ਨਵੀਂ ਦਿੱਲੀ : ਮਸਾਲਿਆਂ ਦੇ ਬਾਦਸ਼ਾਹ ਤੇ ਐਮ ਡੀ ਐਚ ਦੇ ਮਾਲਕ ਮਹਾਸ਼ਾ ਧਰਮਪਾਲ ਗੁਲਾਟੀ ਦਾ ਵੀਰਵਾਰ 97 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਗੁਲਾਟੀ, ਜਿਨ੍ਹਾ ਨੂੰ ਪਿਛਲੇ ਸਾਲ ਪਦਮ ਭੂਸ਼ਣ ਐਵਾਰਡ ਨਾਲ ਨਿਵਾਜਿਆ ਗਿਆ ਸੀ, ਨੇ ਮਾਤਾ ਚੰਨਣ ਦੇਵੀ ਹਸਪਤਾਲ ਵਿਚ ਆਖਰੀ ਸਾਹ ਲਏ। ਉਹ ਕੋਰੋਨਾ ਤੋਂ ਠੀਕ ਹੋ ਗਏ ਸਨ ਅਤੇ ਉਨ੍ਹਾ ਦਾ ਕੋਰੋਨਾ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦਾ ਇਲਾਜ ਚਲ ਰਿਹਾ ਸੀ। ਉਨ੍ਹਾ ਦੀ ਮੌਤ ਦਿਲ ਦੀ ਧੜਕਣ ਬੰਦ ਨਾਲ ਹੋਈ। ਸਿਆਲਕੋਟ ਵਿਚ 27 ਮਾਰਚ 1923 ਨੂੰ ਪੈਦਾ ਹੋਏ ਧਰਮਪਾਲ ਨੂੰ ਪੰਜਵੀਂ ਤੋਂ ਪਹਿਲਾਂ ਹੀ ਪੜ੍ਹਾਈ ਛੱਡਣੀ ਪਈ ਸੀ। ਰੌਲਿਆਂ ਤੋਂ ਬਾਅਦ ਭਾਰਤ ਆ ਕੇ ਉਨ੍ਹਾ ਇਥੇ ਮਸਾਲਿਆਂ ਦੀ ਹੱਟੀ ਖੋਲ੍ਹੀ ਅਤੇ ਫਿਰ ਕੰਮ ਏਨਾ ਵਧਾਇਆ ਕਿ ਦੁਨੀਆ ਵਿਚ ਉਨ੍ਹਾ ਦੇ ਮਸਾਲਿਆਂ ਦੀਆਂ ਧੁੰਮਾਂ ਪੈ ਗਈਆਂ।