ਅੰਦੋਲਨਕਾਰੀ ਕਿਸਾਨਾਂ ਦੇ ਨੁਮਾਇੰਦਿਆਂ ਦੀ ਸਰਕਾਰ ਦੇ ਨੁਮਾਇੰਦਿਆਂ ਨਾਲ ਚੌਥੇ ਗੇੜ ਦੀ ਗੱਲਬਾਤ ਤੋਂ ਪਹਿਲਾਂ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਨੇ ਬੁੱਧਵਾਰ ਸ਼ਾਮੀਂ ਮੀਟਿੰਗ ਕਰਕੇ ਪ੍ਰੈੱਸ ਕਾਨਫ਼ਰੰਸ ਵਿੱਚ ਆਪਣਾ ਰੁਖ ਸਪੱਸ਼ਟ ਕਰ ਦਿੱਤਾ ਸੀ। ਉਨ੍ਹਾਂ ਇਹ ਕਹਿ ਦਿੱਤਾ ਸੀ ਕਿ ਇਹ ਅੰਦੋਲਨ ਸਿਰਫ਼ ਪੰਜਾਬ ਦਾ ਨਹੀਂ, ਸਗੋਂ ਸਮੁੱਚੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਲੜਿਆ ਜਾ ਰਿਹਾ ਹੈ, ਇਸ ਲਈ ਗੱਲਬਾਤ ਵਿੱਚ ਸਾਰੇ ਦੇਸ਼ ਦੇ ਕਿਸਾਨ ਪ੍ਰਤੀਨਿਧ ਸ਼ਾਮਲ ਹੋਣਗੇ ਤੇ ਇਸ ਦਾ ਫੈਸਲਾ ਵੀ ਅੰਦੋਲਨਕਾਰੀ ਕਰਨਗੇ। ਯਾਦ ਰਹੇ ਕਿ ਪਿਛਲੀ ਇੱਕ ਦਸੰਬਰ ਵਾਲੀ ਮੀਟਿੰਗ ਵਿੱਚ ਅਮਿਤ ਸ਼ਾਹ ਨੇ ਮੀਟਿੰਗ ਵਿੱਚ ਯੋਗੇਂਦਰ ਯਾਦਵ ਦੇ ਸ਼ਾਮਲ ਹੋਣ ਉਤੇ ਇਤਰਾਜ਼ ਕਰ ਦਿੱਤਾ ਸੀ। ਇਸ ਦੇ ਨਾਲ ਅੰਦੋਲਨ ਦੇ ਆਗੂਆਂ ਨੇ ਇਹ ਸਾਫ਼ ਕਰ ਦਿੱਤਾ ਸੀ ਕਿ ਹੁਣ ਉਹ ਖੇਤੀ ਕਾਨੂੰਨਾਂ ਵਿਚਲੀਆਂ ਕਮੀਆਂ ਨੂੰ ਦੂਰ ਕਰਨ ਦੇ ਭੁਚਲਾਵੇ ਵਿੱਚ ਨਹੀਂ ਆਉਣਗੇ ਤੇ ਆਪਣੀ ਇਸ ਮੰਗ ਉਤੇ ਕਾਇਮ ਰਹਿਣਗੇ ਕਿ ਤਿੰਨੇ ਖੇਤੀ ਕਾਨੂੰਨਾਂ ਨੂੰ ਸੰਸਦ ਦਾ ਅਜਲਾਸ ਸੱਦ ਕੇ ਰੱਦ ਕੀਤਾ ਜਾਵੇ। ਕਿਸਾਨ ਆਗੂਆਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਸੀ ਕਿ 3 ਦਸੰਬਰ ਦੀ ਮੀਟਿੰਗ ਵਿੱਚ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਉਹ ਅੰਦੋਲਨ ਨੂੰ ਤੇਜ਼ ਕਰਦੇ ਹੋਏ, ਦਿੱਲੀ ਦੇ ਸਾਰੇ ਰਾਹ ਬੰਦ ਕਰ ਦੇਣਗੇ।
ਅੰਦੋਲਨਕਾਰੀ ਆਗੂਆਂ ਨੇ ਸਰਕਾਰ ਦੀ ਨੀਅਤ ਨੂੰ ਭਾਂਪਦਿਆਂ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਵੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਬਾਕੀ ਸੂਬਿਆਂ ਦੇ ਕਿਸਾਨਾਂ ਨੂੰ ਵੀ ਸੱਦਾ ਦਿੱਤਾ ਹੈ ਕਿ ਉਹ ਦਿੱਲੀ ਵੱਲ ਵਹੀਰਾਂ ਘੱਤ ਦੇਣ। ਯੂ ਪੀ ਦੇ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਸੱਦੇ ਉੱਤੇ ਲੱਖਾਂ ਕਿਸਾਨ ਦਿੱਲੀ ਦੇ ਪੂਰਬੀ ਹਿੱਸੇ ਦੇ ਰਾਹਾਂ ਨੂੰ ਮੱਲ ਚੁੱਕੇ ਹਨ। ਰਾਜਸਥਾਨ ਦੀ ਕਿਸਾਨਾਂ ਨੇ ਸੈਂਕੜੇ ਟਰੈਕਟਰ-ਟਰਾਲੀਆਂ ਲੈ ਕੇ 5 ਦਸੰਬਰ ਨੂੰ ਟਿਕਰੀ ਬਾਰਡਰ ਦੇ ਮੋਰਚੇ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਹਰਿਆਣੇ ਦੀਆਂ ਖਾਪ ਪੰਚਾਇਤਾਂ ਦੇ ਜੱਥੇ ਵੀ ਮੋਰਚੇ ਵਿੱਚ ਪੁੱਜ ਚੁੱਕੇ ਹਨ। ਰਾਜਸਥਾਨ ਦੇ ਆਰ ਐੱਸ ਐੱਸ ਦੀ ਜਥੇਬੰਦੀ ਭਾਰਤੀ ਕਿਸਾਨ ਸੰਘ ਦੇ ਤਿੰਨ ਵੱਡੇ ਆਗੂਆਂ ਨੇ ਅਸਤੀਫ਼ੇ ਦੇ ਕੇ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਹਰਿਆਣਾ ਦੇ ਚਰਖੀ ਦਾਦਰੀ ਦੇ ਭਾਜਪਾ ਦੇ ਦੋ ਜ਼ਿਲ੍ਹਾ ਪੱਧਰੀ ਆਗੂ ਭਾਜਪਾ ਤੋਂ ਅਸਤੀਫ਼ੇ ਦੇ ਕੇ ਮੋਟਰ ਗੱਡੀਆਂ ਦਾ ਵੱਡਾ ਕਾਫ਼ਲਾ ਲੈ ਕੇ ਮੋਰਚੇ ਨਾਲ ਆ ਰਲੇ ਹਨ। ਅੰਦੋਲਨਕਾਰੀਆਂ ਨੇ ਸੱਦਾ ਦਿੱਤਾ ਸੀ ਕਿ ਕੌਮੀ ਸਨਮਾਨ ਹਾਸਲ ਕਰਨ ਵਾਲੇ ਉਹ ਸਾਰੇ ਲੋਕ ਜੋ ਇਸ ਅੰਦੋਲਨ ਨਾਲ ਹਮਦਰਦੀ ਰੱਖਦੇ ਹਨ, ਆਪਣੇ ਸਨਮਾਨ 7 ਦਸੰਬਰ ਤੱਕ ਸਰਕਾਰ ਨੂੰ ਵਾਪਸ ਕਰ ਦੇਣ। ਸਿੱਟੇ ਵਜੋਂ ਇਹ ਮੁਹਿੰਮ ਹੁਣ ਤੋਂ ਹੀ ਸ਼ੁਰੂ ਹੋ ਚੁੱਕੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡੈਮੋਕ੍ਰੇਟਿਕ ਅਕਾਲੀ ਦਲ ਦੇ ਮੁਖੀ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਪਦਮ ਵਿਭੂਸ਼ਣ ਤੇ ਪਦਮ ਭੂਸ਼ਣ ਸਨਮਾਨ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਮੋਰਚੇ ਨੂੰ ਮਜ਼ਬੂਤ ਕਰਨ ਲਈ ਹਰ ਰੋਜ਼ ਸੈਂਕੜੇ ਵਹੀਕਲ ਪੰਜਾਬ ਦੇ ਪਿੰਡ-ਪਿੰਡ ਵਿੱਚੋਂ ਪਹੁੰਚ ਰਹੇ ਹਨ। ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਵੀ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ।
ਸੰਘਰਸ਼ਸ਼ੀਲ ਜਥੇਬੰਦੀਆਂ ਦੀ ਤਿਆਰੀ ਤੇ ਦ੍ਰਿੜ੍ਹਤਾ ਤੋਂ ਜਾਪਦਾ ਹੈ ਕਿ ਇਹ ਮੋਰਚਾ ਲੰਮਾ ਚੱਲ ਸਕਦਾ ਹੈ। ਇਸ ਦੌਰਾਨ ਹਾਕਮ ਜਮਾਤ ਇਸ ਨੂੰ ਕਮਜ਼ੋਰ ਕਰਨ ਲਈ ਕਈ ਚਾਲਾਂ ਚੱਲ ਸਕਦੀ ਹੈ। ਪਿਛਲੇ ਸਮੇਂ ਵਿੱਚ ਪੰਜਾਬ ਵਿੱਚ ਵੀ ਅਜਿਹੇ ਯਤਨ ਕੀਤੇ ਗਏ ਸਨ। ਕੁਝ ਗੀਤਕਾਰਾਂ ਰਾਹੀਂ ਇਸ ਘੋਲ ਨੂੰ ਧਾਰਮਿਕ ਰੰਗਤ ਦੇ ਕੇ ਵੱਖਰੀ ਡੱਫਲੀ ਵਜਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸੇ ਗੱਲ ਨੂੰ ਲੈ ਕੇ ਹੀ ਸਰਕਾਰਪ੍ਰਸਤ ਮੀਡੀਏ ਨੇ ਇਸ ਉੱਤੇ ਖਾਲਿਸਤਾਨ ਦਾ ਲੇਬਲ ਲਾਉਣ ਦੀ ਕੋਸ਼ਿਸ਼ ਕੀਤੀ। ਇੱਕ ਹੋਰ ਸਿਆਸੀ ਧਿਰ ਵੱਲੋਂ ਪਾਣੀਆਂ ਦਾ ਮਸਲਾ ਚੁੱਕ ਕੇ ਅੰਦੋਲਨ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਸੋਸ਼ਲ ਮੀਡੀਆ ਉੱਤੇ ਕੁਝ ਅਖੌਤੀ ਬੁੱਧੀਜੀਵੀ ਸੰਘਰਸ਼ਸ਼ੀਲ ਧਿਰਾਂ ਵਿਰੁੱਧ ਲਗਾਤਾਰ ਆਪਣੀ ਭੜਾਸ ਕੱਢ ਰਹੇ ਹਨ। ਉਨ੍ਹਾਂ ਨੂੰ ਇਸ ਅੰਦੋਲਨ ਰਾਹੀਂ ਸਮੂਹ ਪੰਜਾਬੀਆਂ ਵਿੱਚ ਪੈਦਾ ਹੋਈ ਏਕਤਾ ਚੁੱਭ ਰਹੀ ਹੈ। ਇਸ ਵਿੱਚ ਦੋ ਰਾਵਾਂ ਨਹੀਂ ਕਿ ਇਸ ਵੇਲੇ ਪੰਜਾਬ ਦੇ ਅੰਦੋਲਨਕਾਰੀਆਂ ਦੀ ਅਗਵਾਈ ਉਹ ਜਥੇਬੰਦੀਆਂ ਕਰ ਰਹੀਆਂ ਹਨ, ਜਿਨ੍ਹਾਂ ਦਾ ਸੰਘਰਸ਼ ਦੇ ਪਿੜ ਵਿੱਚ ਲੰਮਾ ਤਜਰਬਾ ਹੈ। ਮਹਿਲ ਕਲਾਂ ਦੇ ਕਿਰਨਜੀਤ ਕਾਂਡ ਦੀ ਲੰਮੀ ਲੜਾਈ ਤੇ ਫਿਰ ਕਿਸਾਨ ਆਗੂ ਮਨਜੀਤ ਧਨੇਰ ਦੀ ਰਿਹਾਈ ਦੇ ਘੋਲ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ, ਜਿਸ ਵਿੱਚੋਂ ਇਹ ਧਿਰਾਂ ਜੇਤੂ ਹੋ ਕੇ ਨਿਕਲੀਆਂ ਸਨ। ਇਨ੍ਹਾਂ ਅਗਾਂਹਵਧੂ ਸੋਚ ਵਾਲੇ ਆਗੂਆਂ ਦੀ ਸਿਆਣਪ ਦਾ ਹੀ ਸਿੱਟਾ ਹੈ ਕਿ ਇਸ ਵਿਸ਼ਾਲ ਘੋਲ ਵਿੱਚ ਪਾੜਾ ਪਾਉਣ ਦੀ ਹਰ ਕੋਸ਼ਿਸ਼ ਨਾਕਾਮ ਸਾਬਤ ਹੋਈ ਹੈ। ਆਸ ਹੈ ਕਿ ਅੱਗੇ ਵੀ ਇਹ ਅੰਦੋਲਨ ਸਭ ਔਕੜਾਂ ਝਲਦਾ ਤੇ ਜਨਤਾ ਦੇ ਵਿਸ਼ਾਲ ਹਿੱਸਿਆਂ ਨੂੰ ਆਪਣੀ ਬੁੱਕਲ ਵਿੱਚ ਸਮੇਟਦਾ ਹੋਇਆ ਫਾਸ਼ੀ ਹਾਕਮਾਂ ਦਾ ਮੂੰਹ ਭੁਆ ਕੇ ਜਿੱਤ ਪ੍ਰਾਪਤ ਕਰੇਗਾ।
-ਚੰਦ ਫਤਿਹਪੁਰੀ