ਟਿਕਰੀ ਬਾਰਡਰ ਦਿੱਲੀ : ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਰਤੀ ਲੋਕਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਅੱਗੇ ਮੋਦੀ ਸਰਕਾਰ ਨੂੰ ਝੁਕਣਾ ਪਵੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਦਿੱਲੀ ਦੇ ਟਿਕਰੀ ਬਾਰਡਰ 'ਤੇ ਜੁੜੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾ ਕਿਹਾ ਕਿ ਆਜ਼ਾਦੀ ਉਪਰੰਤ ਸਭ ਤੋਂ ਵੱਡਾ ਅੰਦੋਲਨ ਹੈ ਤੇ ਪੂਰੀ ਦੁਨੀਆ ਵਿੱਚ ਮੋਦੀ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਤੇ ਗਲਤ ਫੈਸਲਿਆਂ ਦੀ ਨਿੰਦਿਆ ਕੀਤੀ ਜਾ ਰਹੀ ਹੈ ਅਤੇ ਅੰਦੋਲਨ ਕਰ ਰਹੇ ਸੰਘਰਸ਼ੀ ਲੋਕਾਂ ਦੀ ਹਮਾਇਤ ਲਈ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾ ਰਿਹਾ ਹੈ। ਸਾਥੀ ਅਰਸ਼ੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿੱਤ ਵੱਲ ਵਧ ਰਹੇ ਅੰਦੋਲਨ ਨੂੰ ਕਮਜ਼ੋਰ ਅਤੇ ਤਾਰਪੀਡੋ ਕਰਨ ਲਈ ਸਰਕਾਰ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ। ਮੋਦੀ ਦੇ ਪੈਡ ਅਤੇ ਫਰਜ਼ੀ ਲੋਕ ਆਈ ਟੀ ਸੈੱਲ ਰਾਹੀਂ ਕਿਸਾਨ ਵਿਰੋਧੀ ਅਤੇ ਵੱਖਵਾਦੀ ਪ੍ਰਚਾਰ ਲਈ ਤੱਤਪਰ ਹੈ।
ਇਹੋ ਜਿਹੇ ਨਾਜ਼ੁਕ ਅਤੇ ਗਹਿਰੇ ਸੰਕਟ ਸਮੇਂ ਸੰਜਮ ਅਤੇ ਚੌਕਸੀ ਦੀ ਬਹੁਤ ਜ਼ਰੂਰਤ ਹੈ। ਉਨ੍ਹਾ ਧਰਨੇ ਦੌਰਾਨ ਸੰਘਰਸ਼ੀਆਂ ਨੂੰ ਵਧਾਈ ਦਿੱਤੀ ਅਤੇ ਏਕਤਾ ਤੇ ਸੰਘਰਸ਼ ਲਈ ਪ੍ਰੇਰਤ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੀਨੀਅਰ ਆਗੂ ਕ੍ਰਿਸ਼ਨ ਚੌਹਾਨ, ਸੀਤਾ ਰਾਮ ਗੋਬਿੰਦਪੁਰਾ, ਰੂਪ ਢਿੱਲੋਂ, ਮਲਕੀਤ ਬਖਸ਼ੀਵਾਲਾ, ਸੁਲੱਖਣ ਕਾਹਨਗੜ੍ਹ ਨੇ ਸੰਬੋਧਨ ਕੀਤਾ।