ਖਡੂਰ ਸਾਹਿਬ/ਗੋਇੰਦਵਾਲ ਸਾਹਿਬ (ਸਰਬਜੋਤ ਸਿੰਘ ਸੰਧਾ/ਕਾਬਲ ਸਿੰਘ ਮੱਲ੍ਹੀ)
ਕਾਰ ਸੇਵਾ ਖਡੂਰ ਸਾਹਿਬ ਦੇ ਮੁਖੀ ਬਾਬਾ ਸੇਵਾ ਸਿੰਘ ਨੇ ਵੀ ਆਪਣਾ ਪਦਮਸ੍ਰੀ ਇਨਾਮ ਰਾਸ਼ਟਰਪਤੀ ਨੂੰ ਵਾਪਸ ਕਰਨ ਦਾ ਐਲਾਨ ਹੈ। ਇਸ ਸਬੰਧੀ ਸ਼ੁੱਕਰਵਾਰ ਰਾਸ਼ਟਰਪਤੀ ਨੂੰ ਭੇਜੀ ਚਿੱਠੀ ਵਿਚ ਬਾਬਾ ਸੇਵਾ ਸਿੰਘ ਨੇ ਲਿਖਿਆ ਹੈ—ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਸੰਘਰਸ਼ ਲਈ ਮਜਬੂਰ ਕਰਨ ਤੇ ਸੰਘਰਸ਼ ਕਰ ਰਹੇ ਕਿਸਾਨਾਂ ਉਪਰ ਜ਼ੁਲਮ ਕਰਨ ਦੇ ਵਰਤਾਰੇ ਸੰਬੰਧੀ ਵੇਦਨਾ ਪ੍ਰਗਟ ਕਰਦਾ ਹੋਇਆ 'ਪਦਮਸ੍ਰੀ ਐਵਾਰਡ' ਵਾਪਸ ਕਰ ਰਿਹਾ ਹਾਂ।
ਅੱਜ ਜਦੋਂ ਸਮੁੱਚੇ ਭਾਰਤ ਦੇ ਕਿਸਾਨ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਤਾਂ ਅਜਿਹੇ ਸਮੇਂ ਵਿਚ ਸਰਕਾਰ ਦੁਆਰਾ ਅਪਣਾਇਆ ਜਾ ਰਿਹਾ ਵਤੀਰਾ ਚਿੰਤਾਜਨਕ ਹੈ। ਅਜਿਹੇ ਮਾਣ-ਸਨਮਾਨ ਲੋਕ ਅਤੇ ਸਮਾਜ ਭਲਾਈ ਲਈ ਹੀ ਮਿਲਦੇ ਹਨ, ਜਦੋਂ ਆਮ ਲੋਕਾਂ ਨਾਲ ਵਧੀਕੀ ਹੋ ਰਹੀ ਹੋਵੇ, ਉਨ੍ਹਾਂ ਨੂੰ ਲਿਤਾੜਿਆ ਜਾ ਰਿਹਾ ਹੋਵੇ, ਲੋਕ ਕੜਾਕੇ ਦੀ ਠੰਢ ਵਿਚ ਸੜਕਾਂ 'ਤੇ ਦਿਨ-ਰਾਤ ਗੁਜ਼ਾਰ ਰਹੇ ਹੋਣ ਤੇ ਅਜਿਹੇ ਵਿਚ ਰਾਸ਼ਟਰ ਉਨ੍ਹਾਂ ਨੂੰ ਅੱਖੋਂ-ਪਰੋਖੇ ਕਰ ਰਿਹਾ ਹੋਵੇ ਤਾਂ ਅਜਿਹੇ ਰਾਸ਼ਟਰੀ ਸਨਮਾਨ ਨੂੰ ਕੋਲ ਰੱਖਣ ਦੀ ਕੋਈ ਤੁਕ ਨਹੀਂ ਬਣਦੀ। ਉਹਨਾ ਕਿਹਾ ਕਿ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ।
ਮਸ਼ਹੂਰ ਗਾਇਕ ਹਰਭਜਨ ਮਾਨ ਨੇ ਸ਼੍ਰੋਮਣੀ ਗਾਇਕ ਪੁਰਸਕਾਰ ਲੈਣ ਤੋਂ ਨਾਂਹ ਕਰ ਦਿੱਤੀ ਹੈ।ਵੀਰਵਾਰ ਭਾਸ਼ਾ ਵਿਭਾਗ ਪੰਜਾਬ ਨੇ ਇਹ ਪੁਰਸਕਾਰ ਦੇਣ ਦਾ ਐਲਾਨ ਕੀਤਾ ਸੀ।
