ਇਸ ਸਮੇਂ ਕਿਸਾਨਾਂ ਨੇ ਆਪਣਾ ਅੰਦੋਲਨ ਹੋਰ ਤੇਜ਼ ਕਰਨ ਦਾ ਫ਼ੈਸਲਾ ਕਰ ਲਿਆ ਹੈ। 7 ਜਨਵਰੀ ਨੂੰ ਪੰਜਾਬ ਭਰ ਤੋਂ ਪਰਵਾਰ ਸਮੇਤ ਖੇਤ ਮਜ਼ਦੂਰਾਂ ਦੇ ਜਥੇ ਰਵਾਨਾ ਹੋ ਜਾਣਗੇ। ਦੇਸ਼ ਦੇ ਸਨਅਤੀ ਮਜ਼ਦੂਰਾਂ ਦੀ ਵੱਡੀ ਜਥੇਬੰਦੀ ਏਟਕ ਨੇ ਮਜ਼ਦੂਰਾਂ ਨੂੰ ਦਿਲੀ ਬਾਰਡਰ ’ਤੇ ਚਲ ਰਹੇ ਸੰਘਰਸ਼ ਵਿੱਚ 9 ਜਨਵਰੀ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਹਰਿਆਣਾ ਲੋਕ ਦਲ ਦੇ ਆਗੂ ਅਭੈ ਚੌਟਾਲਾ ਨੇ ਵੀ ਐਲਾਨ ਕੀਤਾ ਹੈ ਕਿ ਉਹ 7 ਜਨਵਰੀ ਨੂੰ 500 ਟਰੈਕਟਰ ਟਰਾਲੀਆਂ ਲੈ ਕੇ ਟਿਕਰੀ ਬਾਰਡਰ ਦੇ ਮੋਰਚੇ ਵਿੱਚ ਸ਼ਾਮਲ ਪੁੱਜਣਗੇ।
ਇਸ ਦੌਰਾਨ ਇਹ ਖ਼ਬਰ ਆ ਗਈ ਹੈ ਕਿ ਇਸ ਵਾਰ 26 ਜਨਵਰੀ ਦੇ ਗਣਤੰਤਰ ਦਿਹਾੜੇ ’ਤੇ ਮੁੱਖ ਮਹਿਮਾਨ ਵਜੋਂ ਸੱਦੇ ਗਏ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਆਪਣੀ ਭਾਰਤ ਯਾਤਰਾ ਰੱਦ ਕਰ ਦਿੱਤੀ ਹੈ। ਇਸ ਬਾਰੇ ਪ੍ਰਧਾਨ ਮੰਤਰੀ ਬੋਰਿਸ ਜਾਹਨਸਨ ਨੇ ਖੁਦ ਨਰਿੰਦਰ ਮੋਦੀ ਨੂੰ ਫੋਨ ਕਰਕੇ ਦੱਸ ਦਿੱਤਾ ਹੈ। ਖ਼ਬਰ ਏਜੰਸੀਆਂ ਮੁਤਾਬਕ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕਰਕੇ ਆਪਣੇ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਤੇ ਲਾਕਡਾਊਨ ਦਾ ਹਵਾਲਾ ਦੇ ਕੇ ਕਿਹਾ ਕਿ ਉਹ ਭਾਰਤ ਨਹੀਂ ਆ ਸਕਣਗੇ। ਪਰ ਸਵਾਲ ਖੜ੍ਹਾ ਹੁੰਦਾ ਹੈ ਕਿ ਜੇਕਰ ਬਰਤਾਨਵੀ ਪ੍ਰਧਾਨ ਮੰਤਰੀ ਦੀ ਯਾਤਰਾ ਰੱਦ ਹੋਣ ਦਾ ਕਾਰਣ ਕੋਰੋਨਾ ਮਹਾਂਮਾਰੀ ਦਾ ਵਧਣਾ ਹੈ ਤਾਂ ਇਹ ਦੌਰਾ ਉਸ ਸਮੇਂ ਹੀ ਰੱਦ ਹੋ ਜਾਣਾ ਚਾਹੀਦਾ ਸੀ ਜਦੋਂ ਉਥੇ ਕੋਰੋਨਾ ਕੇਸ ਵਧਣੇ ਸ਼ੁਰੂ ਹੋ ਗਏ ਸਨ ਤੇ ਲਾਕਡਾਊਨ ਲਾਉਣਾ ਪਿਆ ਸੀ। ਬਰਤਾਨਵੀ ਪ੍ਰਧਾਨ ਮੰਤਰੀ ਨੇ ਆਪਣਾ ਦੌਰਾ ਉਦੋਂ ਰੱਦ ਕੀਤਾ ਜਦੋਂ ਕਿਸਾਨ ਜਥੇਬੰਦੀਆਂ ਨੇ ਇਹ ਐਲਾਨ ਕਰ ਦਿੱਤਾ ਕਿ ਉਹ ਗਣਤੰਤਰ ਦਿਵਸ ਉੱਤੇ ਟਰੈਕਟਰ ਪਰੇਡ ਕੱਢਣਗੇ।
ਗੌਰਤਲਬ ਹੈ ਕਿ ਭਾਰਤ ਨੇ ਜਦੋਂ ਹੀ ਇਹ ਬਿਆਨ ਜਾਰੀ ਕੀਤਾ ਸੀ ਕਿ ਇਸ ਵਾਰ ਗਣਤੰਤਰ ਦਿਵਸ ਉੱਤੇ ਬਰਤਾਨਵੀ ਪ੍ਰਧਾਨ ਮੰਤਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਤਾਂ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਬਰਤਾਨਵੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਅਪੀਲ ਕਰਨਗੀਆਂ ਕਿ ਉਹ ਭਾਰਤੀ ਹਕੂਮਤ ਦੇ ਸੱਦੇ ਨੂੰ ਪ੍ਰਵਾਨ ਨਾ ਕਰਨ। 22 ਦਸੰਬਰ ਨੂੰ ਸਿੰਘੂ ਬਾਰਡਰ ਦੀ ਸਟੇਜ ਉੱੇਤੇ ਆਪਣੇ ਸੰਬੋਧਨ ਦੌਰਾਨ ਕਿਸਾਨ ਆਗੂ ਕੁਲਵੰਤ ਸਿੰਘ ਸੰਧੂ ਨੇ ਕਿਹਾ ਸੀ ਕਿ 26 ਜਨਵਰੀ ਨੂੰ ਬਰਤਾਨੀਆ ਦੇ ਪ੍ਰਧਾਨ ਮੰਤਰੀ ਮੁੱਖ ਮਹਿਮਾਨ ਵਜੋਂ ਭਾਰਤ ਆ ਰਹੇ ਹਨ, ਅਸੀਂ ਉਨ੍ਹਾਂ ਨੂੰ ਪੱਤਰ ਲਿਖ ਕੇ ਅਪੀਲ ਕਰਾਂਗੇ ਕਿ ਜਦੋਂ ਤੱਕ ਭਾਰਤ ਸਰਕਾਰ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ ਉਹ ਭਾਰਤ ਨਾ ਆਉਣ।
ਯਾਦ ਰਹੇ ਕਿ ਬਰਤਾਨੀਆ ਦੇ ਭਾਰਤੀ ਭਾਈਚਾਰੇ ਵੱਲੋਂ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਨੂੰ ਹਮਾਇਤ ਮਿਲ ਰਹੀ ਹੈ। ਇਸ ਮੁੱਦੇ ਉੱਤੇ ਉੱਥੋਂ ਦੀ ਸੰਸਦ ਵਿੱਚ ਵੀ ਚਰਚਾ ਹੋ ਚੁੱਕੀ ਹੈ। ਲੇਬਰ ਪਾਰਟੀ ਦੇ ਸਾਂਸਦ ਤਨਮਨਜੀਤ ਸਿੰਘ ਢੇਸੀ ਨੇ ਕਿਸਾਨਾਂ ਦਾ ਮੁੱਦਾ ਚੁੱਕਦਿਆਂ ਪ੍ਰਧਾਨ ਮੰਤਰੀ ਬੋਰਿਸ ਜਾਹਨਸਨ ਨੂੰ ਪੁੱਛਿਆ ਸੀ ਕਿ ਕੀ ਉਹ ਬਰਤਾਨੀਆ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦੀਆਂ ਚਿੰਤਾਵਾਂ ਬਾਰੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨਗੇ? ਲੇਬਰ ਪਾਰਟੀ ਦੇ ਇੱਕ ਹੋਰ ਸਾਂਸਦ ਵਰਿੰਦਰ ਸ਼ਰਮਾ ਤੇ ਉਨ੍ਹਾ ਦੇ ਸਾਥੀ 35 ਹੋਰ ਸਾਂਸਦਾਂ ਨੇ ਬਰਤਾਨੀਆ ਦੇ ਵਿਦੇਸ਼ ਮੰਤਰੀ ਡਾਮਿਨਿਕ ਰਾਬ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਉਹ ਕਿਸਾਨਾਂ ਦੇ ਮੁੱਦੇ ਨੂੰ ਭਾਰਤ ਸਰਕਾਰ ਸਾਹਮਣੇ ਉਠਾਉਣ। ਇਸ ਤੋਂ ਇਲਾਵਾ ਸਮਾਜਿਕ, ਧਾਰਮਿਕ ਆਗੂਆਂ, ਭਾਰਤੀ ਪਿੱਠਭੂਮੀ ਵਾਲੇ ਕੌਂਸਲਰਾਂ ਤੇ ਕਾਰੋਬਾਰੀ ਲੋਕਾਂ ਦੇ ਇੱਕ ਸਮੂਹ ਨੇ ਵੀ ਭਾਰਤੀ ਹਾਈ ਕਮਿਸ਼ਨਰ ਗਾਇਤਰੀ ਕੁਮਾਰ ਤੇ ਬਰਤਾਨਵੀ ਵਿਦੇਸ਼ ਮੰਤਰੀ ਡਾਮਿਨਿਕ ਰਾਬ ਨੂੰ ਇੱਕ ਸਾਂਝਾ ਪੱਤਰ ਲਿਖ ਕੇ ਕਿਸਾਨ ਅੰਦੋਲਨਕਾਰੀਆਂ ਨਾਲ ਆਪਣੀ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ ਸੀ। ਇਸ ਪੱਤਰ ਵਿੱਚ ਉਨ੍ਹਾਂ ਪੁਰਅਮਨ ਅੰਦੋਲਨਕਾਰੀਆਂ ਉਪਰ ਪ੍ਰਸ਼ਾਸਨ ਵੱਲੋਂ ਅਥਰੂ ਗੈਸ ਛੱਡਣ ਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਵਰਗੀਆਂ ਕਾਰਵਾਈਆਂ ਦੀ ਨਿੰਦਿਆ ਕੀਤੀ ਸੀ।
ਅਜ਼ਾਦ ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਗਣਤੰਤਰ ਦਿਵਸ ਲਈ ਸੱਦੇ ਗਏ ਕਿਸੇ ਮੁੱਖ ਮਹਿਮਾਨ ਵਲੋ ਆਪਣਾ ਦੌਰਾ ਰੱਦ ਕੀਤਾ ਗਿਆ ਹੋਵੇ। ਬੋਰਿਸ ਜਾਹਨਸਨ ਲਈ ਇਹ ਹੋਰ ਵੀ ਮੁਸ਼ਕਲ ਸੀ ਕਿਉਂਕਿ ਉਨ੍ਹਾ ਬਰਤਾਨਵੀ ਪ੍ਰਧਾਨ ਮੰਤਰੀ ਵਜੋਂ 28 ਸਾਲਾਂ ਬਾਅਦ ਭਾਰਤ ਦੀ ਗਣਤੰਤਰ ਦਿਵਸ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਾ ਸੀ। ਇਸ ਤੋਂ ਪਹਿਲਾਂ 1993 ਵਿੱਚ ਬਰਤਾਨਵੀ ਪ੍ਰਧਾਨ ਮੰਤਰੀ ਜਾਹਨ ਮੇਜਰ ਗਣਤੰਤਰ ਦਿਵਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਜਾਪਦਾ ਹੈ ਕਿ ਬਰਤਾਨਵੀ ਪ੍ਰਧਾਨ ਮੰਤਰੀ ਨੇ ਆਪਣੇ ਭਾਰਤੀ ਹਮਰੁਤਬਾ ਨੂੰ ਨਮੋਸ਼ੀ ਤੋਂ ਬਚਾਉਣ ਲਈ ਹੀ ਕੋਰੋਨਾ ਦਾ ਬਹਾਨਾ ਘੜਿਆ ਹੈ, ਉਂਜ ਇਸ ਪਿੱਛੇ ਅਸਲ ਕਾਰਣ ਉਥੇ ਵਸਦੇ ਭਾਰਤੀ ਭਾਈਚਾਰੇ ਦਾ ਦਬਾਅ ਹੋ ਸਕਦਾ ਹੈ।
-ਚੰਦ ਫਤਿਹਪੁਰੀ