ਚੰਡੀਗੜ੍ਹ : ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਪੰਜਾਬ ’ਚ ਕੋਰੋਨਾ ਵਾਇਰਸ ਦੀ ਵੈਕਸੀਨ ਮੁਫਤ ਲਗਾਈ ਜਾਵੇਗੀ। ਉਹਨਾਂ ਕਿਹਾ ਕਿ ਨਾ ਸਿਰਫ ਸਿਹਤ ਕਾਮਿਆਂ ਲਈ ਸਗੋਂ ਆਮ ਲੋਕਾਂ ਲਈ ਵੀ ਵੈਕਸੀਨ ਮੁਫਤ ਹੋਵੇਗੀ। ਉਹਨਾਂ ਕਿਹਾ ਕਿ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਰੇ ਰਾਜਾਂ ਦੇ ਲੋਕਾਂ ਨੂੰ ਵੈਕਸੀਨ ਮੁਫਤ ਲਾਈ ਜਾਵੇ, ਪਰ ਉਹਨਾਂ ਦੇ ਬਿਆਨ ਲਗਾਤਾਰ ਬਦਲ ਰਹੇ ਹਨ। 16 ਜਨਵਰੀ ਨੂੰ 110 ਥਾਵਾਂ ’ਤੇ ਹੈਲਥ ਕੇਅਰ ਵਰਕਰਾਂ (ਐੱਚ ਸੀ ਡਬਲਯੂ) ਦੇ ਟੀਕਾਕਰਨ ਲਈ ਪੂਰੀ ਤਰ੍ਹਾਂ ਤਿਆਰੀ ਕਰ ਲਈ ਗਈ ਹੈ। ਟੀਕੇ ਦੀਆਂ 20,450 ਵਾਈਲ (ਸੀਸੀਆਂ) ਪ੍ਰਾਪਤ ਹੋਈਆਂ ਹਨ ਅਤੇ ਹਰ ਸ਼ੀਸ਼ੀ ’ਚ ਟੀਕੇ ਦੀਆਂ 10 ਖੁਰਾਕਾਂ ਹਨ, ਜੋ ਲਾਭਪਾਤਰੀ ਨੂੰ 28 ਦਿਨਾਂ ਦੇ ਫਰਕ ਨਾਲ ਦੋ ਖੁਰਾਕਾਂ ’ਚ ਦਿੱਤੀਆਂ ਜਾਣਗੀਆਂ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੋਵੀਸੀਲਡ ਵੈਕਸੀਨ ਆਕਸਫੋਰਡ ਯੂਨੀਵਰਸਿਟੀ ਵੱਲੋਂ ਐਸਟਰਾਜੇਨੇਕਾ ਨਾਲ ਮਿਲ ਕੇ ਤਿਆਰ ਕੀਤੀ ਗਈ ਹੈ ਅਤੇ ਹੁਣ ਇਸ ਵੈਕਸੀਨ ਦਾ ਉਤਪਾਦਨ ਭਾਰਤ ਵਿੱਚ ਸੀਰਮ ਇੰਸਟੀਚਿਊਟ ਵੱਲੋਂ ਕੀਤਾ ਜਾ ਰਿਹਾ ਹੈ। ਇਸ ਦੇ ਤੀਜੇ ਪੜਾਅ ਦੇ ਟਰਾਇਲਾਂ ਦਾ ਡਾਟਾ ਉਪਲੱਬਧ ਹੈ ਅਤੇ ਇਸ ਵੈਕਸੀਨ ਨੂੰ ਇੰਗਲੈਂਡ ਵਿੱਚ ਐਮਰਜੈਂਸੀ ਆਥੋਰਾਈਜੇਸ਼ਨ ਤਹਿਤ ਲਗਾਇਆ ਜਾ ਰਿਹਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਟੀਕਾਕਰਨ ਦੀ ਸੁਰੂਆਤ ਲਈ ਹਰੇਕ ਜ਼ਿਲ੍ਹੇ ਵਿੱਚ 5 ਸਥਾਨਾਂ ਦੀ ਚੋਣ ਕੀਤੀ ਗਈ ਹੈ, ਜਿੱਥੇ ਹਰੇਕ ਸਥਾਨ ’ਤੇ 100 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਐੱਸ.ਏ.ਐੱਸ. ਨਗਰ ਅਤੇ ਜੀ.ਐੱਮ.ਸੀ. ਅੰਮਿ੍ਰਤਸਰ ਵਿਖੇ ਕੇਂਦਰ ਸਰਕਾਰ ਨਾਲ ਦੋ ਸੈਸ਼ਨ ਸਾਈਟਾਂ ਦਾ ਸਿੱਧਾ ਪ੍ਰਸਾਰਨ/ਵੈਬਕਾਸਟ ਕੀਤਾ ਜਾਵੇਗਾ। ਵੈਕਸੀਨ ਲਈ ‘ਕੋਲਡ ਚੇਨ’ ਸੰਬੰਧੀ ਤਿਆਰੀਆਂ ਬਾਰੇ ਵੇਰਵੇ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਵੇਲੇ ਵੈਕਸੀਨ ਨੂੰ ਸਟੇਟ ਵੈਕਸੀਨ ਸਟੋਰ, ਸੈਕਟਰ -24 ਵਿਖੇ ਸਟੋਰ ਕੀਤਾ ਗਿਆ ਹੈ।