Latest News
ਦਿੱਲੀ ਬਾਰਡਰ ’ਤੇ

Published on 29 Dec, 2020 10:46 AM.

ਅੱਜਕੱਲ੍ਹ ਕਈ ਪਰਵਾਰ ਦੂਹਰੀ ਲੜਾਈ ਲੜ ਰਹੇ ਹਨ। ਉਨ੍ਹਾਂ ਦੇ ਪੁੱਤਰ ਸਰਹੱਦਾਂ ’ਤੇ ਡਟੇ ਹੋਏ ਹਨ, ਜਦਕਿ ਪਿੱਛੇ ਰਹਿਣ ਵਾਲੇ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਦੀ ਲੜਾਈ ਵਿਚ ਦਿੱਲੀ ਬਾਰਡਰ ’ਤੇ। ਪਹਿਲੀ ਦਸੰਬਰ ਤੋਂ ਟਿਕਰੀ ਬਾਰਡਰ ’ਤੇ ਮੋਰਚਾ ਲਾਈ ਬੈਠੇ ਸੰਗਰੂਰ ਦੇ ਗੁਰਬਖਸ਼ਪੁਰਾ ਦੇ ਕਰਮਜੀਤ ਸਿੰਘ ਫੌਜ ਤੋਂ ਹੌਲਦਾਰ ਵਜੋਂ ਰਿਟਾਇਰ ਹੋਏ ਸਨ। ਉਨ੍ਹਾ ਦਾ ਪੁੱਤਰ ਤੇ ਭਰਾ ਵੀ ਫੌਜ ’ਚ ਹਨ। ਉਨ੍ਹਾ ਦੀ ਸੋਚ ਹੈ ਕਿ ਕਿਸਾਨਾਂ ਦਾ ਵਰਤਮਾਨ ਅੰਦੋਲਨ ਕਿਸੇ ਦੇਸ਼ ਨਾਲ ਲੜਾਈ ਤੋਂ ਘੱਟ ਨਹÄ। ਬਦਕਿਸਮਤੀ ਨਾਲ ਇਹ ਲੜਾਈ ਆਪਣੀ ਹੀ ਸਰਕਾਰ ਨਾਲ ਲੜਨੀ ਪੈ ਰਹੀ ਹੈ। ਬਾਜਵਾ ਪਿੰਡ ਦੇ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾ ਦਾ ਫੌਜੀ ਪੋਤਰਾ ਰੋਜ਼ ਫੋਨ ਕਰਕੇ ਅੰਦੋਲਨ ਬਾਰੇ ਪੁੱਛਦਾ ਹੈ ਤੇ ਹੌਸਲਾ ਦਿੰਦਾ ਹੈ ਕਿ ਕਾਨੂੰਨ ਵਾਪਸ ਕਰਵਾਏ ਬਿਨਾਂ ਨਾ ਮੁੜਿਓ। 18 ਸਾਲ ਦੀ ਨਵਜੋਤ ਕੌਰ ਦੇ ਪਿਤਾ ਫੌਜ ਵਿਚ ਹਨ ਤੇ ਉਹ ਦਿੱਲੀ ਬਾਰਡਰ ’ਤੇ ਡਟੀ ਹੋਈ ਹੈ। ਗੁਰਦਾਸਪੁਰ ਦੇ ਨੈਣਾਕੋਟ ਤੋਂ 14 ਦਸੰਬਰ ਨੂੰ ਦਿੱਲੀ ਬਾਰਡਰ ’ਤੇ ਪੁੱਜੇ 85 ਸਾਲ ਦੇ ਅਮਰਜੀਤ ਸਿੰਘ ਨੇ 1962, 1965 ਤੇ 1971 ਵਿਚ ਚੀਨ ਤੇ ਪਾਕਿਸਤਾਨ ਨਾਲ ਜੰਗਾਂ ਲੜੀਆਂ ਤੇ ਹੁਣ ਉਨ੍ਹਾ ਦਾ ਕਹਿਣਾ ਹੈ ਕਿ ਉਹ ਉਦੋਂ ਹੀ ਘਰ ਪਰਤਣਗੇ, ਜਦੋਂ ਸਰਕਾਰ ਤੋਂ ਨਵੇਂ ਖੇਤੀ ਕਾਨੂੰਨ ਵਾਪਸ ਕਰਵਾਉਣ ਦੀ ਚੌਥੀ ਲੜਾਈ ਜਿੱਤ ਲੈਣਗੇ। ਦਿੱਲੀ ਬਾਰਡਰ ’ਤੇ ਨਾ ਸਿਰਫ ਪੰਜਾਬ ਤੇ ਹਰਿਆਣਾ ਦੇ ਸਾਬਕਾ ਫੌਜੀ ਵੱਡੀ ਗਿਣਤੀ ਵਿਚ ਪੁੱਜੇ ਹੋਏ ਹਨ, ਯੂ ਪੀ, ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਸਾਬਕਾ ਫੌਜੀ ਵੀ ਆਏ ਹੋਏ ਹਨ। ਲੱਗਭੱਗ 98 ਫੀਸਦੀ ਫੌਜੀ ਕਿਸਾਨ ਤੇ ਮਜ਼ਦੂਰ ਪਰਵਾਰਾਂ ਵਿਚੋਂ ਹੁੰਦੇ ਹਨ ਤੇ ਉਨ੍ਹਾਂ ਨੂੰ ਪਤਾ ਕਿ ਦੋ ਵਕਤ ਦੀ ਰੋਟੀ ਕਮਾਉਣ ਲਈ ਉਨ੍ਹਾਂ ਦੇ ਘਰਦਿਆਂ ਨੂੰ ਕਿੰਨਾ ਸੰਘਰਸ਼ ਕਰਨਾ ਪੈਂਦਾ ਹੈ। ਕਿਸਾਨ ਘੋਲ ਵਿਚ ਸਾਬਕਾ ਫੌਜੀਆਂ ਦੀ ਸ਼ਮੂਲੀਅਤ ਨੇ ਉਨ੍ਹਾਂ ਸੱਤਾਧਾਰੀ ਆਗੂਆਂ ਤੇ ਹਕੂਮਤਪ੍ਰਸਤ ਮੀਡੀਆ ਦੇ ਮੂੰਹ ਬੰਦ ਕਰਨ ਵਿਚ ਵੀ ਅਹਿਮ ਰੋਲ ਅਦਾ ਕੀਤਾ ਹੈ, ਜਿਹੜੇ ਅੰਦੋਲਨਕਾਰੀਆਂ ਨੂੰ ਖਾਲਿਸਤਾਨੀ, ਅਰਬਨ ਨਕਸਲ ਤੇ ਟੁਕੜੇ-ਟੁਕੜੇ ਗੈਂਗ ਦੇ ਮੈਂਬਰ ਦੱਸ ਕੇ ਬਦਨਾਮ ਕਰ ਰਹੇ ਸਨ। ਮੰਗਾਂ ਮੰਨਣ ਦੀ ਥਾਂ ਅੰਦੋਲਨਕਾਰੀਆਂ ’ਤੇ ਲਾਈਆਂ ਜਾਂਦੀਆਂ ਤੁਹਮਤਾਂ ਤੋਂ ਸਾਬਕਾ ਫੌਜੀ ਏਨੇ ਗੁੱਸੇ ਵਿਚ ਹਨ ਕਿ ਉਹ ਦੇਸ਼ ਸੇਵਾ ਲਈ ਮਿਲੇ ਮੈਡਲ ਤੱਕ ਮੋੜਨ ਲਈ ਕਾਹਲੇ ਹਨ। ਉਹ ਰਾਸ਼ਟਰਪਤੀ ਨੂੰ ਮੈਮੋਰੰਡਮ ਦੇ ਕੇ ਇਸ ਬਾਰੇ ਸੂਚਿਤ ਵੀ ਕਰ ਚੁੱਕੇ ਹਨ। ਬਿਹਤਰ ਹੋਵੇਗਾ ਕਿ ਸਰਕਾਰ ਮਸਲੇ ਨੂੰ ਛੇਤੀ ਤੋਂ ਛੇਤੀ ਹੱਲ ਕਰ ਦੇਵੇ, ਨਹÄ ਤਾਂ ਕਿਸਾਨਾਂ ਨੂੰ ਮਿਲਣ ਵਾਲਾ ਜਵਾਨਾਂ ਦਾ ਸਾਥ ਉਸ ਲਈ ਬਹੁਤ ਮਹਿੰਗਾ ਸਾਬਤ ਹੋ ਸਕਦਾ ਹੈ। ਸਰਕਾਰ ਨੂੰ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਤਿੰਨ ਲੱਖ ਸਾਬਕਾ ਫੌਜੀ ਪੰਜਾਬ ਤੇ ਹਰਿਆਣਾ ਵਿਚ ਹੀ ਹਨ, ਸਾਰੇ ਦਿੱਲੀ ਬਾਰਡਰ ’ਤੇ ਪੁੱਜ ਗਏ ਤਾਂ ਕੀ ਬਣੇਗਾ।

734 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper