ਪਿਛਲੇ ਹਫ਼ਤੇ ਦੋ ਵਾਰ 25-26 ਤੇ 30 ਦਸੰਬਰ ਨੂੰ ਸਿੰਘੂ ਬਾਰਡਰ ਦਿੱਲੀ ਵਿਖੇ ਕਿਸਾਨ ਅੰਦੋਲਨਕਾਰੀਆਂ ਵਿਚਕਾਰ ਜਾਣ ਦਾ ਸੁਭਾਗ ਪ੍ਰਾਪਤ ਹੋਇਆ | ਅਸੀਂ ਚਾਰ ਜਣੇ 25 ਦੀ ਸ਼ਾਮ ਉੱਥੇ ਪੁੱਜੇ ਸਾਂ | ਸਾਡੇ ਰਾਤ ਰਹਿਣ ਦਾ ਪ੍ਰਬੰਧ ਸਾਡੇ ਗੁਆਂਢੀ ਪਿੰਡ ਦੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂ ਨੇ ਆਪਣੀ ਛੱਤੀ ਹੋਈ ਟਰਾਲੀ ਵਿੱਚ ਕੀਤਾ ਹੋਇਆ ਸੀ | ਸਵੇਰੇ ਉਠ ਕੇ ਨੇੜਲੇ ਗੁਰਦੁਆਰੇ ਵਿੱਚ ਇਸ਼ਨਾਨ ਪਾਣੀ ਕਰਨ ਤੋਂ ਬਾਅਦ ਜਦੋਂ ਅਸੀਂ ਮੁੜ ਟਰਾਲੀ ਕੋਲ ਪੁੱਜੇ ਤਾਂ ਉਨ੍ਹਾਂ ਨੇੜਲੇ ਮਾਲ ਵਿੱਚ ਰੱਖੀਆਂ ਕੁਰਸੀਆਂ ਲੈ ਆਂਦੀਆਂ ਤੇ ਦੱਸਿਆ ਕਿ ਦਿਨੇ ਬੈਠਣ ਲਈ ਕੁਰਸੀਆਂ ਖਰੀਦ ਲਈਆਂ ਹਨ, ਗੱਦੇ ਅੱਜ ਖਰੀਦ ਕੇ ਲਿਆਉਣੇ ਹਨ, ਤਾਂ ਜੋ ਹੋਰ ਆਉਣ ਵਾਲਿਆਂ ਲਈ ਸਹੂਲਤ ਹੋ ਸਕੇ | ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਸਾਰੇ ਸੱਜਣ ਲੰਮੀ ਲੜਾਈ ਦਾ ਮਨ ਬਣਾ ਚੁੱਕੇ ਹਨ | ਜਦੋਂ ਦੂਜੀ ਵਾਰ 30 ਦਸੰਬਰ ਨੂੰ ਪੁੱਜੇ ਤਾਂ ਟਰਾਲੀਆਂ ਤੇ ਟੈਂਟਾਂ ਦੀਆਂ ਲਾਈਨਾਂ ਦੋ ਕਿਲੋਮੀਟਰ ਤੋਂ ਵਧ ਕੇ ਕੁੰਡਲੀ ਬਾਰਡਰ ਤੱਕ ਪੁੱਜ ਚੁੱਕੀਆਂ ਸਨ ਤੇ ਸੰਘਣੀਆਂ ਵੀ ਹੋ ਗਈਆਂ ਸਨ |
