ਸ੍ਰੀਨਗਰ : ਬਾਰਡਰ ਸੁਰੱਖਿਆ ਫੋਰਸ ਨੇ ਕਠੂਆ ਦੇ ਹੀਰਾਨਗਰ ਸੈਕਟਰ ’ਚ ਅੰਤਰਰਾਸ਼ਟਰੀ ਸਰਹੱਦ ਕੋਲ ਇੱਕ ਸੁਰੰਗ ਦਾ ਪਤਾ ਲਗਾਇਆ ਹੈ। ਅੰਤਰਰਾਸ਼ਟਰੀ ਸਰਹੱਦ ’ਤੇ ਸੁਰੰਗ ਮਿਲਣ ਨਾਲ ਪਾਕਿਸਤਾਨ ਦੀਆਂ ਅੱਤਵਾਦੀਆਂ ਨੂੰ ਭਾਰਤੀ ਸਰਹੱਦ ਅੰਦਰ ਭੇਜਣ ਦੀ ਇੱਕ ਹੋਰ ਸਾਜਿਸ਼ ਸਾਹਮਣੇ ਆਈ ਹੈ। ਅਧਿਕਾਰੀਆ ਨੇ ਕਿਹਾ ਕਿ ਬੀ ਐੱਸ ਐੱਫ਼ ਨੇ ਬੁੱਧਵਾਰ ਨੂੰ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ’ਚ ਅੰਤਰਰਾਸ਼ਟਰੀ ਸਰਹੱਦ ਕੋਲ ਇੱਕ ਸੁਰੰਗ ਦਾ ਪਤਾ ਲਗਾਇਆਹੈ। ਇੱਕ ਅਭਿਆਨ ਦੌਰਾਨ ਸਵੇਰੇ ਬੋਬੀਆ ਪਿੰਡ ’ਚ ਬੀ ਐੱਸ ਐੱਫ਼ ਦੇ ਜਵਾਨਾਂ ਵੱਲੋਂ ਅੱਤਵਾਦੀਆਂ ਦੀ ਘੁਸਪੈਠ ਨੂੰ ਅਸਾਨ ਬਣਾਉਣ ਲਈ ਸਰਹੱਦ ਪਾਰ ਤੋਂ ਬਣਾਈ ਗਈ ਸੁਰੰਗ ਦਾ ਪਤਾ ਚੱਲਿਆ। ਬੀ ਐੱਸ ਐੱਫ਼ ਦੇ ਸੀਨੀਅਰ ਅਤੇ ਪੁਲਸ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚ ਗਏ।
ਇਸ ਸੁਰੰਗ ਦੀ ਲੰਬਾਈ ਕਰੀਬ 150 ਮੀਟਰ ਹੈ। ਨਾਲ ਹੀ ਸੁਰੰਗ ’ਚੋਂ ਸੀਮੈਂਟ ਦੀਆਂ ਬੋਰੀਆਂ ਬਰਾਮਦ ਹੋਈਆਂ ਹਨ, ਜੋ ਕਿ ਪਾਕਿਸਤਾਨ ਦੇ ਕਰਾਚੀ ਦੀਆਂ ਬਣੀਆਂ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਪੋਸਟ ਦੇ ਸਾਹਮਣੇ ਇਸ ਸੁਰੰਗ ਨੂੰ ਪੁੱਟਿਆ ਗਿਆ ਹੈ। ਇਸ ਤੋਂ ਪਹਿਲਾਂ ਅਗਸਤ 2020 ’ਚ ਸਾਂਬਾ ਦੇ ਸਰਹੱਦੀ ਪਿੰਡ ਬੈਨ ਗਲਾਡ ਦੀ ਸਰਹੱਦ ’ਤੇ ਇੱਕ ਸੁਰੰਗ ਮਿਲੀ ਸੀ। ਸਰਹੱਦ ਤੋਂ ਪੰਜਾਹ ਮੀਟਰ ਦੂਰ ਮਿਲੀ ਇਸ ਸੁਰੰਗ ’ਚ ਪਾਕਿਸਤਾਨ ਵੱਲੋਂ ਤਿਆਰ ਬੋਰੀਆਂ ਬਰਾਮਦ ਹੋਈਆਂ ਸਨ।