ਹੈਦਰਾਬਾਦ : ਗਰੇਟਰ ਹੈਦਰਾਬਾਦ ਮਿਊਂਸਪਲ ਕਾਰਪੋਰੇਸ਼ਨ (ਜੀ ਐੱਚ ਐੱਮ ਸੀ) ਦੀਆਂ ਚੋਣਾਂ ਵਿਚ ਫਸਵੀਂ ਲੜਾਈ ਵਿਚ ਭਾਜਪਾ ਆਪਣੇ ਪੈਰ ਜਮਾਉਣ ਵਿਚ ਕਾਮਯਾਬ ਰਹੀ, ਭਾਵੇਂ ਕਿ ਉਹ ਉਲਟ-ਫੇਰ ਨਹੀਂ ਕਰ ਸਕੀ। 150 ਵਾਰਡਾਂ ਲਈ ਹੋਈਆਂ ਚੋਣਾਂ ਦੀਆਂ ਵੋਟਾਂ ਦੀ ਸ਼ੁੱਕਰਵਾਰ ਹੋਈ ਗਿਣਤੀ ਵਿਚ ਸ਼ਾਮ ਤੱਕ ਤੇਲੰਗਾਨਾ ਰਾਸ਼ਟਰੀ ਸਮਿਤੀ (ਟੀ ਆਰ ਐੱਸ) 44 ਵਾਰਡ ਜਿੱਤ ਚੁੱਕੀ ਸੀ ਤੇ 20 ਵਿਚ ਅੱਗੇ ਸੀ। ਇਸ ਤਰ੍ਹਾਂ ਉਸ ਨੂੰ ਆਪਣੇ ਤੌਰ 'ਤੇ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ ਸੀ। ਅਸਦ-ਉਦ-ਦੀਨ ਓਵੈਸੀ ਦੀ ਪਾਰਟੀ ਏ ਆਈ ਐੱਮ ਆਈ ਐੱਮ 33 ਵਾਰਡ ਜਿੱਤ ਚੁੱਕੀ ਸੀ ਤੇ 10 ਵਿਚ ਅੱਗੇ ਸੀ। ਭਾਜਪਾ 34 ਜਿੱਤ ਚੁੱਕੀ ਸੀ ਤੇ 7 ਵਿਚ ਅੱਗੇ ਸੀ। ਕਾਂਗਰਸ ਨੇ ਦੋ ਵਾਰਡ ਜਿੱਤੇ ਸਨ। 2016 ਦੀਆਂ ਚੋਣਾਂ ਵਿਚ ਟੀ ਆਰ ਐੱਸ ਨੇ 150 ਵਿਚੋਂ 99 ਵਾਰਡ ਜਿੱਤੇ ਸਨ, ਜਦਕਿ ਓਵੈਸੀ ਦੀ ਪਾਰਟੀ ਨੇ 44 ਵਾਰਡ। ਭਾਜਪਾ ਤਿੰਨ ਤੇ ਕਾਂਗਰਸ ਦੋ ਵਾਰਡ ਜਿੱਤ ਸਕੀਆਂ ਸਨ। ਜੀ ਐੱਚ ਐੱਮ ਸੀ ਦਾ ਗਠਨ ਅਪ੍ਰੈਲ 2007 ਵਿਚ 12 ਮਿਊਂਸਪਲ ਕਮੇਟੀਆਂ ਤੇ 8 ਗਰਾਮ ਪੰਚਾਇਤਾਂ ਨੂੰ ਮਿਊਂਸਪਲ ਕਾਰਪੋਰੇਸ਼ਨ ਆਫ ਹੈਦਰਾਬਾਦ (ਐੱਮ ਸੀ ਐੱਚ) ਨਾਲ ਰਲਾ ਕੇ ਕੀਤਾ ਗਿਆ ਸੀ। ਇਸ ਵਿਚ ਚਾਰ ਜ਼ਿਲ੍ਹੇ ਹੈਦਰਾਬਾਦ, ਰੰਗਾ ਰੈੱਡੀ, ਮੇਡਚਲ-ਮਲਕਾਨਗਿਰੀ ਤੇ ਸੰਗਾ ਰੈੱਡੀ ਆਉਂਦੇ ਹਨ। ਦੇਸ਼ ਦੀਆਂ ਸਭ ਤੋਂ ਵੱਡੀਆਂ ਨਗਰ ਨਿਗਮਾਂ ਵਿਚੋਂ ਇਕ ਹੈਦਰਾਬਾਦ ਨਗਰ ਨਿਗਮ ਦੀ ਸਿਆਸੀ ਮਹੱਤਤਾ ਇਸ ਕਰਕੇ ਕਾਫੀ ਹੈ, ਕਿਉਂਕਿ ਇਸ ਵਿਚ 24 ਅਸੰਬਲੀ ਹਲਕੇ ਤੇ ਤੇਲੰਗਾਨਾ ਦੇ 5 ਲੋਕ ਸਭਾ ਹਲਕੇ ਆਉਂਦੇ ਹਨ।