ਸਾਰੇ ਕੈਂਪ ਵਿੱਚ ਤੁਰ-ਫਿਰ ਕੇ ਸਾਨੂੰ ਜੋ ਅਹਿਸਾਸ ਹੋਇਆ, ਉਹ ਇਹ ਸੀ ਕਿ ਭਾਵੇਂ ਹਾਲੇ ਖੇਤੀ ਸੰਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਲੜਾਈ ਜਾਰੀ ਹੈ, ਪਰ ਸੰਘਰਸ਼ਸ਼ੀਲ ਜਨਤਾ ਕਈ ਮਹੱਤਵਪੂਰਨ ਲੜਾਈਆਂ ਜਿੱਤ ਚੁੱਕੀ ਹੈ | ਪਿਛਲੇ ਛੇ ਸਾਲਾਂ ਵਿੱਚ ਭਾਜਪਾ ਦੀ ਫਾਸ਼ੀਵਾਦੀ ਹਕੂਮਤ ਨੇ ਵੱਖ-ਵੱਖ ਫਿਰਕਿਆਂ ਵਿੱਚ ਜਿਹੜੀਆਂ ਨਫ਼ਰਤ ਦੀਆਂ ਦੀਵਾਰਾਂ ਖੜ੍ਹੀਆਂ ਕੀਤੀਆਂ ਸਨ, ਇਸ ਅੰਦੋਲਨ ਨੇ ਇੱਕੋ ਝਟਕੇ ਨਾਲ ਉਨ੍ਹਾਂ ਨੂੰ ਤਹਿਸ-ਨਹਿਸ ਕਰ ਦਿੱਤਾ ਹੈ | ਪੰਜਾਬ ਦੀ ਵੰਡ ਤੋਂ ਹੀ ਸਿਆਸਤਦਾਨਾਂ ਵੱਲੋਂ ਪੰਜਾਬੀਆਂ ਤੇ ਹਰਿਆਣਵੀਆਂ ਨੂੰ ਵੰਡਣ ਦੀਆਂ ਚੱਲੀਆਂ ਸਭ ਕੁਚਾਲਾਂ ਨੂੰ ਹਰਾ ਕੇ ਇਸ ਖਿੱਤੇ ਦੇ ਲੋਕਾਂ ਵਿੱਚ ਭਾਈਚਾਰੇ ਦਾ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਗਿਆ ਹੈ | ਉਤਰੀ ਭਾਰਤ ਦੀ ਹਿੰਦੀ ਬੈਲਟ, ਜੋ ਭਾਜਪਾ ਦੀ ਰੀੜ੍ਹ ਦੀ ਹੱਡੀ ਜਾਣੀ ਜਾਂਦੀ ਸੀ, ਅੱਜ ਫਾਸ਼ੀ ਹਾਕਮਾਂ ਦੇ ਸੁਫ਼ਨਿਆਂ ਦਾ ਸ਼ਮਸ਼ਾਨ ਬਣ ਚੁੱਕੀ ਹੈ |
ਕੇਸਰੀ, ਲਾਲ, ਹਰੇ ਤੇ ਚਿੱਟੇ ਝੰਡਿਆਂ ਨਾਲ ਸਜੀਆਂ ਟਰਾਲੀਆਂ ਨਾਲ-ਨਾਲ ਖੜ੍ਹੀਆਂ ਵਿਲੱਖਣ ਏਕਤਾ ਦਾ ਨਜ਼ਾਰਾ ਪੇਸ਼ ਕਰਦੀਆਂ ਹਨ | ਕੋਈ ਧਾਰਮਿਕ ਵਿਤਕਰਾ ਨਹੀਂ, ਕੋਈ ਜਾਤੀ ਵਖਰੇਵਾਂ ਨਹੀਂ, ਬਸ ਮਨੁੱਖੀ ਪਿਆਰ ਦਾ ਹੜ੍ਹ ਵਗਦਾ ਹੈ | ਇੰਜ ਲੱਗਦਾ ਹੈ ਜਿਵੇਂ ਬਾਬੇ ਨਾਨਕ ਵੱਲੋਂ ਵਿਖਾਏ ਸਾਂਝੀਵਾਲਤਾ ਤੇ ਕਿਰਤ ਦੀ ਵਡਿਆਈ ਦੇ ਰਾਹ ਅਤੇ ਕਿਰਤ ਦੀ ਲੁੱਟ-ਚੋਂਘ ਵਿਰੁੱਧ ਮਾਰਕਸ ਵੱਲੋਂ ਵਿਖਾਏ ਮਾਰਗ ਸਿੰਘੂ ਬਾਰਡਰ 'ਤੇ ਆ ਕੇ ਇੱਕਮਿੱਕ ਹੋ ਗਏ ਹੋਣ | ਲੰਗਰਾਂ ਦਾ ਪਾਰਾਵਾਰ ਨਹੀਂ, ਜੇ ਇੱਕ ਪਾਸੇ ਪੰਜਾਬੀ ਭਰਾ ਖੀਰ ਵਰਤਾ ਰਹੇ ਹਨ ਤਾਂ ਨਾਲ ਜੁੜਵਾਂ ਹਰਿਆਣਵੀ ਭਰਾਵਾਂ ਨੇ ਜਲੇਬੀਆਂ ਦਾ ਲੰਗਰ ਲਾਇਆ ਹੋਇਆ ਹੈ | ਇਸ ਮਹਾਂਯੱਗ ਵਿੱਚ ਹਿੱਸਾ ਪਾਉਣ ਤੋਂ ਕੋਈ ਵੀ ਪਿੱਛੇ ਨਹੀਂ ਰਹਿਣਾ ਚਾਹੁੰਦਾ | ਇੱਕ ਛੋਟੇ ਟੈਂਟ ਵਿੱਚ ਇੱਕ ਮੇਜ਼ ਉੱਤੇ ਸਿਲਾਈ ਮਸ਼ੀਨ ਰੱਖੀ ਇੱਕ 'ਕੱਲੀ ਕੁੜੀ ਲੋਕਾਂ ਦੇ ਫਟੇ ਬਸਤਰਾਂ ਨੂੰ ਸੀਅ ਰਹੀ ਹੈ, ਬਾਹਰ ਬੋਰਡ ਲੱਗਾ ਹੈ, ਫਰੀ ਟੇਲਰ ਸੇਵਾ | ਥੋੜ੍ਹਾ ਅੱਗੇ ਕੁਝ ਨੌਜਵਾਨ ਫਰੀ ਮੋਬਾਇਲ ਚਾਰਜ ਦਾ ਬੋਰਡ ਲਾ ਕੇ ਡਟੇ ਹੋਏ ਹਨ | ਇੱਕ ਹੋਰ ਥਾਂ ਕੁਝ ਉਦਮੀ ਨੌਜਵਾਨ ਦੋ ਵਾਸ਼ਿੰਗ ਮਸ਼ੀਨਾਂ ਰੱਖ ਕੇ ਲੋਕਾਂ ਦੇ ਮੈਲੇ ਕੱਪੜੇ ਧੋਣ ਦੀ ਸੇਵਾ ਕਰ ਰਹੇ ਹਨ | ਮੈਡੀਕਲ ਸੇਵਾਵਾਂ ਦੇ ਤਾਂ ਦਰਜਨਾਂ ਕੈਂਪ ਲੱਗ ਚੁੱਕੇ ਹਨ | ਇੱਕ ਥਾਂ ਮੈਡੀਕਲ ਜ਼ਰੂਰਤ ਲਈ ਲੈਬਾਰਟਰੀ ਟੈਸਟ ਲਈ ਮਸ਼ੀਨਾਂ ਵੀ ਲੱਗ ਗਈਆਂ ਹਨ | ਔਰਤਾਂ ਲਈ ਵੱਖਰੀਆਂ ਰਿਹਾਇਸ਼ਾਂ ਦਾ ਪ੍ਰਬੰਧ ਕੀਤਾ ਗਿਆ ਹੈ | ਸਾਡੇ ਖੜਿ੍ਹਆਂ ਹੀ ਕੁਝ ਸੱਜਣ ਛੋਟੇ ਟੈਂਟਾਂ ਦਾ ਟਰੱਕ ਭਰ ਕੇ ਲੈ ਆਏ | ਜਦੋਂ ਅਸੀਂ ਦੂਜੇ ਗੇੜੇ ਵਿੱਚ ਗਏ ਤਾਂ ਨਾਲ ਲੱਗਦੇ ਕਾਰੋਬਾਰੀ ਅਹਾਤਿਆਂ ਦੇ ਵਿਹੜੇ ਇਨ੍ਹਾਂ ਟੈਂਟਾਂ ਨਾਲ ਭਰੇ ਹੋਏ ਸਨ |
