ਆਈ ਆਈ ਟੀ ਜੰਮੂ ਦੀ ਸ਼ਨੀਵਾਰ ਨੂੰ ਹੋਈ ਪਹਿਲੀ ਕਨਵੋਕੇਸ਼ਨ ਦੀ ਘਟਨਾ ਨੇ ਇਕ ਵਾਰ ਫਿਰ ਦਰਸਾ ਦਿੱਤਾ ਹੈ ਕਿ ਮੋਦੀ ਸਰਕਾਰ ਕਸ਼ਮੀਰੀਆਂ ਨਾਲ ਕਿੰਨੀ ਨਫਰਤ ਕਰਦੀ ਹੈ। ਇੰਸਟੀਚਿਊਟ ਨੇ ਡਿਗਰੀਆਂ ਲੈਣ ਵਾਲੇ ਵਿਦਿਆਰਥੀਆਂ ਲਈ ਅੰਗਰੇਜ਼ਾਂ ਦੇ ਜ਼ਮਾਨੇ ਵਾਲਾ ਗਾਊਨ ਪਾਉਣ ਦੀ ਥਾਂ ਕਸ਼ਮੀਰੀ ਕਲਚਰ ਨੂੰ ਦਰਸਾਉਂਦੀ ਫੇਰਨ (ਮੋਢਿਆਂ ਤੋਂ ਲੈ ਕੇ ਪਿੰਨੀਆਂ ਤੱਕ ਦਾ ਢਿੱਲਾ ਗਰਮ ਚੋਲਾ) ਤੇ ਪਕੋਲ (ਵੂਲਨ ਦੀ ਟੋਪੀ) ਪਾਉਣ ਦਾ ਤਜਰਬਾ ਕਰਨ ਦਾ ਫੈਸਲਾ ਕੀਤਾ ਸੀ। ਇੰਸਟੀਚਿਊਟ ਦੇ ਬੋਰਡ ਆਫ ਗਵਰਨਰਜ਼ ਦੇ ਚੇਅਰਮੈਨ ਪ੍ਰੋਫੈਸਰ ਸ਼ਰਦ ਕੁਮਾਰ ਸਰਾਫ ਨੇ ਸ਼ੁੱਕਰਵਾਰ ਮੀਡੀਆ ਕਾਨਫਰੰਸ ਵਿਚ ਬੜੇ ਮਾਣ ਨਾਲ ਦੱਸਿਆ ਸੀ ਕਿ ਜੰਮੂ-ਕਸ਼ਮੀਰ ਦੀ ਕਲਾ ਤੇ ਸੱਭਿਆਚਾਰ ਤੋਂ ਪ੍ਰਭਾਵਤ ਹੋ ਕੇ ਬੱਚਿਆਂ ਨੂੰ ਰਵਾਇਤੀ ਕਨਵੋਕੇਸ਼ਨ ਬਾਣੇ ਦੀ ਥਾਂ ਫੇਰਨ ਤੇ ਪਕੋਲ ਪੁਆਏ ਜਾਣਗੇ। ਸਿਆਲਾਂ ਵਿਚ ਠੰਢ ਤੋਂ ਬਚਣ ਲਈ ਮੁਸਲਮਾਨਾਂ ਦੇ ਨਾਲ-ਨਾਲ ਕਸ਼ਮੀਰੀ ਪੰਡਤ ਵੀ ਫੇਰਨ ਪਾਉਂਦੇ ਹਨ। ਜੰਮੂ ਦੀ ਮੁਸਲਮ ਬਹੁਗਿਣਤੀ ਵਾਲੀ ਝਨਾਂ ਵਾਦੀ ਤੇ ਪੀਰ ਪੰਚਾਲ ਦੇ ਖੇਤਰਾਂ ਵਿਚ ਵੀ ਲੋਕ ਫੇਰਨ ਪਾਉਂਦੇ ਹਨ। ਪਕੋਲ ਨੂੰ ਜੰੰਮੂ ਦੇ ਕੁਝ ਲੋਕ ਅਫਗਾਨੀ ਟੋਪੀ ਮੰਨਦੇ ਹਨ। ਚੇਅਰਮੈਨ ਦੇ ਐਲਾਨ ਦੇ ਕੁਝ ਘੰਟਿਆਂ ਬਾਅਦ ਹੀ ਪ੍ਰਧਾਨ ਮੰਤਰੀ ਦਫਤਰ ਵਿਚ ਰਾਜ ਮੰਤਰੀ ਜਤਿੰਦਰ ਸਿੰਘ, ਜਿਹੜੇ ਹਿੰਦੂ ਬਹੁਗਿਣਤੀ ਵਾਲੇ ਕਠੂਆ-ਊਧਮਪੁਰ-ਡੋਡਾ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ, ਨੇ ਟਵੀਟ ਕਰ ਦਿੱਤਾ ਕਿ ਪ੍ਰਸਤਾਵਤ ਪਹਿਰਾਵੇ ਨਾਲ ਸੰਬੰਧਤ ਸੰਵੇਦਨਸ਼ੀਲਤਾਵਾਂ ਬਾਰੇ ਇੰਸਟੀਚਿਊਟ ਦੇ ਡਾਇਰੈਕਟਰ ਮਨੋਜ ਸਿੰਘ ਗੌੜ ਨੂੰ ਜਾਣੂੰ ਕਰਵਾ ਦਿੱਤਾ ਗਿਆ ਹੈ ਤੇ ਡਾਇਰੈਕਟਰ ਨੇ ਵੀ ਕਹਿ ਦਿੱਤਾ ਹੈ ਕਿ ਬੱਚੇ ਰਵਾਇਤੀ ਗਾਊਨ ਹੀ ਪਾਉਣਗੇ। ਰਵਾਇਤੀ ਕਸ਼ਮੀਰੀ ਪਹਿਰਾਵਾ ਡੋਗਰਿਆਂ ਦੀ ਧਰਤੀ ਨਾਲ ਸੰਬੰਧਤ ਕੇਂਦਰੀ ਮੰਤਰੀ ਨੂੰ ਏਨਾ ਗਰਮ ਲੱਗਾ ਕਿ ਉਨ੍ਹਾ ਕਨਵੋਕੇਸ਼ਨ ਤੋਂ ਪਹਿਲਾਂ ਹੀ ਇਤਰਾਜ਼ ਉਠਾ ਦਿੱਤਾ। ਕੇਂਦਰੀ ਮੰਤਰੀ ਸ਼ਾਇਦ ਇਹ ਭੁੱਲ ਗਏ ਕਿ ਉਨ੍ਹਾ ਦੇ ਬੌਸ (ਪ੍ਰਧਾਨ ਮੰਤਰੀ) ਨੇ ਦੋ ਹਫਤੇ ਪਹਿਲਾਂ ਕੇਂਦਰ ਸ਼ਾਸਤ ਪ੍ਰਦੇਸ਼ ਲਈ ਆਯੂਸ਼ਮਾਨ ਸਿਹਤ ਯੋਜਨਾ ਦਾ ਐਲਾਨ ਕਰਨ ਵੇਲੇ ਵੀ ਫੇਰਨ ਵਰਗਾ ਪਹਿਰਾਵਾ ਪਾਇਆ ਸੀ। ਮੋਦੀ ਸਰਕਾਰ ਨੇ ਹੀ 2018 ਵਿਚ ਕਿਹਾ ਸੀ ਕਿ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਵਜੋਂ ਯੂਨੀਵਰਸਿਟੀਆਂ ਨੂੰ ਗਾਊਨ ਨੂੰ ਤਿਲਾਂਜਲੀ ਦੇ ਕੇ ਰਵਾਇਤੀ ਪਹਿਰਾਵਿਆਂ ਵਿਚ ਹੀ ਡਿਗਰੀਆਂ ਵੰਡਣੀਆਂ ਚਾਹੀਦੀਆਂ ਹਨ। ਮੰਤਰੀ ਦੀ ਘੁਰਕੀ ਤੋਂ ਬਾਅਦ ਇੰਸਟੀਚਿਊਟ ਨੇ ਵਿਚਕਾਰਲਾ ਰਾਹ ਕੱਢਿਆ ਅਤੇ ਪ੍ਰੋਫੈਸਰਾਂ ਤੇ ਵਿਦਿਆਰਥੀਆਂ ਨੇ ਅਜਿਹਾ ਪਹਿਰਾਵਾ ਪਾਇਆ, ਜਿਹੜਾ ਪੱਛਮੀ ਗਾਊਨ ਤੇ ਫੇਰਨ ਵਰਗਾ ਲੱਗਦਾ ਸੀ। ਮੋਦੀ ਸਰਕਾਰ ਧਾਰਾ 370 ਖਤਮ ਕਰਕੇ ਕਸ਼ਮੀਰੀਆਂ ਨੂੰ ਉਨ੍ਹਾਂ ਦੇ ਵਿਸ਼ੇਸ਼ ਦਰਜੇ ਤੋਂ ਮਹਿਰੂਮ ਕਰਨ ਤੋਂ ਬਾਅਦ ਲਗਾਤਾਰ ਦਾਅਵੇ ਕਰ ਰਹੀ ਹੈ ਕਿ ਉਹ ਕਸ਼ਮੀਰੀਆਂ ਦੇ ਭਲੇ ਲਈ ਬਹੁਤ ਕੁਝ ਕਰ ਰਹੀ ਹੈ। ਉਹ ਉਨ੍ਹਾਂ ਦੇ ਜਜ਼ਬਾਤ ਦੀ ਤਹਿ ਦਿਲੋਂ ਕਦਰ ਕਰਦੀ ਹੈ। ਆਈ ਆਈ ਟੀ ਜੰਮੂ ਦੀ ਉਪਰੋਕਤ ਘਟਨਾ ਨੇ ਦਰਸਾ ਦਿੱਤਾ ਹੈ ਕਿ ਮੋਦੀ ਸਰਕਾਰ ਦੇ ਦਿਲ ਵਿਚ ਕਸ਼ਮੀਰੀ ਸੱਭਿਆਚਾਰ ਦੀ ਕਿੰਨੀ ਕਦਰ ਹੈ। ਅਜਿਹੀਆਂ ਘਟਨਾਵਾਂ ਹੀ ਕਸ਼ਮੀਰੀਆਂ ਦੇ ਮਨਾਂ ਵਿਚ ਬੇਗਾਨਗੀ ਦੀ ਭਾਵਨਾ ਨੂੰ ਵਧਾਉਂਦੀਆਂ ਹਨ।