Latest News
ਆਖਰ ਜਿੱਤ ਲੋਕਾਂ ਦੀ ਹੋਵੇਗੀ

Published on 01 Dec, 2020 10:40 AM.


ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 26 ਨਵੰਬਰ ਤੋਂ ਸ਼ੁਰੂ ਕੀਤਾ ਗਿਆ ਅੰਦੋਲਨ ਇਸ ਸਮੇਂ ਸਿਖਰ 'ਤੇ ਪੁੱਜ ਚੁੱਕਾ ਹੈ। ਹੁਣ ਇਹ ਅੰਦੋਲਨ ਸਿਰਫ਼ ਕਿਸਾਨਾਂ ਦਾ ਹੀ ਨਹੀਂ, ਫਾਸ਼ੀ ਹਾਕਮਾਂ ਵਿਰੁੱਧ ਸਮੁੱਚੇ ਦੇਸ਼ ਵਾਸੀਆਂ ਦਾ ਅੰਦੋਲਨ ਬਣ ਚੁੱਕਾ ਹੈ। ਪਿਛਲੇ ਇੱਕ ਹਫ਼ਤੇ ਦੌਰਾਨ ਸਮੁੱਚੇ ਭਾਰਤ ਵਿੱਚੋਂ ਇਸ ਅੰਦੋਲਨ ਦੀ ਹਮਾਇਤ ਵਿੱਚ ਲੋਕ-ਸਮੂਹ ਜੁੜ ਗਏ ਹਨ ਤੇ ਇਹ ਕਾਫ਼ਲਾ ਲਗਾਤਾਰ ਵਧਦਾ ਜਾ ਰਿਹਾ ਹੈ। ਹਰਿਆਣਵੀ ਕਿਸਾਨ ਤਾਂ 25 ਨਵੰਬਰ ਤੋਂ ਹੀ ਪੰਜਾਬੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋ ਗਏ ਸਨ, ਹੁਣ ਸਮੁੱਚੇ ਹਰਿਆਣਵੀਆਂ ਨੇ ਹੀ ਮੈਦਾਨ ਮੱਲਣਾ ਸ਼ੁਰੂ ਕਰ ਦਿੱਤਾ ਹੈ।
ਹਰਿਆਣੇ ਦੇ ਪੇਂਡੂ ਭਾਈਚਾਰੇ ਦੇ ਵੱਡੇ ਸੰਗਠਨ ਖਾਪ ਪੰਚਾਇਤ ਨੇ ਐਲਾਨ ਕੀਤਾ ਹੈ ਕਿ ਉਹ ਇਸ ਅੰਦੋਲਨ ਵਿੱਚ ਸ਼ਾਮਲ ਹੋਣਗੇ। ਹਰਿਆਣਾ ਦੇ ਅਜ਼ਾਦ ਵਿਧਾਇਕ ਸੋਮਬੀਰ ਸਾਂਗਵਾਨ ਨੇ ਪਸ਼ੂਧਨ ਵਿਕਾਸ ਬੋਰਡ ਦੀ ਚੇਅਰਮੈਨੀ ਨੂੰ ਲੱਤ ਮਾਰ ਕੇ ਖੱਟਰ ਸਰਕਾਰ ਤੋਂ ਆਪਣੀ ਹਮਇਤ ਵਾਪਸ ਲੈ ਲਈ ਹੈ। ਲੱਖਾਂ ਕਿਸਾਨਾਂ ਨੇ ਦਿੱਲੀ ਜਾਂਦੇ 5 ਰਾਹਾਂ ਵਿੱਚੋਂ ਦੋ ਨੂੰ ਮੁਕੰਮਲ ਬੰਦ ਕੀਤਾ ਹੋਇਆ ਹੈ। ਯੂ ਪੀ ਦੀ ਰਾਕੇਸ਼ ਟਿਕੈਤ ਵਾਲੀ ਯੂਨੀਅਨ ਨੇ ਗਾਜ਼ੀਆਬਾਦ ਵਾਲਾ ਤੀਜਾ ਰਾਹ ਵੀ ਬੰਦ ਕਰ ਦਿੱਤਾ ਹੈ। ਉਨ੍ਹਾਂ ਨਾਲ ਭੀਮ ਆਰਮੀ ਦੇ ਜਵਾਨ ਵੀ ਆ ਮਿਲੇ ਹਨ। ਰਾਜਸਥਾਨ ਦੀ ਰਾਸ਼ਟਰੀ ਲੋਕਤਾਂਤਰਿਕ ਪਾਰਟੀ ਦੇ ਸਾਂਸਦ ਹਨੂੰਮਾਨ ਬੇਣੀਵਾਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਜੇਕਰ ਕਾਲੇ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਉਹ ਐੱਨ ਡੀ ਏ ਨੂੰ ਬੇਦਾਅਵਾ ਦੇ ਦੇਣਗੇ। ਦਿੱਲੀ ਤੇ ਹਰਿਆਣਾ ਦੇ ਧਰਨੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਅੰਦੋਲਨਕਾਰੀਆਂ ਲਈ ਆਪਣੇ ਬੂਹੇ ਖੋਲ੍ਹ ਦਿੱਤੇ ਹਨ। ਦਿੱਲੀ ਦੇ ਲੋਕ ਮੁਸੀਬਤਾਂ ਝੱਲਦੇ ਹੋਏ ਵੀ ਕਿਸਾਨਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ।
ਦਿੱਲੀ ਦੀਆਂ ਟਰੱਕ, ਟੈਕਸੀ ਅਤੇ ਆਟੋ ਯੂਨੀਅਨਾਂ ਨੇ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਹੈ ਕਿ ਜੇਕਰ ਦੋ ਦਿਨਾਂ ਵਿੱਚ ਉਸ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਬੇਮਿਆਦੀ ਹੜਤਾਲ ਸ਼ੁਰੂ ਕਰ ਦੇਣਗੇ। ਯੂਨੀਵਰਸਿਟੀਆਂ ਦੇ ਸਕਾਲਰਾਂ, ਵਿਦਿਆਰਥੀਆਂ, ਮੁਲਾਜ਼ਮਾਂ ਤੇ ਮਜ਼ਦੂਰਾਂ ਦੀਆਂ ਯੂਨੀਅਨਾਂ ਸਭ ਅੰਦੋਲਨਕਾਰੀਆਂ ਦੇ ਹੱਕ ਵਿੱਚ ਖੜ੍ਹੀਆਂ ਹੋ ਗਈਆਂ ਹਨ। ਦੇਸ਼ ਦੇ ਦੂਰ-ਦੁਰਾਡੇ ਦੇ ਸੂਬਿਆਂ ਤੋਂ ਵੀ ਦਿੱਲੀ ਘੇਰਨ ਲਈ ਜੱਥੇ ਪੁੱਜਣੇ ਸ਼ੁਰੂ ਹੋ ਗਏ ਹਨ। ਪੰਜਾਬ ਦੇ ਕੌਮੀ ਖਿਡਾਰੀਆਂ ਨੇ ਆਪਣੇ ਅਵਾਰਡ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਹੈ। 32 ਲੱਖ ਸਾਬਕਾ ਫੌਜੀਆਂ ਦੀ ਜਥੇਬੰਦੀ ਨੇ ਵੀ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਫੈਸਲਾ ਹੈ ਲਿਆ ਹੈ। ਪੰਜਾਬ ਦੇ ਪਿੰਡਾਂ ਵਿੱਚੋਂ ਨੌਜਵਾਨਾਂ ਦੇ ਜੱਥੇ ਹਰ ਰੋਜ਼ ਦਿੱਲੀ ਵੱਲ ਵਹੀਰਾਂ ਘੱਤ ਰਹੇ ਹਨ। ਹਰ ਵਰਗ ਜੋਸ਼ ਨਾਲ ਭਰਿਆ ਹੋਇਆ ਹੈ ਤੇ ਤਹੱਈਆ ਕਰੀ ਬੈਠਾ ਹੈ ਕਿ ਉਹ ਖੇਤੀ ਕਾਨੂੰਨਾਂ ਦੀ ਸਫ਼ ਵਲ੍ਹੇਟ ਕੇ ਹੀ ਦਮ ਲਵੇਗਾ ।
ਇਸ ਹਾਲਤ ਵਿੱਚ ਹਾਕਮਾਂ ਦਾ ਰਵੱਈਆ ਫਾਸ਼ੀ ਪੈਂਤੜਿਆਂ ਵਾਲਾ ਹੈ। ਪੰਜਾਬ ਵਿੱਚ ਦੋ ਮਹੀਨੇ ਚੱਲੇ ਸੰਘਰਸ਼ ਦੌਰਾਨ ਉਹ ਟਾਲ-ਮਟੋਲ ਕਰਦੇ ਰਹੇ ਤੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਲਾਭ ਗਿਣਾਉਂਦੇ ਰਹੇ। ਹੁਣ ਜਦੋਂ ਕਿਸਾਨਾਂ ਨੇ ਦਿੱਲੀ ਘੇਰ ਲਈ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਹਨ ਕਿ ਕਿਸਾਨਾਂ ਵਿੱਚ ਭਰਮ ਫੈਲਾਇਆ ਜਾ ਰਿਹਾ ਹੈ। ਅਸਲ ਵਿੱਚ ਨਰਿੰਦਰ ਮੋਦੀ ਆਪ ਪਿਛਲੇ 6 ਸਾਲਾਂ ਤੋਂ ਲੋਕਾਂ ਵਿੱਚ ਭਰਮ ਫੈਲਾਉਣ ਦੀ ਨੀਤੀ ਉਤੇ ਚਲਦੇ ਰਹੇ ਹਨ। ਕਦੇ ਬਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆ ਕੇ ਲੋਕਾਂ ਨੂੰ 15-15 ਲੱਖ ਵੰਡਣ ਦਾ ਭਰਮ, ਕਦੇ ਨੋਟਬੰਦੀ ਰਾਹੀਂ ਕਾਲਾ ਧਨ ਖਤਮ ਕਰਨ ਦਾ ਭਰਮ ਤੇ ਕਦੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਕੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਭਰਮ ਫੈਲਾਉਂਦੇ ਰਹੇ ਹਨ। ਨਰਿੰਦਰ ਮੋਦੀ ਦੇ ਤਾਜ਼ਾ ਭਰਮਾਊ ਬਿਆਨ ਤੋਂ ਜਾਪਦਾ ਹੈ ਕਿ ਹਾਕਮ ਹਾਲੇ ਹੋਸ਼ ਵਿੱਚ ਆਉਣ ਲਈ ਤਿਆਰ ਨਹੀਂ ਹਨ। ਇੱਕ ਪਾਸੇ ਅੰਦੋਲਨਕਾਰੀਆਂ ਨੂੰ ਗੱਲਬਾਤ ਲਈ ਸੱਦੇ ਦਿੱਤੇ ਜਾ ਰਹੇ ਹਨ, ਦੂਜੇ ਪਾਸੇ ਸਰਕਾਰਪ੍ਰਸਤ ਮੀਡੀਆ ਤੇ ਭਾਜਪਾ ਦੇ ਸੋਸ਼ਲ ਮੀਡੀਆ ਗੈਂਗ ਵੱਲੋਂ ਕਿਸਾਨਾਂ ਨੂੰ ਖਾਲਿਸਤਾਨੀ ਕਹਿ ਕੇ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਕਿਸਾਨ ਜਥੇਬੰਦੀਆਂ ਵਿੱਚ ਫੁੱਟ ਪਾਉਣ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਕੇਂਦਰੀ ਮੰਤਰੀਆਂ ਨਾਲ ਮੰਗਲਵਾਰ ਫਿਰ ਮੀਟਿੰਗ ਹੋਈ। ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਇਹ ਐਲਾਨ ਕਰਕੇ ਕਿ ਉਹ ਤਿੰਨੇ ਖੇਤੀ ਕਾਨੂੰਨਾਂ, ਪ੍ਰਸਤਾਵਤ ਬਿਜਲੀ ਬਿੱਲ ਤੇ ਪਰਾਲੀ ਸੰਬੰਧੀ ਜਾਰੀ ਫਤਵੇ ਦੀ ਵਾਪਸੀ ਤੋਂ ਬਿਨਾਂ ਪਿੱਛੇ ਹਟਣ ਲਈ ਤਿਆਰ ਨਹੀਂ, ਆਪਣਾ ਰੁਖ ਸਪੱਸ਼ਟ ਕਰ ਦਿੱਤਾ ਸੀ। ਇਸ ਹਾਲਤ ਵਿੱਚ ਹੁਣ ਗੇਂਦ ਕੇਂਦਰ ਦੇ ਪਾਲੇ ਵਿੱਚ ਹੈ।
- ਚੰਦ ਫਤਿਹਪੁਰੀ

779 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper