ਨਵÄ ਖੋਜ ਤੋਂ ਪਤਾ ਲੱਗਿਆ ਹੈ ਕਿ 2019 ਵਿਚ ਭਾਰਤ ’ਚ ਹਵਾ ਦੇ ਪ੍ਰਦੂਸ਼ਨ ਨਾਲ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਅਨੁਮਾਨਤ 16 ਲੱਖ 70 ਹਜ਼ਾਰ ਨਾਲੋਂ ਲੱਗਭੱਗ 30 ਫੀਸਦੀ ਵੱਧ ਹੋਈਆਂ ਜਾਂ ਕਹਿ ਲਓ ਕਿ ਕੋਰੋਨਾ ਨਾਲ 2020 ਵਿਚ ਹੋਈਆਂ ਮੌਤਾਂ ਨਾਲੋਂ 10 ਗੁਣਾ ਤੋਂ ਵੀ ਵੱਧ। 2019 ਵਿਚ ਹਵਾ ਦੇ ਪ੍ਰਦੂਸ਼ਨ ਨਾਲ ਜਿਹੜੀਆਂ ਮੌਤਾਂ ਹੋਈਆਂ, ਉਹ ਕੁਲ ਮੌਤਾਂ ਦਾ ਕਰੀਬ 18 ਫੀਸਦੀ ਬਣਦੀਆਂ ਸਨ। ਪਬਲਿਕ ਹੈੱਲਥ ਫਾਊਂਡੇਸ਼ਨ ਆਫ ਇੰਡੀਆ ਦਿੱਲੀ ਵੱਲੋਂ ਕੁਝ ਹੋਰ ਇੰਸਟੀਚਿਊਸ਼ਨਾਂ ਨਾਲ ਮਿਲ ਕੇ ਕੀਤੇ ਗਏ ਅਧਿਐਨ ਮੁਤਾਬਕ ਹਵਾ ਦੇ ਪ੍ਰਦੂਸ਼ਨ ਨਾਲ ਹੋਣ ਵਾਲੀਆਂ ਬੀਮਾਰੀਆਂ ਤੇ ਮੌਤਾਂ ਨਾਲ ਦੇਸ਼ ਦੇ ਕੁਲ ਘਰੇਲੂ ਉਤਪਾਦਨ ਦਾ 1.4 ਫੀਸਦੀ (2 ਲੱਖ 60 ਹਜ਼ਾਰ ਕਰੋੜ ਰੁਪਏ) ਨੁਕਸਾਨ ਹੋਇਆ। ਇਹ ਭਾਰਤ ਸਰਕਾਰ ਦੇ ਚਲੰਤ 65 ਹਜ਼ਾਰ ਕਰੋੜ ਰੁਪਏ ਦੇ ਸਿਹਤ ਬੱਜਟ ਨਾਲੋਂ ਤਿੰਨ ਗੁਣਾ ਤੋਂ ਵੱਧ ਹੈ। ਫਾਊਂਡੇਸ਼ਨ ਵਿਖੇ ਪ੍ਰੋਫੈਸਰ ਲਲਿਤ ਡੰਡੋਨਾ ਦਾ ਕਹਿਣਾ ਹੈ ਕਿ ਨਵੇਂ ਢੰਗ ਨਾਲ ਕੀਤੇ ਗਏ ਅਧਿਐਨ ਵਿਚ ਮੌਤਾਂ ਦਾ ਅੰਕੜਾ ਜ਼ਿਆਦਾ ਨਿਕਲਿਆ ਹੈ। 2017 ਵਿਚ ਹਵਾ ਦੇ ਪ੍ਰਦੂਸ਼ਨ ਨਾਲ 12 ਲੱਖ 40 ਹਜ਼ਾਰ ਮੌਤਾਂ ਦਾ ਹਿਸਾਬ ਲਾਇਆ ਗਿਆ ਸੀ, ਜਦਕਿ ਨਵੇਂ ਢੰਗ ਦੇ ਹਿਸਾਬ ਨਾਲ ਉਸ ਸਾਲ 16 ਲੱਖ ਮੌਤਾਂ ਹੋਈਆਂ ਸਨ। ਮੌਤਾਂ ਵਿਚ ਇਸ ਵਾਧੇ ਦਾ ਕਾਰਨ ਘੱਟ ਭਾਰ ਦੇ ਅਤੇ ਸਮੇਂ ਤੋਂ ਪਹਿਲਾਂ ਬੱਚੇ ਪੈਦਾ ਹੋਣਾ ਵੀ ਰਿਹਾ। ਹਵਾ ਦਾ ਪ੍ਰਦੂਸ਼ਨ ਅਣਜੰਮੇ ਬੱਚਿਆਂ ਉੱਤੇ ਵੀ ਅਸਰਅੰਦਾਜ਼ ਹੁੰਦਾ ਹੈ। ਨਵੇਂ ਅਧਿਐਨ ਮੁਤਾਬਕ ਵੱਖ-ਵੱਖ ਰਾਜਾਂ ਵਿਚ ਹਵਾ ਦੇ ਪ੍ਰਦੂਸ਼ਨ ਦੀ ਵੱਖ-ਵੱਖ ਮਾਰ ਪੈ ਰਹੀ ਹੈ। ਬਿਹਾਰ, ਦਿੱਲੀ, ਹਰਿਆਣਾ ਤੇ ਯੂ ਪੀ ਵਿਚ ਹਵਾ ਦੀ ਕੁਆਲਿਟੀ ਸਭ ਤੋਂ ਮਾੜੀ ਰਹੀ। ਹਵਾ ਦੇ ਪ੍ਰਦੂਸ਼ਨ ਕਾਰਨ ਆਰਥਕ ਨੁਕਸਾਨ ਸਭ ਤੋਂ ਵੱਧ ਉੱਤਰੀ ਰਾਜਾਂ ਵਿਚ ਹੋਇਆ, ਕਿਉਂਕਿ ਉਥੇ ਹਵਾ ਬਹੁਤ ਗੰਧਲੀ ਸੀ। ਅਧਿਐਨ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਘਰੇਲੂ ਹਵਾ ਪ੍ਰਦੂਸ਼ਨ ਕਾਰਨ ਮੌਤਾਂ ਦੀ ਦਰ 64 ਫੀਸਦੀ ਘਟੀ ਹੈ, ਜਦਕਿ ਘਰੋਂ ਬਾਹਰ 115 ਫੀਸਦੀ ਵਧੀ ਹੈ। ਗੈਸ ਸਿਲੰਡਰਾਂ ਦੀ ਵਰਤੋਂ ਵਿਚ ਵਾਧਾ ਵੀ ਘਰੇਲੂ ਪ੍ਰਦੂਸ਼ਨ ਵਿਚ ਕਮੀ ਦਾ ਕਾਰਨ ਹੋ ਸਕਦਾ ਹੈ, ਪਰ ਹਵਾ ਦੇ ਪ੍ਰਦੂਸ਼ਨ ਕਾਰਨ ਮੌਤਾਂ ਦੀ ਗਿਣਤੀ ਜਿਸ ਹਿਸਾਬ ਨਾਲ ਵਧ ਰਹੀ ਹੈ, ਉਸ ਨੂੰ ਦੇਖਦਿਆਂ ਸਖਤ ਫੈਸਲੇ ਲੈਣੇ ਪੈਣੇ ਹਨ—ਨਾ ਸਿਰਫ ਸਰਕਾਰ ਦੀ ਪੱਧਰ ਉੱਤੇ ਹੀ, ਸਗੋਂ ਨਿੱਜੀ ਪੱਧਰ ’ਤੇ ਵੀ। ਮੋਟਰ-ਗੱਡੀਆਂ ਨੂੰ ਛੇਤੀ ਤੋਂ ਛੇਤੀ ਇਲੈਕਟ੍ਰਿਕ ਨਾਲ ਚੱਲਣ ਵਾਲੀਆਂ ਬਣਾਉਣਾ ਪੈਣਾ ਹੈ ਅਤੇ ਲੋਕਾਂ ਨੂੰ ਘਰਾਂ ਤੇ ਮੋਟਰ-ਗੱਡੀਆਂ ਵਿਚ ਏਅਰਕੰਡੀਸ਼ਨਰਾਂ ਦੀ ਵਰਤੋਂ ਘਟਾਉਣੀ ਪੈਣੀ ਹੈ। ਏਅਰਕੰਡੀਸ਼ਨ ਕਾਰਾਂ ਵਿਚ ਬੈਠਣ ਵਾਲਿਆਂ ਨੂੰ ਤਾਂ ਠੰਢ ਦਿੰਦਾ ਹੈ, ਪਰ ਬਾਹਰਲੀ ਹਵਾ ਨੂੰ ਖਰਾਬ ਕਰਕੇ ਲੱਖਾਂ ਲੋਕਾਂ ਨੂੰ ਸਾਹ ਦੀਆਂ ਬੀਮਾਰੀਆਂ ਲਾ ਕੇ ਉਨ੍ਹਾਂ ਦੀਆਂ ਮੌਤਾਂ ਦਾ ਖੌ ਬਣਦਾ ਹੈ। ਬਿਨਾਂ ਵਜ੍ਹਾ ਬਾਈਕ ਤੇ ਸਕੂਟਰ ਦੌੜਾਉਣ ਨਾਲੋਂ ਸਾਈਕਲ ਦੀ ਸਵਾਰੀ ਵੀ ਪ੍ਰਦੂਸ਼ਨ ਨੂੰ ਕਾਫੀ ਘਟਾ ਸਕਦੀ ਹੈ। ਕੋਰੋੋਨਾ ਨੇ ਲੋਕਾਂ ਨੂੰ ਸਾਈਕਲਾਂ ਉੱਤੇ ਚੜ੍ਹਾਇਆ ਤਾਂ ਹੈ, ਪਰ ਦੇਖਣਾ ਪਵੇਗਾ ਕਿ ਲੋਕ ਆਪਣੀ ਇਸ ਆਦਤ ਨੂੰ ਜਾਰੀ ਰੱਖਦੇ ਹਨ ਕਿ ਨਹÄ।