5 ਅਗਸਤ 2019 ਨੂੰ ਧਾਰਾ 370 ਨੂੰ ਖਤਮ ਕਰਕੇ ਜੰਮੂ-ਕਸ਼ਮੀਰ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ ਨਾਂਅ ਦੇ ਦੋ ਕੇਂਦਰ ਸ਼ਾਸਤ ਇਲਾਕਿਆਂ ਵਿਚ ਵੰਡ ਦੇਣ ਦੇ ਮੋਦੀ ਸਰਕਾਰ ਦੇ ਵਿਵਾਦਗ੍ਰਸਤ ਫੈਸਲੇ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਡਿਸਟ੍ਰਿਕਟ ਡਿਵੈੱਲਪਮੈਂਟ ਕੌਂਸਲ (ਜ਼ਿਲ੍ਹਾ ਵਿਕਾਸ ਕੌਂਸਲ—ਡੀ ਡੀ ਸੀ) ਦੀਆਂ ਚੋਣਾਂ ਦੀ ਸ਼ਕਲ ਵਿਚ ਹੋਈ ਪਹਿਲੀ ਚੋਣ ਕਸਰਤ ਦੇ ਨਤੀਜਿਆਂ ਤੋਂ ਸਾਫ ਹੋ ਗਿਆ ਹੈ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੇ ਪਰਚੀਆਂ ਰਾਹÄ ਕੇਂਦਰ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ। 20 ਜ਼ਿਲਿ੍ਹਆਂ ਦੇ 280 ਹਲਕਿਆਂ (ਕਸ਼ਮੀਰ ਤੇ ਜੰਮੂ ਦੇ 140-140) ਵਿਚੋਂ ਬੁੱਧਵਾਰ ਸ਼ਾਮ ਤੱਕ ਚਾਰ ਨੂੰ ਛੱਡ ਕੇ ਬਾਕੀ ਨਤੀਜੇ ਆ ਗਏ ਸਨ। ਭਾਵੇਂ ਭਾਜਪਾ 74 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ, ਪਰ ਉਹ ਸਵਾ ਸਾਲ ਤੱਕ ਅਫਸਰਾਂ ਦੇ ਰਾਹÄ ਰਾਜ ਕਰਨ ਦੇ ਬਾਵਜੂਦ ਵਾਦੀ ਵਿਚ ਸਿਰਫ ਤਿੰਨ ਸੀਟਾਂ ਹੀ ਜਿੱਤ ਸਕੀ। 7 ਪਾਰਟੀਆਂ ਦਾ ਗੁਪਕਾਰ ਗੱਠਜੋੜ (ਪੀਪਲਜ਼ ਅਲਾਇੰਸ ਫਾਰ ਗੁਪਕਾਰ ਡੈਕਲੇਰੇਸ਼ਨ) 112 ਸੀਟਾਂ ਜਿੱਤ ਚੁੱਕਾ ਸੀ ਅਤੇ ਉਸ ਨੇ ਭਾਜਪਾ ਦੇ ਗੜ੍ਹ ਜੰਮੂ ਵਿਚ ਵੀ ਤਕੜੀ ਸੰਨ੍ਹ ਲਾਈ ਹੈ। ਗੱਠਜੋੜ ਵਿਚ ਨੈਸ਼ਨਲ ਕਾਨਫਰੰਸ, ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀ ਡੀ ਪੀ), ਜੰਮੂ ਐਂਡ ਕਸ਼ਮੀਰ ਪੀਪਲ ਡੈਮੋਕਰੇਟਿਕ ਫਰੰਟ (ਪੀ ਡੀ ਐੱਫ), ਸੀ ਪੀ ਆਈ (ਐੱਮ), ਜੰਮੂ ਐਂਡ ਕਸ਼ਮੀਰ ਪੀਪਲ ਮੂਵਮੈਂਟ (ਕੇ ਪੀ ਐੱਮ), ਜੰਮੂ ਐਂਡ ਕਸ਼ਮੀਰ ਪੀਪਲਜ਼ ਕਾਨਫਰੰਸ (ਜੇ ਕੇ ਪੀ ਸੀ) ਅਤੇ ਅਵਾਮੀ ਨੈਸ਼ਨਲ ਕਾਨਫਰੰਸ ਸ਼ਾਮਲ ਹਨ। ਗੱਠਜੋੜ ਦਾ ਹਿੱਸਾ ਬਣਨ ਤੋਂ ਬਾਅਦ ਭਾਜਪਾ ਦੇ ਟੁਕੜੇ-ਟੁਕੜੇ ਗੁਪਕਾਰ ਗੈਂਗ ਦੇ ਮਿਹਣਿਆਂ ਤੋਂ ਬਾਅਦ ਪਾਸੇ ਹੋ ਗਈ ਕਾਂਗਰਸ ਨੂੰ ਵੀ ਜੰਮੂ ਵਿਚ 17 ਸੀਟਾਂ ਮਿਲੀਆਂ ਹਨ, ਜਦਕਿ ਦੋ ਸੀਟਾਂ ਪੈਂਥਰਜ਼ ਪਾਰਟੀ ਤੇ ਇਕ ਬਸਪਾ ਨੇ ਜਿੱਤੀ ਹੈ। ਹਿੰਦੂਆਂ ਤੇ ਸਿੱਖਾਂ ਦੀ ਬਹੁਗਿਣਤੀ ਵਾਲੇ ਜੰਮੂ ਖਿੱਤੇ ਵਿਚ ਗੁਪਕਾਰ ਗੱਠਜੋੜ ਦਾ ਜਿੱਤਣਾ ਭਾਜਪਾ ਲਈ ਸਪਸ਼ੱਟ ਧੱਕਾ ਹੈ। ਗੱਠਜੋੜ ਦੇ ਜੰਮੂ ਖਿੱਤੇ ਵਿਚ 35 ਸੀਟਾਂ ਜਿੱਤਣ ਤੋਂ ਬਾਅਦ ਭਾਜਪਾ ਦੇ ਇਸ ਦਾਅਵੇ ਦੀ ਵੀ ਫੂਕ ਨਿਕਲ ਗਈ ਹੈ ਕਿ ਗੁਪਕਾਰ ਗੱਠਜੋੜ ਦੀਆਂ ਪਾਰਟੀਆਂ ਕਸ਼ਮੀਰ ਅਧਾਰਤ ਹੀ ਹਨ। ਕਸ਼ਮੀਰ ਵਿਚ ਸਿਰਫ ਤਿੰਨ ਸੀਟਾਂ ਜਿੱਤ ਕੇ ਗਦਗਦ ਹੋਈ ਫਿਰਦੀ ਭਾਜਪਾ ਦਾ ਗੱਠਜੋੜ ਤੋਂ 35 ਸੀਟਾਂ ਹਾਰਨ ਦੇ ਬਾਅਦ ਜੰਮੂ ਵਿਚ ਵੀ ਦਬਦਬਾ ਘਟਿਆ ਹੈ। ਵਾਦੀ ਵਿਚ ਗੁਪਕਾਰ ਗੱਠਜੋੜ ਵਿਚ ਸ਼ਾਮਲ ਨੈਸ਼ਨਲ ਕਾਨਫਰੰਸ ਨੇ 42 ਤੇ ਪੀ ਡੀ ਪੀ ਨੇ 26 ਸੀਟਾਂ ਜਿੱਤੀਆਂ ਹਨ। ਇਕ ਹੋਰ ਭਾਈਵਾਲ ਸੀ ਪੀ ਆਈ (ਐੱਮ) ਨੇ ਵੀ ਆਪਣੇ ਗੜ੍ਹ ਕੁਲਗਾਮ ਵਿਚ ਆਪਣੇ ਖਾਤੇ ਦੀਆਂ ਪੰਜੇ ਸੀਟਾਂ ਜਿੱਤ ਲਈਆਂ ਹਨ। ਡੀ ਡੀ ਸੀ ਚੋਣਾਂ ਸਥਾਨਕ ਨੌਈਅਤ ਦੀਆਂ ਸਨ, ਪਰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਰੁਤਬਾ ਖਤਮ ਕਰਨ ਨੂੰ ਲੈ ਕੇ ਇਕ ਤਰ੍ਹਾਂ ਨਾਲ ਰੈਫਰੈਂਡਮ ਵਿਚ ਬਦਲ ਗਈਆਂ ਸਨ। ਗੁਪਕਾਰ ਗੱਠਜੋੜ ਦਾ ਜਨਮ ਹੀ ਧਾਰਾ 370 ਦੀ ਬਹਾਲੀ ਲਈ ਹੋਇਆ ਸੀ, ਜਦਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਨੂੰ ਗੁਪਕਾਰ ਗੈਂਗ ਅਤੇ ਇਸ ਦੇ ਆਗੂਆਂ ਨੂੰ ਕੌਮ-ਵਿਰੋਧੀ, ਲੁਟੇਰੇ ਅਤੇ ਵਿਦੇਸ਼ੀ ਤਾਕਤਾਂ ਦਾ ਜੰਮੂ-ਕਸ਼ਮੀਰ ਵਿਚ ਦਖਲ ਕਰਾਉਣ ਦੀ ਇੱਛਾ ਰੱਖਣ ਵਾਲੇ ਦੱਸ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਕੇਂਦਰ ਦਾ ਧਾਰਾ 370 ਖਤਮ ਕਰਨ ਦਾ ਫੈਸਲਾ ਵਾਜਬ ਸੀ। ਭਾਜਪਾ ਨੇ ਕਸ਼ਮੀਰ ਵਿਚ ਸਿਰਫ ਤਿੰਨ ਸੀਟਾਂ ਨਾਲ ਆਪਣੇ ਪੈਰ ਲੱਗਣ ਦੇ ਨਾਲ-ਨਾਲ ਚੋਣਾਂ ਨੂੰ ਜਮਹੂਰੀਅਤ ਦੀ ਜਿੱਤ ਦੱਸਿਆ ਹੈ, ਪਰ ਜਿਸ ਢੰਗ ਨਾਲ ਚੋਣਾਂ ਦਾ ਅਮਲ ਚੱਲਿਆ, ਉਹ ਉਸ ਦੇ ਜਮਹੂਰੀਅਤ ਦੇ ਦਾਅਵੇ ਨੂੰ ਸਹੀ ਸਾਬਤ ਨਹÄ ਕਰਦਾ। ਪ੍ਰਸ਼ਾਸਨ ਨੇ ਸੁਰੱਖਿਆ ਦੇ ਨਾਂਅ ’ਤੇ ਗੁਪਕਾਰ ਦੇ ਆਗੂਆਂ ਨੂੰ ਪ੍ਰਚਾਰ ਨਹÄ ਕਰਨ ਦਿੱਤਾ। ਇਸ ਦੇ ਕਈ ਉਮੀਦਵਾਰਾਂ ਨੂੰ ਘਰÄ ਡੱਕੀ ਰੱਖਿਆ। ਚੋਣਾਂ ਵਿਚ ਤਰ੍ਹਾਂ-ਤਰ੍ਹਾਂ ਦੇ ਸਕੈਂਡਲ ਕੱਢ ਲਿਆਂਦੇ, ਜਿਹੜੇ ਭਾਜਪਾ ਨੇ ਪੀ ਡੀ ਪੀ ਨਾਲ ਸਾਂਝੀ ਸਰਕਾਰ ਚਲਾਉਣ ਵੇਲੇ ਭੁਲਾਈ ਰੱੱਖੇ ਸਨ। ਹੋਰਨਾਂ ਚੋਣਾਂ ਵਾਂਗ ਇਨ੍ਹਾਂ ਚੋਣਾਂ ਵਿਚ ਵੀ ਅਜੀਬੋ-ਗਰੀਬ ਨਤੀਜੇ ਦੇਖਣ ਨੂੰ ਮਿਲੇ, ਜਿਹੜੇ ਇਕ ਤਰ੍ਹਾਂ ਨਾਲ ਭਾਜਪਾ ਦੇ ਖਿਲਾਫ ਹੀ ਗਏ। ਭਾਜਪਾ-ਪੀ ਡੀ ਪੀ ਸਰਕਾਰ ਵਿਚ ਮੰਤਰੀ ਰਹੇ ਸ਼ਿਆਮ ਲਾਲ ਚੌਧਰੀ ਜੰਮੂ ਜ਼ਿਲ੍ਹੇ ਦੀ ਸੁਚੇਤਗੜ੍ਹ ਸੀਟ ’ਤੇ ਆਜ਼ਾਦ ਉਮੀਦਵਾਰ ਤਰਨਜੀਤ ਸਿੰਘ ਹੱਥੋਂ 11 ਵੋਟਾਂ ਨਾਲ ਹਾਰ ਗਏ। ਤਰਨਜੀਤ ਨੂੰ 12969 ਵੋਟਾਂ ਮਿਲੀਆਂ, ਜਦਕਿ ਕੱਦਾਵਰ ਆਗੂ ਚੌਧਰੀ ਨੂੰ 12958 ਵੋਟਾਂ। ਪੁਲਵਾਮਾ ਦੀ ਦਦਸਾਰਾ ਸੀਟ ’ਤੇ ਆਜ਼ਾਦ ਅਵਤਾਰ ਸਿੰਘ ਨੇ ਨੈਸ਼ਨਲ ਕਾਨਫਰੰਸ ਦੇ ਅਲੀ ਮੁਹੰਮਦ ਭੱਟ ਨੂੰ 3 ਵੋਟਾਂ ਨਾਲ ਹਰਾਇਆ। ਅਵਤਾਰ ਸਿੰਘ ਨੂੰ 246 ਤੇ ਭੱਟ ਨੂੰ 243 ਵੋਟਾਂ ਮਿਲੀਆਂ। ਭਾਜਪਾ ਦੇ ਹੀ ਸਾਬਕਾ ਮੰਤਰੀ ਸ਼ਕਤੀ ਸਿੰਘ ਪਰਿਹਾਰ ਵੀ ਡੋਡਾ ਦੀ ਗੁੰਡਨਾ ਸੀਟ ਤੋਂ ਨੈਸ਼ਨਲ ਕਾਨਫਰੰਸ ਦੇ ਅਸੀਮ ਹਾਸ਼ਮੀ ਹੱਥੋਂ 1336 ਵੋਟਾਂ ਨਾਲ ਹਾਰ ਗਏ। ਕੇਂਦਰੀ ਹਾਕਮਾਂ ਦੀ ਹਮਾਇਤ ਪ੍ਰਾਪਤ ਅਲਤਾਫ ਬੁਖਾਰੀ ਦੀ ਜੰਮੂ ਐਂਡ ਕਸ਼ਮੀਰ ਅਪਨੀ ਪਾਰਟੀ ਨੂੰ ਵੀ ਤਕੜਾ ਝਟਕਾ ਲੱਗਿਆ ਹੈ। ਉਹ ਸਿਰਫ 12 ਸੀਟਾਂ ਹੀ ਜਿੱਤ ਸਕੀ। ਅਸੰਬਲੀ ਚੋਣਾਂ ਤੋਂ ਪਹਿਲਾਂ ਇਨ੍ਹਾਂ ਚੋਣਾਂ ਤੋਂ ਹੀ ਪਤਾ ਲੱਗ ਸਕਦਾ ਸੀ ਕਿ ਲੋਕ ਕੀ ਚਾਹੁੰਦੇ ਹਨ। ਹਾਲਾਂਕਿ ਗੁਪਕਾਰ ਗੱਠਜੋੜ ਚੰਗਾ ਪ੍ਰਦਰਸ਼ਨ ਕਰ ਗਿਆ ਹੈ, ਪਰ ਉਹ ਧਾਰਾ 370 ਖਤਮ ਕਰਨ ਦਾ ਫੈਸਲਾ ਵਾਪਸ ਨਹÄ ਕਰਾ ਸਕਦਾ, ਕਿਉਂਕਿ ਸੰਸਦ ਵਿਚ ਭਾਜਪਾ ਦਾ ਤਕੜਾ ਬਹੁਮਤ ਹੈ। ਸੁਸਤ ਰਫਤਾਰ ਚੱਲ ਰਹੀ ਸੁਪਰੀਮ ਕੋਰਟ ਜੇ ਕੇਂਦਰ ਦੇ ਫੈਸਲੇ ਵਿਰੁੱਧ ਦਾਖਲ ਪਟੀਸ਼ਨਾਂ ਦਾ ਨਬੇੜਾ ਕਰਦਿਆਂ ਊਣਤਾਈਆਂ ਕੱਢ ਵੀ ਦਿੰਦੀ ਹੈ ਤਾਂ ਵੀ ਬਹੁਤਾ ਫਰਕ ਪੈਂਦਾ ਨਹÄ ਲੱਗਦਾ, ਕਿਉਂਕਿ ਭਾਜਪਾ ਸੰਸਦੀ ਬਹੁਮਤ ਨਾਲ ਫਿਰ ਕੋਈ ਕਾਨੂੰਨ ਪਾਸ ਕਰਵਾ ਲਵੇਗੀ। ਜੰਮੂ-ਕਸ਼ਮੀਰ ਦੀ ਪਹਿਲਾਂ ਵਾਲੀ ਸਥਿਤੀ ਬਹਾਲ ਕਰਾਉਣ ਲਈ ਮੁੱਖ ਧਾਰਾ ਦੀਆਂ ਪਾਰਟੀਆਂ ਨੂੰ ਲੋਕ ਅੰਦੋਲਨ ਦਾ ਹੀ ਸਹਾਰਾ ਲੈਣਾ ਪੈਣਾ ਹੈ। ਗੁਪਕਾਰ ਗੱਠਜੋੜ ਨੇ ਭਾਵੇਂ ਸਭ ਤੋਂ ਵੱਧ ਸੀਟਾਂ ਜਿੱਤੀਆਂ ਹਨ, ਪਰ 50 ਆਜ਼ਾਦਾਂ ਦਾ ਜਿੱਤਣਾ ਦਰਸਾਉਂਦਾ ਹੈ ਕਿ ਜੇ ਉਨ੍ਹਾਂ ਦੇ ਹਲਕਿਆਂ ਦੇ ਲੋਕ ਭਾਜਪਾ ਦੇ ਵਿਰੁੱਧ ਭੁਗਤੇ ਹਨ ਤਾਂ ਗੱਠਜੋੜ ਦੇ ਵੀ ਵਿਰੁੱਧ ਭੁਗਤੇ ਹਨ। ਉਨ੍ਹਾਂ ਨੂੰ ਆਪਣੇ ਨਾਲ ਜੋੜਨ ਲਈ ਗੱਠਜੋੜ ਨੂੰ ਜਤਨ ਕਰਨੇ ਪੈਣਗੇ।