Latest News
ਕਿਸਾਨ ਟਰੈਕਟਰ ਪਰੇਡ ਦਿੱਲੀ ਦੀ ਆਊਟਰ ਰਿੰਗ ਰੋਡ 'ਤੇ ਹੋਵੇਗੀ

Published on 17 Jan, 2021 11:51 AM.

ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚਾ ਨੇ ਐਤਵਾਰ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਲਈ ਰੂਟ ਨੂੰ ਅੰਤਮ ਰੂਪ ਦੇ ਦਿੱਤਾ | ਪਰੇਡ ਕੌਮੀ ਰਾਜਧਾਨੀ ਦੇ ਆਊਟਰ ਰਿੰਗ ਰੋਡ 'ਤੇ ਕੀਤੀ ਜਾਵੇਗੀ | ਕਿਸਾਨ ਆਗੂਆਂ ਨੇ ਕਿਹਾ ਕਿ ਕੌਮੀ ਗਣਤੰਤਰ ਦਿਵਸ ਪਰੇਡ ਵਿਚ ਕੋਈ ਖਲਲ ਨਹੀਂ ਪਾਇਆ ਜਾਵੇਗਾ | ਸਾਰੇ ਟਰੈਕਟਰਾਂ 'ਤੇ ਸਿਰਫ ਤਿਰੰਗੇ ਤੇ ਕਿਸਾਨ ਜਥੇਬੰਦੀਆਂ ਦੇ ਝੰਡੇ ਹੋਣਗੇ ਅਤੇ ਕਿਸੇ ਪਾਰਟੀ ਦਾ ਝੰਡਾ ਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ | ਪਰੇਡ ਪੁਰਅਮਨ ਹੋਵੇਗੀ |ਇਸੇ ਦੌਰਾਨ ਕਿਸਾਨ ਆਗੂਆਂ ਨੂੰ ਪੰਜਾਬ, ਹਰਿਆਣਾ ਅਤੇ ਦਿੱਲੀ ਤੋਂ ਕਈ ਵਿਧਾਇਕ ਅਤੇ ਐੱਮ ਪੀਜ਼ ਮਿਲੇ | ਕਿਸਾਨਾਂ ਵੱਲੋਂ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਹਾਜ਼ਰ ਸਨ | ਮੀਟਿੰਗ 'ਚ ਫੈਸਲਾ ਲਿਆ ਗਿਆ ਕਿ 22-23 ਤਰੀਕ ਨੂੰ ਦਿੱਲੀ 'ਚ 'ਜਨ-ਸੰਸਦ' ਹੋਵੇਗੀ, ਜੋ ਕਿ ਕਿਸਾਨਾਂ ਦੇ ਹੱਕ 'ਚ ਕੀਤੀ ਜਾਵੇਗੀ | ਇਸ ਨੂੰ ