ਚੰਡੀਗੜ੍ਹ : ਦੁਨੀਆ ਦੇ ਨਾਮਵਰ ਚੌਲ ਵਿਗਿਆਨੀ ਗੁਰਦੇਵ ਸਿੰਘ ਖੁਸ਼ ਨੇ ਕਿਹਾ ਹੈ ਕਿ ਡੈਡਲਾਕ ਖਤਮ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈ। ਉਨ੍ਹਾ 'ਦੀ ਟ੍ਰਿਬਿਊਨ' ਨਾਲ ਗੱਲਬਾਤ ਕਰਦਿਆਂ ਕਿਹਾ-ਮੈਂ ਚਿੰਤਤ ਹਾਂ। ਮੇਰੀ ਸਮਝ ਹੈ ਕਿ ਖੇਤੀ ਕਾਨੂੰਨ ਕਿਸਾਨ ਜਥੇਬੰਦੀਆਂ ਤੇ ਸੂਬਾ ਸਰਕਾਰਾਂ ਨਾਲ ਮਸ਼ਵਰਾ ਕੀਤੇ ਬਿਨਾਂ ਪਾਸ ਕੀਤੇ ਗਏ ਜਦਕਿ ਖੇਤੀ ਸੂਬਿਆਂ ਦਾ ਵਿਸ਼ਾ ਹੈ। ਕਿਸਾਨਾਂ ਦੀ ਘੱਟੋਘੱਟ ਇਮਦਾਦੀ ਭਾਅ (ਐੱਮ ਐੱਸ ਪੀ) ਤੇ ਮੰਡੀਆਂ ਜਾਰੀ ਰੱਖਣ ਦੀ ਮੰਗ ਜਾਇਜ਼ ਹੈ। ਐੱਮ ਐੱਸ ਪੀ ਤੇ ਮੰਡੀ ਦੇ ਸਿਸਟਮ ਨੇ ਪਿਛਲੇ 50 ਸਾਲ ਤੋਂ ਦੇਸ਼ ਦਾ ਭਲਾ ਕੀਤਾ, ਫਿਰ ਸਿਸਟਮ ਨੂੰ ਬਦਲਣ ਦੀ ਕੀ ਲੋੜ ਪੈ ਗਈ? ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪੜ੍ਹੇ ਤੇ ਜਲੰਧਰ ਜ਼ਿਲ੍ਹੇ ਦੇ ਪਿੰਡ ਰੁੜਕੀ ਦੇ ਖੁਸ਼, ਜਿਹੜੇ ਅੱਜਕੱਲ੍ਹ ਅਮਰੀਕਾ ਰਹਿੰਦੇ ਹਨ, ਨੇ ਅੱਗੇ ਕਿਹਾ-ਦੇਸ਼ ਭਰ ਦੇ ਕਿਸਾਨ ਨਵੇਂ ਕਾਨੂੰਨਾਂ ਤੋਂ ਨਾਖੁਸ਼ ਹਨ। ਘੋਲ ਪਹਿਲਾਂ ਪੰਜਾਬ ਦੇ ਕਿਸਾਨਾਂ ਨੇ ਸ਼ੁਰੂ ਕੀਤਾ, ਇਸ ਕਰਕੇ ਇਸ ਨੂੰ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਕਹਿ ਦਿੱਤਾ ਗਿਆ, ਪਰ ਹੁਣ ਤਾਂ ਸਾਰੇ ਦੇਸ਼ ਦੇ ਕਿਸਾਨ ਕੁੱਦ ਪਏ ਹਨ। ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਵਿਚ ਸੰਜੀਦਾ ਹੋਣਾ ਚਾਹੀਦਾ ਹੈ, ਜੋ ਕਿ ਹੁਣ ਤੱਕ ਨਜ਼ਰ ਨਹੀਂ ਆਈ। ਮਸਲਾ ਦੋਹਾਂ ਧਿਰਾਂ ਵੱਲੋਂ ਲੈ-ਦੇ ਦੇ ਆਧਾਰ ਉੱਤੇ ਹੱਲ ਹੋ ਸਕਦਾ ਹੈ।