Latest News
ਕੇਂਦਰ ਨੇ ਵਿਸ਼ਵਾਸਘਾਤ ਕੀਤਾ : ਬਾਦਲ, ਪਦਮ ਵਿਭੂਸ਼ਣ ਮੋੜਿਆ

Published on 03 Dec, 2020 11:01 AM.


ਚੰਡੀਗੜ੍ਹ : ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਵੀਰਵਾਰ ਅੰਦੋਲਨਕਾਰੀ ਕਿਸਾਨਾਂ ਦੇ ਹੱਕ ਵਿੱਚ ਆਪਣਾ 'ਪਦਮ ਵਿਭੂਸ਼ਣ' ਪੁਰਸਕਾਰ ਕੇਂਦਰ ਸਰਕਾਰ ਨੂੰ ਵਾਪਸ ਕਰ ਦਿੱਤਾ। ਵੱਡੇ ਬਾਦਲ ਨੇ ਆਪਣਾ ਇਹ ਵੱਕਾਰੀ ਪੁਰਸਕਾਰ ਵਾਪਸ ਕਰਦਿਆਂ ਰਾਸ਼ਟਰਪਤੀ ਨੂੰ ਲਿਖੀ ਚਿੱਠੀ ਵਿੱਚ ਕਿਹਾ ਕਿ ਭਾਰਤ ਸਰਕਾਰ ਨੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ।
ਬਾਦਲ ਨੇ ਪਹਿਲੀ ਵਾਰ ਕੇਂਦਰ ਸਰਕਾਰ ਪ੍ਰਤੀ ਇੰਨੀ ਸਖਤ ਸ਼ਬਦਾਵਲੀ ਵਰਤੀ ਹੈ। ਮੰਨਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਕਰਕੇ ਪੰਜਾਬ ਦੀ ਸਿਆਸਤ ਵੱਡੀ ਕਰਵਟ ਲੈਣ ਜਾ ਰਹੀ ਹੈ। ਇਸ ਕਰਕੇ ਹੀ ਘਾਗ ਸਿਆਸਤਦਾਨ ਬਾਦਲ ਪਹਿਲਾਂ ਹੀ ਹਾਲਾਤ ਨੂੰ ਸਮਝ ਗਏ ਹਨ। ਬਾਦਲ ਨੇ ਕਿਹਾ ਕਿ ਕਿਸਾਨ ਇੰਨੇ ਦਿਨਾਂ ਤੋਂ ਸ਼ਾਂਤੀਪੂਰਨ ਤੇ ਜਮਹੂਰੀ ਢੰਗ ਨਾਲ ਆਪਣੀਆਂ ਮੰਗਾਂ ਲਈ ਅੰਦੋਲਨ ਕਰ ਰਹੇ ਹਨ, ਪਰ ਸਰਕਾਰ ਦਾ ਰਵੱਈਆ ਪੂਰੀ ਤਰ੍ਹਾਂ ਉਦਾਸੀਨ ਤੇ ਅਪਮਾਨਜਨਕ ਹੈ। ਬਾਦਲ ਨੇ ਰਾਸ਼ਟਰਪਤੀ ਨੂੰ ਲਿਖੀ ਲੰਮੀ ਚਿੱਠੀ ਵਿੱਚ ਕਿਹਾ ਹੈ ਕਿ ਕਿਸਾਨਾਂ ਪ੍ਰਤੀ ਕੇਂਦਰ ਸਰਕਾਰ ਦਾ ਰਵੱਈਆ ਪੂਰੀ ਤਰ੍ਹਾਂ ਗ਼ੈਰਵਾਜਬ ਹੈ। ਆਰਡੀਨੈਂਸ ਜਾਰੀ ਕਰਨ ਲੱਗੇ ਤਾਂ ਭਾਰਤ ਸਰਕਾਰ ਨੇ ਇਹੋ ਭਰੋਸਾ ਦਿਵਾਇਆ ਸੀ ਕਿ ਕਿਸਾਨਾਂ ਦੇ ਸਾਰੇ ਖ਼ਦਸ਼ੇ ਦੂਰ ਕਰ ਦਿੱਤੇ ਜਾਣਗੇ। ਉਨ੍ਹਾ ਕਿਹਾ ਹੈ ਕਿ ਇਸ ਤੋਂ ਪਹਿਲਾਂ ਇੰਨੇ ਲੰਮੇ ਸਿਆਸੀ ਕਰੀਅਰ ਵਿੱਚ ਉਨ੍ਹਾ ਨੂੰ ਕਦੇ ਵੀ ਅਜਿਹੇ ਦੁਖਦਾਈ ਛਿਣਾਂ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾ ਕੇਂਦਰ ਸਰਕਾਰ ਨੂੰ ਕਿਸਾਨਾਂ ਪ੍ਰਤੀ ਅਹਿਸਾਨ-ਫ਼ਰਾਮੋਸ਼ ਵੀ ਕਰਾਰ ਦਿੱਤਾ। ਬਾਦਲ ਨੇ ਅੱਗੇ ਲਿਖਿਆ ਹੈ ਕਿ 1960ਵਿਆਂ ਦੌਰਾਨ ਜਦੋਂ ਦੇਸ਼ ਵਿੱਚ ਅਨਾਜ ਦੀ ਕਮੀ ਹੁੰਦੀ ਸੀ, ਭੁੱਖਮਰੀ ਵਾਲੇ ਹਾਲਾਤ ਸਨ ਤੇ ਸਾਨੂੰ ਅਨਾਜ ਹੋਰਨਾਂ ਦੇਸ਼ਾਂ ਤੋਂ ਮੰਗਣਾ ਪੈਂਦਾ ਸੀ, ਤਦ ਸਰਕਾਰ ਨੇ ਕਿਸਾਨਾਂ ਨੂੰ ਹੀ ਕੁਝ ਕਰ ਵਿਖਾਉਣ ਲਈ ਆਖਿਆ ਸੀ ਤੇ ਕਿਸਾਨਾਂ ਨੇ ਤਿੰਨ ਸਾਲਾਂ ਦੇ ਰਿਕਾਰਡ ਸਮੇਂ ਅੰਦਰ ਹੀ ਭਾਰਤ ਨੂੰ ਅਨਾਜ ਬਰਾਮਦ ਕਰਨ ਵਾਲਾ ਦੇਸ਼ ਬਣਾ ਦਿੱਤਾ ਸੀ। ਪੰਜਾਬ ਦੇ ਕਿਸਾਨ ਦੇਸ਼ ਵਿੱਚ ਹਰਾ ਇਨਕਲਾਬ ਲਿਆਉਣ ਦੇ ਮਾਮਲੇ 'ਚ ਮੋਹਰੀ ਰਹੇ ਸਨ, ਪਰ ਇੰਝ ਕਰਦਿਆਂ ਉਨ੍ਹਾਂ ਨੂੰ ਆਪਣੇ ਪੰਜਾਬ ਦੀ ਧਰਤੀ ਦੀ ਉਪਜਾਇਕਤਾ ਤੇ ਪਾਣੀ ਜਿਹੇ ਦੋ ਕੁਦਰਤੀ ਸਰੋਤਾਂ ਦੀ ਕੁਰਬਾਨੀ ਵੀ ਕਰਨੀ ਪਈ। ਅੱਜ ਜਦੋਂ ਕਿਸਾਨ ਨੂੰ ਜਿਊਣ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ, ਉਪਰੋਂ ਇਹ ਨਵੇਂ ਤਿੰਨ ਕਾਲੇ ਖੇਤੀ ਕਾਨੂੰਨ ਉਸ ਲਈ ਵੱਡੀ ਮੁਸੀਬਤ ਬਣ ਕੇ ਆਣ ਖਲੋਤੇ ਹਨ,…ਪਰ ਕਿਸਾਨਾਂ ਪ੍ਰਤੀ ਸਰਕਾਰ ਦਾ ਰਵੱਈਆ ਬੇਹੱਦ ਦੁਖਦਾਈ ਹੈ। ਕਿਸਾਨਾਂ ਉੱਤੇ ਹੁਣ ਲਾਠੀਚਾਰਜ ਕੀਤਾ ਜਾ ਰਿਹਾ ਹੈ, ਉਨ੍ਹਾਂ ਉੱਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ ਤੇ ਪਾਣੀ ਦੀਆਂ ਬੁਛਾੜਾਂ ਵੱਖਰੀਆਂ ਮਾਰੀਆਂ ਜਾ ਰਹੀਆਂ ਹਨ।…ਮੈਂ ਪੰਜਾਬ ਦੀ ਜਨਤਾ ਪ੍ਰਤੀ ਵਚਨਬੱਧ ਹਾਂ ਤੇ ਕਿਸਾਨਾਂ ਦੀ ਗਿਣਤੀ ਸਾਡੇ ਸੂਬੇ 'ਚ ਸਭ ਤੋਂ ਵੱਧ ਹੈ। ਉਨ੍ਹਾ ਕਰਕੇ ਹੀ ਮੈਨੂੰ 'ਪਦਮ ਵਿਭੂਸ਼ਣ' ਪੁਰਸਕਾਰ ਮਿਲਿਆ ਸੀ। ਅੱਜ ਜਦੋਂ ਉਸ ਕਿਸਾਨ ਦੀ ਇੱਜ਼ਤ ਹੀ ਰੁਲ਼ ਰਹੀ ਹੈ, ਇਸ ਲਈ ਮੈਨੂੰ ਹੁਣ ਇਹ ਪੁਰਸਕਾਰ ਆਪਣੇ ਕੋਲ ਰੱਖਣ ਦੀ ਕੋਈ ਤੁਕ ਨਹੀਂ ਜਾਪਦੀ। ਇਸੇ ਲਈ ਮੈਂ ਸਰਕਾਰ ਦੇ ਵਿਸ਼ਵਾਸਘਾਤ ਕਾਰਨ ਇਹ ਪੁਰਸਕਾਰ ਵਾਪਸ ਕਰ ਰਿਹਾ ਹਾਂ। ਅੰਤ 'ਚ ਬਾਦਲ ਨੇ ਰਾਸ਼ਟਰਪਤੀ ਤੋਂ ਇਸ ਰੇੜਕੇ ਦਾ ਕੋਈ ਸਾਰਥਕ ਹੱਲ ਲੱਭਣ ਦੀ ਆਸ ਵੀ ਪ੍ਰਗਟਾਈ ਹੈ।

252 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper