ਅੱਜ ਅਸ਼ਵਨੀ ਕੁਮਾਰ ਦੀ 100ਵÄ ਜਨਮ ਵਰ੍ਹੇਗੰਢ ਹੈ, ਜਿਨ੍ਹਾ ਸ਼ਾਨਦਾਰ ਪੁਲਸ ਸੇਵਾ ਦੇ ਨਾਲ-ਨਾਲ ਖੇਡਾਂ, ਖਾਸਕਰ ਹਾਕੀ ਦੀ ਤਰੱਕੀ ਲਈ ਕਾਫੀ ਯੋਗਦਾਨ ਦਿੱਤਾ। ਉਨ੍ਹਾ ਦਾ ਜਨਮ 28 ਦਸੰਬਰ 1920 ਨੂੰ ਉੱਘੇ ਫਿਜ਼ੀਸ਼ੀਅਨ ਡਾ. ਵਿਸ਼ਵਾ ਨਾਥ ਦੇ ਘਰ ਜਲੰਧਰ ਵਿਚ ਹੋਇਆ ਸੀ। ਉਹ ਪੰਜ ਭਰਾਵਾਂ ਤੇ ਚਾਰ ਭੈਣਾਂ ਵਿਚ ਪੰਜਵੇਂ ਨੰਬਰ ਦੇ ਸਨ। ਲਾਹੌਰ ਦੇ ਗੌਰਮਿੰਟ ਕਾਲਜ ਤੋਂ ਇਤਿਹਾਸ ਵਿਚ ਮਾਸਟਰ ਡਿਗਰੀ ਕਰਨ ਵਾਲੇ ਅਸ਼ਵਨੀ ਕੁਮਾਰ ਸ਼ਾਨਦਾਰ ਹਾਕੀ ਖਿਡਾਰੀ ਰਹੇ ਤੇ ਕੌਮੀ ਪੱਧਰ ਤੱਕ ਖੇਡੇ। ਉਨ੍ਹਾ ਦਾ ਪੁਲਸ ਕੈਰੀਅਰ 1942 ਵਿਚ ਸ਼ੁਰੂ ਹੋਇਆ, ਜਦੋਂ ਉਹ 22 ਸਾਲ ਦੀ ਉਮਰ ਵਿਚ ਇੰਪੀਰੀਅਲ ਪੁਲਸ ਵਿਚ ਸ਼ਾਮਲ ਹੋਏ। ਅੱਜ ਦੀ ਇੰਡੀਅਨ ਪੁਲਸ ਸਰਵਿਸ (ਆਈ ਪੀ ਐੱਸ) ਉਦੋਂ ਇੰਪੀਰੀਅਲ ਪੁਲਸ ਹੁੰਦੀ ਸੀ ਅਤੇ ਸਾਲ ਵਿਚ ਸਿਰਫ ਇਕ ਭਾਰਤੀ ਨੂੰ ਹੀ ਇਸ ਲਈ ਚੁਣਿਆ ਜਾਂਦਾ ਸੀ। ਪੁਲਸ ਸੇਵਾ ਦੌਰਾਨ ਅਸ਼ਵਨੀ ਕੁਮਾਰ ਨੇ ਕਈ ਔਖੇ ਕੇਸ ਹੱਲ ਕੀਤੇ, ਜਿਵੇਂ ਕਿ ਗੁਜਰਾਤ ਵਿਚ ਖੂੰਖਾਰ ਭੂਪਤ ਗ੍ਰੋਹ ਦਾ ਖਾਤਮਾ, ਜਿਸ ਲਈ ਕਿ ਉਨ੍ਹਾ ਨੂੰ 1951 ਵਿਚ ਪੰਜਾਬ ਤੋਂ ਸਪੈਸ਼ਲ ਘੱਲਿਆ ਗਿਆ ਸੀ। 1960 ਵਿਚ ਵੇਲੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਕਾਤਲਾਂ ਨੂੰ ਨੇਪਾਲ ਜਾ ਕੇ ਫੜਨਾ ਵੀ ਕਾਫੀ ਚਰਚਿਤ ਕੇਸ ਸੀ। ਉਹ ਪੰਜਾਬ ਪੁਲਸ ਦੇ ਡੀ ਆਈ ਜੀ ਤੋਂ ਬਾਅਦ ਇਕ ਅਕਤੂਬਰ 1974 ਤੋਂ 31 ਦਸੰਬਰ 1978 ਤੱਕ ਬੀ ਐੱਸ ਐੱਫ ਦੇ ਡਾਇਰੈਕਟਰ ਜਨਰਲ ਰਹੇ। ਸਰਕਾਰ ਨੇ ਉਨ੍ਹਾ ਨੂੰ 1972 ਵਿਚ ਪਦਮ ਭੂਸ਼ਣ ਨਾਲ ਵੀ ਨਿਵਾਜਿਆ ਸੀ। ਉਨ੍ਹਾ ਦੀ ਮੁਹਾਰਤ ਤੇ ਤਜਰਬੇ ਦਾ ਕੌਮਾਂਤਰੀ ਉਲੰਪਿਕ ਕਮੇਟੀ ਨੇ ਵੀ ਕਾਫੀ ਲਾਹਾ ਲਿਆ। ਉਨ੍ਹਾ 1980 ਦੀ ਮਾਸਕੋ ਉਲੰਪਿਕ ਤੋਂ ਲੈ ਕੇ 6 ਉਲੰਪਿਕਸ ਦੀ ਸੁਰੱਖਿਆ ਦੀ ਨਿਗਰਾਨੀ ਕੀਤੀ। 1992 ਦੀ ਬਾਰਸੀਲੋਨਾ ਉਲੰਪਿਕ ਵੇਲੇ ਸਪੇਨ ਦੇ ਰਾਜਾ ਨੇ ਉਨ੍ਹਾ ਨੂੰ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ ‘ਰਾਇਲ ਸਪੈਨਿਸ਼ ਮੈਡਲ’ ਨਾਲ ਨਿਵਾਜਿਆ। ਉਲੰਪਿਕ ਸੁਰੱਖਿਆ ਲਈ ਕੀਤੇ ਕੰਮਾਂ ਬਦਲੇ ਉਨ੍ਹਾ ਨੂੰ 2000 ਵਿਚ ਸਿਡਨੀ ਵਿਚ ‘ਪੋਲਿਸਮੈਨ ਆਫ ਦੀ ਮਿਲੇਨੀਅਮ’ ਐਲਾਨਿਆ ਗਿਆ। ਅਸ਼ਵਨੀ ਕੁਮਾਰ ਉਰਦੂ ਸ਼ਾਇਰੀ ਤੇ ਸੰਗੀਤ ਦੇ ਵੀ ਦੀਵਾਨੇ ਸਨ। ਉਹ ਜਲੰਧਰ ਵਿਚ ਹਰ ਸਾਲ ਹੁੰਦੇ ਸੰਗੀਤ ਦੇ ਮਹਾਂਕੁੰਭ ‘ਹਰਵੱਲਭ ਸੰਗੀਤ ਸੰਮੇਲਨ’ ਨੂੰ ਜਥੇਬੰਦ ਕਰਨ ਵਾਲੀ ਸੰਸਥਾ ਦੇ ਪ੍ਰਧਾਨ ਰਹੇ, ਪਰ ਜਿਸ ਲਈ ਉਨ੍ਹਾ ਨੂੰ ਸਭ ਤੋਂ ਜ਼ਿਆਦਾ ਯਾਦ ਕੀਤਾ ਜਾਂਦਾ ਹੈ, ਉਹ ਹੈ ਹਾਕੀ ਦੀ ਤਰੱਕੀ ਲਈ ਉਨ੍ਹਾ ਦਾ ਯੋਗਦਾਨ। ਦੋ ਸਾਲ ਉਪ-ਪ੍ਰਧਾਨ ਰਹਿਣ ਤੋਂ ਬਾਅਦ ਉਹ 1958 ਵਿਚ ਭਾਰਤੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਬਣੇ ਤੇ ਅਸਤੀਫਾ ਦੇਣ ਤੋਂ ਪਹਿਲਾਂ 1973-74 ਤੱਕ ਇਸ ਅਹੁਦੇ ਤੱਕ ਰਹੇ। ਇਸ ਦੌਰਾਨ ਉਹ ਕੌਮਾਂਤਰੀ ਹਾਕੀ ਫੈਡਰੇਸ਼ਨ ਦੇ ਕਾਫੀ ਚਿਰ ਉਪ-ਪ੍ਰਧਾਨ ਰਹੇ। ਉਨ੍ਹਾ ਦੇ ਕਾਰਜਕਾਲ ਦੌਰਾਨ ਭਾਰਤ ਨੇ 1964 ਵਿਚ ਉਲੰਪਿਕ ਤੇ 1966 