ਅਸੀਂ ਆਪਣੀ ਜ਼ਿੰਦਗੀ ਦੇ ਪਿਛਲੇ 50 ਸਾਲਾਂ ਦੌਰਾਨ ਅਣਗਿਣਤ ਅੰਦੋਲਨ ਦੇਖੇ ਤੇ ਉਨ੍ਹਾਂ ਦਾ ਹਿੱਸਾ ਵੀ ਰਹੇ, ਪਰ ਲੱਖਾਂ ਦੀ ਹਾਜ਼ਰੀ ਵਾਲਾ ਏਨਾ ਅਨੁਸ਼ਾਸਨਬੱਧ ਅੰਦੋਲਨ ਪਹਿਲੀ ਵਾਰ ਦੇਖਿਆ | ਸਾਰਾ ਦਿਨ ਨੇੜਲੇ ਕਾਰਖਾਨਿਆਂ ਵਿੱਚ ਕੰਮ ਕਰਦੀਆਂ ਹਜ਼ਾਰਾਂ ਲੜਕੀਆਂ ਇਸ ਮਿੰਨੀ ਭਾਰਤ ਵਿੱਚੋਂ ਗੁਜ਼ਰਦੀਆਂ ਹਨ | ਸਵਾਲ ਹੀ ਪੈਦਾ ਨਹੀਂ ਹੁੰਦਾ ਕੋਈ ਨੌਜਵਾਨ ਅੰਦੋਲਨਕਾਰੀ ਇਨ੍ਹਾਂ ਵੱਲ ਅੱਖ ਚੁੱਕ ਕੇ ਵੀ ਵੇਖੇ | ਲੰਗਰ ਵਿੱਚ ਤਾਂ ਵਿਤਕਰੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਚਾਹੇ ਕੋਈ ਅੰਦੋਲਨਕਾਰੀ ਹੈ ਵੀ ਨਹੀਂ, ਸਭ ਲਈ ਖੁੱਲ੍ਹਾ ਭੰਡਾਰਾ |
ਜਦੋਂ ਵਾਪਸ ਮੁੜੇ ਤਾਂ ਦਿੱਲੀ ਤੋਂ ਲੈ ਕੇ ਲੁਧਿਆਣੇ ਤੱਕ ਜਿੰਨੇ ਵੀ ਟੋਲ ਪਲਾਜ਼ੇ ਸਨ, ਸਭ ਉੱਤੇ ਸੰਗਤਾਂ ਨੇ ਲੰਗਰ ਸ਼ੁਰੂ ਕਰ ਦਿੱਤੇ ਸਨ | ਦਿਲ ਤਾਂ ਕਰਦਾ ਸੀ ਕਿ ਟਿੱਕਰੀ ਬਾਰਡਰ ਸਮੇਤ ਦੂਜੇ ਮੋਰਚਿਆਂ ਉੱਤੇ ਵੀ ਜਾਇਆ ਜਾਂਦਾ, ਪਰ ਪਿਛਲਾ ਕੰਮ 'ਵਾਜ਼ਾਂ ਮਾਰਦਾ ਸੀ | ਆਸ ਹੈ ਜਲਦੀ ਹੀ ਅਗਲਾ ਗੇੜਾ ਉਸ ਪਾਸੇ ਲਾ ਕੇ ਆਪਣੇ ਤਜਰਬੇ ਤੁਹਾਡੇ ਨਾਲ ਸਾਂਝੇ ਕਰਾਂਗੇ |
-ਚੰਦ ਫਤਿਹਪੁਰੀ