ਲੁਧਿਆਣਾ. (ਐੱਮ ਐੱਸ ਭਾਟੀਆ) ਏਟਕ ਨੇ ਸੋਮਵਾਰ ਸਿੰਘੂ ਬਾਰਡਰ ਵੱਲ ਵਿਸ਼ਾਲ ਮਾਰਚ ਕੱਢਿਆ। ਇਸ ਦੀ ਅਗਵਾਈ ਕੌਮੀ ਜਨਰਲ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਕੀਤੀ। ਇਹ ਜੱਥਾ ਕਾ: ਬੰਤ ਸਿੰਘ ਬਰਾੜ ਅਤੇ ਨਿਰਮਲ ਸਿੰਘ ਧਾਲੀਵਾਲ ਪ੍ਰਧਾਨ ਅਤੇ ਜਨਰਲ ਸਕੱਤਰ ਪੰਜਾਬ ਦੀ ਅਗਵਾਈ ਵਿੱਚ ਸਿੰਘੂ ਬਾਰਡਰ ਪੁੱਜਾ। ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿੱਚੋਂ ਵੱਡੀ ਗਿਣਤੀ ਵਿਚ ਮਜ਼ਦੂਰ ਤੇ ਮੁਲਾਜ਼ਮ ਸ਼ਾਮਲ ਹੋਏ। ਲੁਧਿਆਣਾ ਤੋਂ ਵੀ 200 ਸਾਥੀਆਂ ਦਾ ਇੱਕ ਵੱਡਾ ਜਥਾ ਏਟਕ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਾਥੀ ਡੀ ਪੀ ਮੌੜ ਦੀ ਅਗਵਾਈ ਵਿਚ ਸ਼ਾਮਲ ਹੋਇਆ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿਚ ਏਟਕ ਨਾਲ ਸੰਬੰਧਤ ਵੱਖ-ਵੱਖ ਯੂਨੀਅਨਾਂ ਜਿਵੇਂ ਪੀ ਏ ਯੂ ਇੰਪਲਾਈਜ਼ ਯੂਨੀਅਨ, ਰੋਡਵੇਜ਼, ਨਗਰ ਨਿਗਮ, ਉਸਾਰੀ ਮਜ਼ਦੂਰ, ਰੇਹੜੀ-ਫੜ੍ਹੀ, ਹੌਜ਼ਰੀ ਯੂਨੀਅਨ, ਆਸ਼ਾ ਵਰਕਰ ਯੂਨੀਅਨ ਅਤੇ ਹੋਰ ਆਗੂ ਸਾਥੀ ਅਤੇ ਵਰਕਰ ਸ਼ਾਮਲ ਸਨ।
ਉਨ੍ਹਾਂ ਮਜ਼ਦੂਰਾਂ ਅਤੇ ਕਿਸਾਨਾਂ ਦੀ ਏਕਤਾ ਦੇ ਪਲੇਅ ਕਾਰਡ, ਤਿੰਨ ਖੇਤੀ ਕਾਨੂੰਨ, ਬਿਜਲੀ ਬਿੱਲ ਅਤੇ ਲੇਬਰ ਕੋਡ ਵਾਪਸ ਲੈਣ ਦੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ।
ਏ.ਆਈ.ਟੀ.ਯੂ.ਸੀ. ਦੇ ਕੌਮੀ ਜਨਰਲ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਕਿਹਾ ਕਿ ਯੂਨੀਅਨਾਂ ਦੁਆਰਾ ਸਾਰੇ ਪੱਧਰਾਂ ’ਤੇ ਸਾਂਝੇ ਮੋਰਚੇ ਦੇ ਕਿਸਾਨ ਫਰੰਟ ਦੇ ਸਾਰੇ ਪ੍ਰੋਗਰਾਮ ਪ੍ਰਭਾਵਸ਼ਾਲੀ ਅਤੇ ਦਿ੍ਰੜ੍ਹਤਾ ਨਾਲ ਲਾਗੂ ਕੀਤੇ ਜਾਣਗੇ।