Latest News
ਦਿਹਾੜੀ ਦੇ ਮਾਮਲੇ 'ਚ ਅਸੀਂ ਪਾਕਿ ਤੇ ਨੇਪਾਲ ਨਾਲੋਂ ਵੀ ਗਏ-ਗੁਜ਼ਰੇ

Published on 04 Dec, 2020 10:20 AM.

ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਮਹਾਂਮਾਰੀ ਦਾ ਸਭ ਤੋਂ ਮਾੜਾ ਅਸਰ ਮਜ਼ਦੂਰਾਂ 'ਤੇ ਪਿਆ ਹੈ। ਕਈ ਰਿਪੋਰਟਾਂ ਵਿਚ ਇਸ ਦਾ ਖੁਲਾਸਾ ਹੋਇਆ ਹੈ। ਸੰਯੁਕਤ ਰਾਸ਼ਟਰ ਨਾਲ ਜੁੜੇ ਕੌਮਾਂਤਰੀ ਮਜ਼ਦੂਰ ਸੰਗਠਨ (ਆਈ ਐੱਲ ਓ) ਦੀ ਰਿਪੋਰਟ ਵਿਚ ਇਸ ਦਾ ਵਧੇਰੇ ਸਾਫ ਢੰਗ ਨਾਲ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਭਾਰਤ ਵਿਚ ਘੱਟੋ-ਘੱਟ ਮਜ਼ਦੂਰੀ ਪਾਕਿਸਤਾਨ, ਸ੍ਰੀਲੰਕਾ ਤੇ ਨੇਪਾਲ ਨਾਲੋਂ ਵੀ ਘੱਟ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਲੱਗੇ ਪਹਿਲੇ ਤੇ ਦੂਜੇ ਪੜਾਅ ਦੇ ਲਾਕਡਾਊਨ ਦੌਰਾਨ ਸਭ ਕੁਝ ਬੰਦ ਹੋਣ 'ਤੇ ਮਜ਼ਦੂਰਾਂ ਨੂੰ ਕੋਈ ਦਿਹਾੜੀ ਨਹੀਂ ਦਿੱਤੀ ਗਈ। 40 ਦਿਨ ਤਕ ਚੱਲੇ ਪਹਿਲੇ ਪੜਾਅ ਨਾਲ ਗੈਰ-ਜਥੇਬੰਦ ਖੇਤਰ ਦੇ ਮਜ਼ਦੂਰਾਂ ਦੇ ਵੇਤਨ ਵਿਚ ਔਸਤਨ 22.6 ਫੀਸਦੀ ਦੀ ਕਮੀ ਆਈ। ਜਥੇਬੰਦ ਖੇਤਰ ਦੇ ਕਾਮਿਆਂ ਦੇ ਵੇਤਨ ਵਿਚ 3.6 ਫੀਸਦੀ ਦੀ ਕਮੀ ਨੋਟ ਕੀਤੀ ਗਈ। ਜ਼ਿਆਦਾਤਰ ਦੇਸ਼ਾਂ ਵਿਚ ਵੱਖ-ਵੱਖ ਸੈਕਟਰਾਂ ਦੇ ਆਧਾਰ 'ਤੇ ਅੱਡ-ਅੱਡ ਘੱਟੋ-ਘੱਟ ਉਜਰਤ ਹੁੰਦੀ ਹੈ, ਪਰ ਰਿਪੋਰਟ 'ਚ ਭਾਰਤ ਵਿਚ ਇਕ ਹੀ ਪੈਮਾਨਾ 176 ਰੁਪਏ ਦਿਹਾੜੀ ਦਾ ਲਾਗੂ ਕੀਤਾ ਗਿਆ ਹੈ।
ਇਸ ਲਿਹਾਜ਼ ਨਾਲ ਵੀ ਦੁਨੀਆ ਪੱਧਰ 'ਤੇ ਭਾਰਤ ਦੀ ਸਥਿਤੀ ਖਰਾਬ ਹੈ। ਪੂਰੀ ਦੁਨੀਆ ਵਿਚ ਔਸਤ ਘੱਟੋ-ਘੱਟ ਵੇਤਨ ਕਰੀਬ 9720 ਰੁਪਏ ਦੇ ਲਾਗੇ-ਛਾਗੇ ਬੈਠਦਾ ਹੈ, ਪਰ ਭਾਰਤ ਵਿਚ ਇਹ 4300 ਰੁਪਏ ਬੈਠਦਾ ਹੈ। ਪਾਕਿਸਤਾਨ ਵਿਚ 9820 ਰੁਪਏ, ਨੇਪਾਲ ਵਿਚ 7920 ਰੁਪਏ, ਸ੍ਰੀਲੰਕਾ ਵਿਚ 4940 ਰੁਪਏ ਤੇ ਚੀਨ ਵਿਚ 7060 ਰੁਪਏ ਹੈ।

165 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper