Latest News
ਮੋਦੀ ਸਰਕਾਰ ਦਾ ਅੜੀਅਲ ਵਤੀਰਾ ਵਿਗੜ ਰਹੇ ਹਾਲਾਤ ਲਈ ਜ਼ਿੰਮੇਵਾਰ : ਸੀ ਪੀ ਆਈ

Published on 03 Dec, 2020 10:59 AM.


ਲੁਧਿਆਣਾ (ਭਾਟੀਆ, ਕਥੂਰੀਆ, ਸ਼ਰਮਾ, ਸਚਦੇਵਾ)-ਪੰਜਾਬ ਸੀ ਪੀ ਆਈ ਨੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਮੰਗਾਂ ਪ੍ਰਤੀ ਅਪਣਾਏ ਗਏ ਅੜੀਅਲ ਵਤੀਰੇ ਦੀ ਭਰਪੂਰ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਆਖਿਆ ਹੈ ਕਿ ਉਹ ਦੇਸ਼ ਅੰਦਰ ਦਿਨ-ਬ-ਦਿਨ ਹਾਲਾਤ ਨੂੰ ਵਿਗਾੜ ਰਹੀ ਹੈ। ਇਥੇ ਪਾਰਟੀ ਦਫਤਰ ਵਿਚ ਪੰਜਾਬ ਸੀ ਪੀ ਆਈ ਦੀ ਵਧਾਈ ਹੋਈ ਐਗਜ਼ੈਕਟਿਵ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਪਾਰਟੀ ਦੇ ਵੈਟਰਨ ਲੀਡਰ ਡਾਕਟਰ ਜੋਗਿੰਦਰ ਦਿਆਲ ਨੇ ਕੀਤੀ। ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਸੂਬਾ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਅੰਨ-ਦਾਤੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾਪੂਰਵਕ ਹੱਲ ਕਰਨ ਦੀ ਬਜਾਏ ਇਸ ਨੂੰ ਮੀਟਿੰਗਾਂ ਰਾਹੀਂ ਹੀ ਲਗਾਤਾਰ ਲਮਕਾ ਕੇ ਅਤੇ ਆਪਣੇ ਗੋਦੀ ਮੀਡੀਆ ਰਾਹੀਂ ਖਾਲਿਸਤਾਨੀ ਪ੍ਰੇਰਿਤ ਕਹਿ ਕੇ ਭੰਡੀ-ਪ੍ਰਚਾਰ ਅਤੇ ਬਦਨਾਮ ਕਰਨ ਵਿਚ ਰੁੱਝੀ ਹੋਈ ਹੈ, ਜਿਸ ਨਾਲ ਹਾਲਾਤ ਦਿਨ-ਬ-ਦਿਨ ਗੰਭੀਰ ਹੋ ਰਹੇ ਹਨ। ਸੀ ਪੀ ਆਈ ਨੇ ਦੋਸ਼ ਲਾਇਆ ਕਿ ਭਾਜਪਾ ਗੋਦੀ ਮੀਡੀਆ ਅਤੇ ਕੰਗਣਾ ਵਰਗੀਆਂ ਬਦਨਾਮ ਐਕਟ੍ਰੈਸਾਂ ਰਾਹੀਂ ਅੰਦੋਲਨ ਵਿਰੁੱਧ ਭੰਡੀ ਪ੍ਰਚਾਰ ਕਰ ਰਹੀ ਹੈ। ਸੀ ਪੀ ਆਈ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਕੇਂਦਰੀ ਕਾਨੂੰਨਾਂ ਦਾ ਨੋਟੀਫਿਕੇਸ਼ਨ ਕਰਕੇ ਕਿਸਾਨਾਂ ਅਤੇ ਲੋਕ ਘੋਲਾਂ ਦੇ ਪਿੱਠ ਵਿਚ ਛੁਰਾ ਮਾਰਨ ਵਾਲੀ ਗੱਲ ਕੀਤੀ ਹੈ। ਲੋਕਾਂ ਨੂੰ ਆਸ ਸੀ ਕਿ ਦਿੱਲੀ ਸਰਕਾਰ ਹੋਰਨਾਂ ਸੂਬਾਈ ਸਰਕਾਰਾਂ ਵਾਂਗ ਇਹਨਾਂ ਕਾਨੂੰਨਾਂ ਨੂੰ ਵਿਧਾਨ ਸਭਾ ਦਾ ਸਮਾਗਮ ਬੁਲਾ ਕੇ ਰੱਦ ਕਰੇਗੀ, ਪਰ ਇਸ ਦੇ ਉਲਟ ਉਸ ਨੇ ਇਹਨਾਂ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਪਾਰਟੀ ਨੇ ਕੁੱਝ ਕੁ ਦਿਨਾਂ ਵਿਚ ਹੀ 1000 ਹੋਰ ਕਿਸਾਨ ਵਲੰਟੀਅਰ ਦਿੱਲੀ ਬਾਰਡਰ 'ਤੇ ਭੇਜਣ ਦਾ ਫੈਸਲਾ ਕੀਤਾ ਹੈ, ਜੋ ਰਾਸ਼ਨ ਅਤੇ ਫੰਡ ਆਦਿ ਇਕੱਠਾ ਕਰਕੇ ਆਪਣੇ ਵਹੀਕਲਾਂ ਨਾਲ ਅੰਦੋਲਨ ਵਿਚ ਸ਼ਾਮਲ ਹੋਣਗੇ। ਪਾਰਟੀ ਨੇ ਜਲੰਧਰ ਵਿਖੇ 8 ਪਾਰਟੀਆਂ ਵੱਲੋਂ 29 ਨਵੰਬਰ ਦੀ ਰੈਲੀ ਦੀ ਪ੍ਰਸੰਸਾ ਕਰਦਿਆਂ ਫੈਸਲਾ ਕੀਤਾ ਹੈ ਕਿ ਪਾਰਟੀ ਜ਼ਿਲ੍ਹਿਆਂ ਵਿਚ ਤਹਿਸੀਲ ਅਤੇ ਪਿੰਡ ਪੱਧਰ ਤੱਕ ਇਕੱਲਿਆਂ ਵੀ ਅਤੇ ਸਾਂਝੇ ਤੌਰ 'ਤੇ ਕਿਸਾਨਾਂ ਦੇ ਹੱਕ ਵਿਚ ਪ੍ਰਚਾਰ ਕਰੇਗੀ।
ਸੀ ਪੀ ਆਈ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਸਰਕਾਰ ਦੀਆਂ ਫੁੱਟ-ਪਾਊ ਸਾਜ਼ਿਸ਼ਾਂ ਨੂੰ ਅਸਫਲ ਕਰਕੇ ਪੂਰਨ ਏਕਤਾ ਬਣਾਈ ਰੱਖਣਗੀਆਂ ਅਤੇ ਅੰਦੋਲਨ ਨੂੰ ਸਫਲ ਬਣਾਉਣਗੀਆਂ।

377 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper