ਬੰਗਾ : ਕਾਲੇ ਖੇਤੀ ਕਾਨੂੰਨਾਂ ਖਿਲਾਫ ਵੱਖ-ਵੱਖ ਜਥੇਬੰਦੀਆਂ, ਕਿਸਾਨਾਂ, ਮਜ਼ਦੂਰਾਂ ਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਐਤਵਾਰ ਇਥੇ ਮਾਰਚ ਕੱਢਿਆ, ਜਿਹੜਾ ਗੜ੍ਹਸ਼ੰਕਰ ਚੌਕ ਤੋਂ ਬੰਗਾ ਮੁੱਖ ਮਾਰਗ ਅਤੇ ਗੁਰਦਆਰਾ ਇਸਤਰੀ ਸਤਿਸੰਗ ਸਭਾ ਚੌਕ ਤੋਂ ਹੁੰਦਾ ਹੋਇਆ ਗੜਸ਼ੰਕਰ ਚੌਕ ਵਿਚ ਹੀ ਸਮਾਪਤ ਹੋਇਆ | ਕਈ ਘੰਟੇ ਮੁੱਖ ਮਾਰਗ 'ਤੇ ਖਲੋ ਕੇ ਕਿਸਾਨਾਂ ਨੇ ਹਿਊਮਨ ਚੇਨ ਬਣਾ ਕੇ ਆਉਂਦੇ-ਜਾਂਦੇ ਰਾਹਗੀਰਾਂ ਨੂੰ ਦੱਸਿਆ ਕਿ ਕਿਵੇਂ ਉਹ ਅੱਜ ਮੋਦੀ ਦੇ ਕਾਲੇ ਕਾਨੂੰਨਾਂ ਤੋਂ ਪਰੇਸ਼ਾਨ ਹੋ ਗਏ ਹਨ | ਉਨ੍ਹਾਂ ਰਾਹਗੀਰਾਂ ਨੂੰ ਕਿਸਾਨਾਂ ਦੇ ਹੱਕ ਵਿਚ ਮੋਦੀ ਸਰਕਾਰ ਖਿਲਾਫ ਸੜਕਾਂ 'ਤੇ ਉਤਰਨ ਦੀ ਅਪੀਲ ਕੀਤੀ | ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮੋਦੀ ਤੇ ਉਨ੍ਹਾਂ ਦੇ ਸਾਰੇ ਮੰਤਰੀਆਂ ਨੂੰ ਆਪਣਾ ਅੜੀਅਲ ਰਵੱਈਆ ਛੱਡ ਕਿਸਾਨਾਂ ਦੀ ਗੱਲ ਮੰਨ ਕੇ ਖੇਤੀਬਾੜੀ ਵਿਰੋਧੀ ਪਾਸ ਕੀਤੇ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ | ਪ੍ਰਦਸ਼ਨਕਾਰੀਆਂ ਨੇ ਕੇਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਵਲੋਂ ਅਜਿਹੇ ਪ੍ਰਦਰਸ਼ਨ ਓਨਾ ਚਿਰ ਹੁੰਦੇ ਰਹਿਣਗੇ, ਜਦੋਂ ਤੱਕ ਮੋਦੀ ਸਰਕਾਰ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੰਦੀ |