ਦੁੱਲਾ ਭੱਟੀ ਦੇ ਵਾਰਸਾਂ ਵੱਲੋਂ ਸੰਘਰਸ਼ ਹੋਰ ਪ੍ਰਚੰਡ ਕਰਨ ਦਾ ਐਲਾਨ, ਲੋਹੜੀ ’ਤੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਭਸਮ
ਨਵੀਂ ਦਿੱਲੀ : ਸਿੰਘੂ-ਕੁੰਡਲੀ ਬਾਰਡਰ ਉੱਤੇ ਪੱਕੇ ਮੋਰਚੇ ਦੇ 50ਵੇਂ ਦਿਨ ਬੁੱਧਵਾਰ ਹਜ਼ਾਰਾਂ ਕਿਸਾਨਾਂ ਨੇ ਲੋਹੜੀ ਦਾ ਤਿਉਹਾਰ ਦੁੱਲਾ ਭੱਟੀ ਨੂੰ ਸਮਰਪਤ ਕੀਤਾ ਅਤੇ ਧੂਣੀਆਂ ਬਾਲ ਕੇ ਤਿੰਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫੂਕੀਆਂ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਹਜ਼ਾਰਾਂ ਪਿੰਡਾਂ ਵਿੱਚ ਵੀ ਲੱਖਾਂ ਕਿਸਾਨਾਂ-ਮਜ਼ਦੂਰਾਂ ਵੱਲੋਂ ਲੋਹੜੀ ਦੇ ਤਿਉਹਾਰ ਉੱਤੇ ਵਿਸ਼ਾਲ ਇਕੱਠ ਕਰਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੂੰ ਅਗਨ-ਭੇਟ ਕੀਤਾ ਗਿਆ। ਉਨ੍ਹਾਂ ਕਿਹਾ ਕਿ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਲਾਮਬੰਦੀ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਮੁਗਲ ਹਾਕਮਾਂ ਵੱਲੋਂ ਕਿਸਾਨਾਂ ਉੱਤੇ ਢਾਹੇ ਜਬਰ-ਜ਼ੁਲਮ ਖਿਲਾਫ ਲੜਨ ਵਾਲੇ ਕਿਸਾਨ ਨਾਇਕ ਦੁੱਲਾ ਭੱਟੀ ਨੂੰ ਯਾਦ ਕੀਤਾ। ਇਸ ਮੌਕੇ ਪੰਜਾਬ ਤੋਂ 10 ਹਜ਼ਾਰ ਤੋਂ ਵੱਧ ਕਿਸਾਨਾਂ-ਮਜ਼ਦੂਰਾਂ ਦਾ ਜਥਾ ਪੱਕੇ ਮੋਰਚੇ ਵਿੱਚ ਸ਼ਾਮਲ ਹੋਇਆ। ਕਿਸਾਨ ਆਗੂਆਂ ਨੇ ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ਦੇ ਹੱਲ ਲਈ ਬਣਾਈ ਚਾਰ ਮੈਂਬਰੀ ਕਮੇਟੀ ਨੂੰ ਸਰਕਾਰੀ ਕਮੇਟੀ ਕਹਿੰਦਿਆਂ ਇਸ ਨੂੰ ਪੂਰਨ ਤੌਰ ’ਤੇ ਰੱਦ ਕਰ ਦਿੱਤਾ ਅਤੇ ਅੰਦੋਲਨ ਨੂੰ ਖੇਤੀ ਦੇ ਕਾਲੇ ਕਾਨੂੰਨਾਂ ਦੇ ਰੱਦ ਹੋਣ ਤੱਕ ਜਾਰੀ ਰੱਖਣ ਤੇ ਹੋਰ ਤੇਜ਼ ਕਰਨ ਦਾ ਐਲਾਨ ਕੀਤਾ। ਕਿਸਾਨ ਆਗੂਆਂ ਨੇ ਮਾਘੀ ਦੇ ਦਿਹਾੜੇ ਨੂੰ ਮੁਕਤਸਰ ਦੇ ਚਾਲੀ ਮੁਕਤਿਆਂ ਨੂੰ ਸਮਰਪਤ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਦਿਨ ਸਟੇਜ ਤੋਂ ਸਾਰਾ ਦਿਨ ਸ਼ਬਦ-ਕੀਰਤਨ ਜਾਰੀ ਰੱਖਿਆ ਜਾਵੇਗਾ।