ਵਿਚ ਏਸ਼ੀਅਨ ਗੇਮਜ਼ ਦਾ ਹਾਕੀ ਖਿਤਾਬ ਮੁੜ ਜਿੱਤਿਆ। ਪ੍ਰਸ਼ਾਸਕੀ ਕੰਮ ਦੇ ਨਾਲ-ਨਾਲ ਉਨ੍ਹਾ ਭਾਰਤੀ ਹਾਕੀ ਨੂੰ ਬਲਬੀਰ ਸਿੰਘ ਸੀਨੀਅਰ, ਊਧਮ ਸਿੰਘ ਤੇ ਅਜੀਤਪਾਲ ਵਰਗੇ ਤਿੰਨ ਹੀਰੇ ਦਿੱਤੇ। ਕੌਮਾਂਤਰੀ ਪੱਧਰ ’ਤੇ ਹਾਕੀ ਲਈ ਕੀਤੇ ਕੰਮਾਂ ਬਦਲੇ ਉਨ੍ਹਾ ਨੂੰ 1982 ਵਿਚ ‘ਆਰਡਰ ਆਫ ਮੈਰਿਟ ਆਫ ਦੀ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ’ ਨਾਲ ਨਿਵਾਜਿਆ ਗਿਆ। ਉਨ੍ਹਾ ਨੂੰ ਇਹ ਮਾਣ ਜਾਂਦਾ ਹੈ ਕਿ ਉਹ 1948 ਦੀ ਲੰਡਨ ਉਲੰਪਿਕ ਤੋਂ 2012 ਦੀ ਲੰਡਨ ਉਲੰਪਿਕ ਤੱਕ ਲਗਾਤਾਰ 17 ਉਲੰਪਿਕ ਖੇਡਾਂ ਦਾ ਹਿੱਸਾ ਰਹੇ। ਉਹ 1956-60 ਤੇ 1970-74 ਤੱਕ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਸਕੱਤਰ ਜਨਰਲ ਵੀ ਰਹੇ ਅਤੇ ਉਨ੍ਹਾ ਦੀਆਂ ਸੇਵਾਵਾਂ ਦੀ ਕਦਰ ਕਰਦਿਆਂ ਉਨ੍ਹਾ ਨੂੰ ਐਸੋਸੀਏਸ਼ਨ ਦਾ ਲਾਈਫ ਪ੍ਰੈਜ਼ੀਡੈਂਟ ਥਾਪਿਆ ਗਿਆ। ਹਾਕੀ ਪ੍ਰਤੀ ਉਨ੍ਹਾ ਦੇ ਜਨੂੰਨ ਦੀ ਇਕ ਮਿਸਾਲ ਇਹ ਵੀ ਦਿੱਤੀ ਜਾ ਸਕਦੀ ਹੈ ਕਿ ਆਪਣੀਆਂ ਦੋ ਧੀਆਂ ਵਿਚੋਂ ਇਕ ਰੋਹਿਣੀ ਦਾ ਨਿੱਕਾ ਨਾਂਅ ਉਨ੍ਹਾ ਹਾਕੀ ਰੱਖਿਆ ਹੋਇਆ ਸੀ। 1980ਵਿਆਂ ਤੋਂ ਬਾਅਦ ਭਾਰਤੀ ਹਾਕੀ ਵਿਚ ਆਏ ਨਿਘਾਰ ਤੋਂ ਉਹ ਕਾਫੀ ਦੁਖੀ ਰਹੇ ਅਤੇ ਆਪਣੇ ਇਸ ਦੁੱਖ ਦਾ ਇਜ਼ਹਾਰ ਉਹ ਇਸ ਸਤਰ ਨਾਲ ਕਰਦੇ ਸਨ—ਕਹਾਂ ਗਏ ਵੋ ਕਾਫਿਲੇ, ਜਿਨਪੇ ਹਮੇਂ ਨਾਜ਼ ਥਾ। ਪਰ ਹਾਕੀ ਲਈ ਉਨ੍ਹਾ ਜਿੰਨਾ ਕੀਤਾ, ਉਸ ਲਈ ਉਨ੍ਹਾ ’ਤੇ ਭਾਰਤ ਹੀ ਨਹÄ, ਸਾਰੀ ਦੁਨੀਆ ਸਦਾ ਨਾਜ਼ ਕਰਦੀ ਰਹੇਗੀ।