ਮਾਨ ਨੇ ਫੇਸਬੁਕ 'ਤੇ ਪਾਈ ਪੋਸਟ ਵਿਚ ਲਿਖਿਆ ਹੈ—ਭਾਸ਼ਾ ਵਿਭਾਗ ਵੱਲੋਂ ਦਿੱਤੇ ਜਾਂਦੇ ਸਾਲਾਨਾ ਸ਼੍ਰੋਮਣੀ ਪੁਰਸਕਾਰਾਂ ਵਿੱਚ ਮੇਰੀ ਚੋਣ 'ਸ਼੍ਰੋਮਣੀ ਗਾਇਕ' ਐਵਾਰਡ ਲਈ ਹੋਈ ਹੈ। ਇਸ ਐਵਾਰਡ ਦੀ ਚੋਣ ਲਈ ਮੈਂ ਸਲਾਹਕਾਰ ਬੋਰਡ ਦਾ ਧੰਨਵਾਦੀ ਹਾਂ, ਜਿਨ੍ਹਾਂ ਮੇਰੇ ਵੱਲੋਂ ਅਪਲਾਈ ਕੀਤੇ ਬਿਨਾਂ ਮੈਨੂੰ ਇਸ ਵਕਾਰੀ ਪੁਰਸਕਾਰ ਲਈ ਚੁਣਿਆ। ਅੱਜ ਮੈਂ ਜਿਸ ਵੀ ਮੁਕਾਮ 'ਤੇ ਪਹੁੰਚਿਆ ਹਾਂ, ਉਹ ਕਿਸਾਨਾਂ, ਮਾਂ-ਬੋਲੀ ਪੰਜਾਬੀ ਅਤੇ ਸਮੂਹ ਪੰਜਾਬੀਆਂ ਦੀ ਬਦੌਲਤ ਹੀ ਹੈ। ਕਿਸਾਨੀ ਪਰਵਾਰ ਵਿਚ ਜਨਮ ਲੈਣ ਤੋਂ ਲੈ ਕੇ ਹੁਣ ਤਕ ਮੇਰੇ ਜੀਵਨ ਦਾ ਹਰ ਸਾਹ ਕਿਸਾਨਾਂ ਦਾ ਕਰਜ਼ਦਾਰ ਹੈ ਅਤੇ ਮੇਰਾ ਰੋਮ-ਰੋਮ ਕਿਸਾਨਾਂ ਦਾ ਕਰਜ਼ਈ ਹੈ। ਮੇਰੀ ਗਾਇਕੀ ਨੂੰ ਵੀ ਕਿਸਾਨਾਂ ਵੱਲੋਂ ਪਿਆਰ ਕੀਤਾ ਗਿਆ, ਜਿਸ ਸਦਕਾ ਮੈਂ ਅੱਜ ਇਸ ਐਵਾਰਡ ਹਾਸਲ ਕਰਨ ਦੇ ਕਾਬਲ ਹੋਇਆ। ਅੱਜ ਜਦੋਂ ਪੰਜਾਬ ਸਣੇ ਸਾਰੇ ਮੁਲਕ ਦਾ ਅੰਨਦਾਤਾ ਸੜਕਾਂ ਉਤੇ ਹੈ ਅਤੇ ਕਿਸਾਨਾਂ ਦੇ ਹੱਕ ਖੋਹਣ ਵਾਲ਼ਿਆਂ ਤੋਂ ਇਨਸਾਫ ਮੰਗਦਾ ਹੋਇਆ ਰੁਲ਼ ਰਿਹਾ ਹੈ, ਉਨ੍ਹਾਂ ਦਾ ਭਵਿੱਖ ਅੰਧਕਾਰ ਵਿੱਚ ਹੈ ਤਾਂ ਇਸ ਮੌਕੇ ਮੈਂ 'ਸ਼੍ਰੋਮਣੀ ਐਵਾਰਡ' ਹਾਸਲ ਕਰਦਾ ਸ਼ੋਭਦਾ ਨਹੀਂ ਹਾਂ। ਕਿਸਾਨੀ ਲਈ ਇਸ ਔਖੇ ਚੱਲ ਰਹੇ ਸਮੇਂ ਦੌਰਾਨ ਮੈਂ ਅਤੇ ਮੇਰੇ ਪਰਵਾਰ ਨੇ ਨਿਮਰਤਾ ਤੇ ਆਦਰ ਸਹਿਤ ਇਹ ਪੁਰਸਕਾਰ ਨਾ ਲੈਣ ਦਾ ਫੈਸਲਾ ਕੀਤਾ ਹੈ।
ਜਲੰਧਰ : ਕੇਂਦਰ ਸਰਕਾਰ ਦੇ ਕਿਸਾਨ-ਮਾਰੂ ਨਵੇਂ ਬਣੇ ਤਿੰਨ ਖੇਤੀ ਕਨੂੰਨਾਂ ਵਿਰੁੱਧ ਅਤੇ ਕਿਸਾਨਾਂ ਦੇ ਸੰਘਰਸ਼ ਦੇ ਹੱਕ ਵਿੱਚ ਜ਼ਿਲ੍ਹਾ ਮੋਹਾਲੀ ਦੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਨਰੰਜਨ ਸਿੰਘ, ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨਰਿੰਦਰ ਸਿੰਘ ਸਮੇਤ ਸਿੱਖਿਆ ਵਿਭਾਗ ਪੰਜਾਬ ਦੇ ਸੱਤ ਸਾਬਕਾ ਨੈਸ਼ਨਲ ਐਵਾਰਡੀ ਸਿੱਖਿਆ ਅਧਿਕਾਰੀਆਂ ਨੇ ਸੱਤ ਦਸੰਬਰ ਨੂੰ ਸਿੰਘੂ ਬਾਰਡਰ ਜਾ ਕੇ ਆਪਣੇ ਨੈਸ਼ਨਲ ਐਵਾਰਡ ਕੇਂਦਰ ਸਰਕਾਰ ਨੂੰ ਮੋੜਨ ਦਾ ਐਲਾਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਨਰੰਜਨ ਸਿੰਘ ਤੇ ਨਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਨਾਲ਼-ਨਾਲ਼ ਸਾਬਕਾ ਡੀ ਪੀ ਆਈ ਸੁਖਦੇਵ ਸਿੰਘ ਕਾਹਲੋਂ, ਮੋਗਾ ਦੇ ਸਾਬਕਾ ਜ਼ਿਲ਼੍ਹਾ ਸਿੱਖਿਆ ਅਫ਼ਸਰ ਰੇਸ਼ਮ ਸਿੰਘ ਔਲਖ, ਸਾਬਕਾ ਜ਼ਿਲ਼੍ਹਾ ਸਿੱਖਿਆ ਅਫ਼ਸਰ ਤਰਨ ਤਾਰਨ ਗੁਰਸ਼ਰਨਜੀਤ ਸਿੰਘ ਮਾਨ, ਸਾਬਕਾ ਮੈਂਬਰ ਸਟੇਟ ਐਡਵਾਈਜ਼ਰੀ ਬੋਰਡ ਸਤਨਾਮ ਸਿੰਘ ਸੇਖੋਂ ਅਤੇ ਰਿਟਾਇਰਡ ਲੈਕਚਰਾਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਲੰਮੇਂ ਸਮੇਂ ਤੋਂ ਜਾਰੀ ਕਿਸਾਨਾਂ ਦੇ ਲਹੂ-ਵੀਟਵੇਂ ਸੰਘਰਸ਼ ਵਿਰੁੱਧ ਕੇਂਦਰ ਸਰਕਾਰ ਨੇ ਹੈਂਕੜਬਾਜ਼ ਅਤੇ ਤਾਨਾਸ਼ਾਹੀਪੂਰਨ ਵਤੀਰਾ ਅਪਣਾ ਰੱਖਿਆ ਹੈ। ਨੈਸ਼ਨਲ ਐਵਾਰਡੀ ਇਹਨਾਂ ਸੱਤ ਸਿੱਖਿਆ ਮਾਹਰਾਂ ਨੇ ਰੋਸ ਵਜੋਂ ਕੇਂਦਰ ਸਰਕਾਰ ਦੇ ਐਵਾਰਡ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ। ਉਹਨਾਂ ਕੇਂਦਰ ਸਰਕਾਰ ਨੂੰ ਕਿਸਾਨ-ਮਾਰੂ, ਲੋਕ-ਮਾਰੂ ਤਿੰਨੇ ਖੇਤੀ ਕਨੂੰਨ ਬਿਨਾਂ ਹੋਰ ਦੇਰੀ ਦੇ ਰੱਦ ਕਰਨ ਦੀ ਅਪੀਲ ਵੀ ਕੀਤੀ।