰ ਹੋਣੀ ਸੀ, ਪਰ ਸੋਮਵਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਤੀ ਮੰਤਰੀ ਨਰਿੰਦਰ ਤੋਮਰ ਵਿਚਾਲੇ ਦੋ ਵਾਰ ਮੀਟਿੰਗਾਂ ਤੋਂ ਬਾਅਦ ਸਰਕਾਰ ਪਹਿਲਾਂ ਕਰਨ ਲਈ ਮਜਬੂਰ ਹੋ ਗਈ।
ਮੀਟਿੰਗ ਤੋਂ ਪਹਿਲਾਂ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਰੇਲ ਮੰਤਰੀ ਪਿਯੂਸ਼ ਗੋਇਲ ਨੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਦੇ ਘਰ ਮੀਟਿੰਗ ਕੀਤੀ। ਇਸੇ ਦੌਰਾਨ ਦੱਖਣ ਦੇ ਉੱਘੇ ਐਕਟਰ ਕਮਲ ਹਾਸਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਨਾਲ ਖੁਦ ਗੱਲ ਕਰਕੇ ਮਸਲੇ ਹੱਲ ਕਰਨੇ ਚਾਹੀਦੇ ਹਨ।
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕਰਨ ਦੀ ਸਾਜ਼ਿਸ਼ ਹੈ। ਕਿਸਾਨ ਅੰਦੋਲਨ ਦੀ ਸਫਲਤਾ ਲਈ ਦਿੱਲੀ ਦੇ ਗੁਰਦੁਆਰਿਆਂ 'ਚ ਸਵੇਰੇ ਵਿਸ਼ੇਸ਼ ਅਰਦਾਸ ਕੀਤੀ ਗਈ।