Latest News
ਇਕ ਹੋਰ ਐਕਟਰ ਦੀ ਐਂਟਰੀ

Published on 04 Dec, 2020 10:40 AM.

ਕਾਫੀ ਦਰਸ਼ਕਾਂ ਨੂੰ ਸਿਨਮਾ ਹਾਲ ਵਿਚ ਧੂਹਣ ਵਾਲੇ ਦੱਖਣ ਦੇ ਐਕਟਰ ਰਜਨੀ ਕਾਂਤ ਨੇ ਆਖਰ ਵੀਰਵਾਰ ਸਿਆਸਤ ਵਿਚ ਕੁੱਦਣ ਅਤੇ ਤਾਮਿਲਨਾਡੂ ਅਸੰਬਲੀ ਚੋਣਾਂ ਲੜਨ ਦਾ ਬਕਾਇਦਾ ਐਲਾਨ ਕਰ ਦਿੱਤਾ। ਦੱਖਣ ਵਿਚ ਫਿਲਮੀ ਕਲਾਕਾਰਾਂ ਦੇ ਸਿਆਸਤ ਵਿਚ ਆਉਣ ਤੇ ਕਾਮਯਾਬ ਰਹਿਣ ਦਾ ਲੰਮਾ ਇਤਿਹਾਸ ਹੈ। ਤਾਮਿਲਨਾਡੂ ਵਿਚ ਹੀ ਐੱਮ ਕਰੁਣਾਨਿਧੀ, ਐੱਮ ਜੀ ਰਾਮਾਚੰਦਰਨ (ਐੱਮ ਜੀ ਆਰ) ਤੇ ਜੈਲਲਿਤਾ ਫਿਲਮਾਂ ਤੋਂ ਸਿਆਸਤ ਵਿਚ ਆਏ ਅਤੇ ਮੁੱਖ ਮੰਤਰੀ ਵੀ ਬਣੇ। ਰਜਨੀ ਕਾਂਤ ਦੇ ਪ੍ਰਸੰਸਕ ਉਸ ਨੂੰ ਐੱਮ ਜੀ ਆਰ-2 ਵਜੋਂ ਦੇਖਣਾ ਚਾਹੁੰਦੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਰਜਨੀ ਕਾਂਤ ਨੇ ਕਿਹਾ—ਤਾਮਿਲਨਾਡੂ ਦੀ ਹੋਣੀ ਦੁਬਾਰਾ ਲਿਖਣ ਦਾ ਵਕਤ ਆ ਗਿਆ ਹੈ। ਤਬਦੀਲੀ ਦੀ ਬਹੁਤ ਵੱਡੀ ਲੋੜ ਹੈ। ਹੁਣ ਨਹੀਂ ਤਾਂ ਕਦੇ ਨਹੀਂ ਵਾਲੀ ਸਥਿਤੀ ਹੈ। ਸੱਤਾ ਵਿਚ ਆ ਕੇ ਅਸੀਂ ਸਭ ਕੁਝ ਬਦਲ ਦਿਆਂਗੇ। ਇਸ ਦੇ ਨਾਲ ਹੀ 12 ਦਸੰਬਰ ਨੂੰ 70 ਸਾਲ ਦੇ ਹੋਣ ਵਾਲੇ ਰਜਨੀ ਕਾਂਤ ਨੇ ਆਪਣੀ ਸਿਹਤ ਬਾਰੇ ਵੀ ਗੱਲ ਕਰਦਿਆਂ ਕਿਹਾ—ਪਾਰਟੀ ਬਣਾਉਣ ਤੋਂ ਪਹਿਲਾਂ ਮੈਂ ਸਾਰੇ ਤਾਮਿਲਨਾਡੂ ਦਾ ਦੌਰਾ ਕਰਕੇ ਲੋਕਾਂ ਨੂੰ ਜਾਗਰਤ ਕਰਨ ਦਾ ਮਨ ਬਣਾਇਆ ਸੀ, ਪਰ ਕਿਡਨੀ ਬਦਲਵਾਉਣੀ ਪੈਣ ਕਰਕੇ ਅਤੇ ਫਿਰ ਕੋਰੋਨਾ ਸੰਕਟ ਕਾਰਨ ਅਜਿਹਾ ਨਹੀਂ ਕਰ ਸਕਿਆ। ਡਾਕਟਰਾਂ ਨੇ ਲੋਕਾਂ ਨੂੰ ਘੱਟ ਮਿਲਣ ਦੀ ਸਲਾਹ ਦਿੱਤੀ ਹੈ, ਪਰ ਹੁਣ ਜੇ ਜਾਨ ਦਾ ਜੋਖਮ ਵੀ ਉਠਾਉਣਾ ਪਵੇ, ਮੈਂ ਉਠਾਵਾਂਗਾ, ਕਿਉਂਕਿ ਮੇਰੇ ਲਈ ਲੋਕਾਂ ਦੀ ਭਲਾਈ ਸਭ ਤੋਂ ਉੱਪਰ ਹੈ।
'ਰੂਹਾਨੀ ਸਿਆਸਤ' ਦੀ ਗੱਲ ਕਹਿਣ ਵਾਲੇ ਰਜਨੀ ਕਾਂਤ ਦੀ ਭਾਜਪਾ ਨਾਲ ਨੇੜਤਾ ਦੀ ਕਾਫੀ ਚਰਚਾ ਹੁੰਦੀ ਹੈ। ਇਸ ਦਾ ਸੰਕੇਤ ਉਸ ਦੇ ਸਿਆਸਤ ਵਿਚ ਕੁੱਦਣ ਦੇ ਐਲਾਨ ਮੌਕੇ ਹੀ ਮਿਲ ਗਿਆ, ਜਦੋਂ ਉਸ ਨੇ ਕਿਹਾ ਕਿ ਅਰਜੁਨ ਮੂਰਤੀ ਨਵੀਂ ਪਾਰਟੀ ਦੇ 'ਚੀਫ ਕੋਆਰਡੀਨੇਟਰ' ਵਜੋਂ ਕੰਮ ਕਰੇਗਾ। ਮੂਰਤੀ ਭਾਜਪਾ ਦੇ ਸੂਬਾਈ ਬੁੱਧੀਜੀਵੀ ਸੈੱਲ ਦਾ ਮੁਖੀ ਸੀ ਅਤੇ ਉਸ ਨੇ ਸ਼ਾਮ ਨੂੰ ਹੀ ਭਾਜਪਾ ਤੋਂ ਅਸਤੀਫਾ ਦਿੱਤਾ। ਭਾਜਪਾ ਨੇ ਵੀ ਤੁਰੰਤ ਉਸ ਦਾ ਅਸਤੀਫਾ ਮਨਜ਼ੂਰ ਕਰ ਲਿਆ। ਹਿੰਦੂ ਸੱਜ-ਪਿਛਾਖੜੀ ਲੋਕ ਤੇ ਰਜਨੀ ਕਾਂਤ ਦੇ ਪ੍ਰਸੰਸਕ ਮੰਨਦੇ ਹਨ ਕਿ ਉਹ ਤਾਮਿਲਨਾਡੂ ਦੀ ਸਿਆਸਤ ਵਿਚਲਾ ਖਲਾਅ ਭਰ ਸਕਦਾ ਹੈ, ਪਰ ਰਜਨੀ ਕਾਂਤ ਦੇ ਐਲਾਨ ਤੋਂ ਬਾਅਦ ਸੂਬੇ ਦੀਆਂ ਪਾਰਟੀਆਂ ਦੇ ਆਏ ਪ੍ਰਤੀਕਰਮਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਕਿੰਨਾ ਕੁ ਸਫਲ ਹੋ ਸਕਦਾ ਹੈ। ਡੀ ਐੱਮ ਕੇ ਦੇ ਪਾਰਲੀਮੈਂਟੇਰੀਅਨ ਤੇ ਤਰਜਮਾਨ ਟੀ ਕੇ ਅੱੈਸ ਏਲੈਂਗੋਵਾਨ ਨੇ ਕਿਹਾ—ਕੁਝ ਦਿਨ ਪਹਿਲਾਂ ਉਹ ਜਕੋਤਕੀ ਵਿਚ ਸੀ। ਪਤਾ ਨਹੀਂ ਹੁਣ ਉਸ 'ਤੇ ਕਿਹੜਾ ਦਬਾਅ ਪੈ ਗਿਆ ਕਿ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ। ਡੀ ਐੱਮ ਕੇ ਨੂੰ ਉਸ ਦੀ ਐਂਟਰੀ ਨਾਲ ਕੋਈ ਫਰਕ ਨਹੀਂ ਪੈਣਾ, ਉਹ ਹੁਕਮਰਾਨ ਅੰਨਾ ਡੀ ਐੱਮ ਕੇ ਦੀਆਂ ਵੋਟਾਂ ਹੀ ਤੋੜੇਗਾ। ਦਲਿਤ ਪਾਰਲੀਮੈਂਟੇਰੀਅਨ ਤੇ ਵੀ ਸੀ ਕੇ ਦੇ ਆਗੂ ਥੋਲ ਤਿਰੁਮਵਲਾਵਨ ਮੁਤਾਬਕ ਉਸ ਦੇ ਰੂਹਾਨੀ ਸਿਆਸਤ ਦੇ ਆਈ ਡੀਏ ਵਿਚ ਕੋਈ ਸਪੱਸ਼ਟਤਾ ਨਹੀਂ। ਕੌਮੀ ਸੰਦਰਭ ਵਿਚ ਇਹ ਆਈ ਡੀਆ ਬਹੁਗਿਣਤੀ-ਵਾਦੀ ਫਿਰਕੂ ਸਿਆਸਤ ਨਾਲ ਜੁੜਦਾ ਹੈ, ਜਿਸ ਲਈ ਤਾਮਿਲਨਾਡੂ ਵਿਚ ਕੋਈ ਥਾਂ ਨਹੀਂ, ਕਿਉਂਕਿ ਇਥੇ ਦ੍ਰਾਵਿੜ ਪਾਰਟੀਆਂ ਤੇ ਅਗਾਂਹਵਧੂ ਖੱਬੀਆਂ ਤਾਕਤਾਂ ਦਾ ਹੀ ਅਸਰ ਹੈ। ਰਜਨੀ ਕਾਂਤ ਨੇ ਇਹ ਵੀ ਕਿਹਾ ਹੈ ਕਿ ਉਹ ਮਾਰਚ ਵਿਚ ਆਪਣੀ ਹਥਲੀ ਫਿਲਮ ਮੁਕੰਮਲ ਕਰਨ ਤੋਂ ਬਾਅਦ ਸਰਗਰਮ ਹੋਵੇਗਾ। ਅਸੰਬਲੀ ਚੋਣਾਂ ਅਗਲੇ ਸਾਲ ਹੀ ਹਨ। ਦੇਖਣਾ ਦਿਲਚਸਪ ਹੋਵੇਗਾ ਕਿ ਉਹ ਕਿੰਨੀਆਂ ਵੋਟਾਂ ਪੱਕੀਆਂ ਕਰ ਸਕੇਗਾ ਅਤੇ ਦੂਜੀਆਂ ਪਾਰਟੀਆਂ ਦੀਆਂ ਟੁੱਟੀਆਂ ਇਹ ਵੋਟਾਂ ਭਾਜਪਾ ਦੇ ਕਿੰਨੇ ਕੰਮ ਆਉਣਗੀਆਂ।

710 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper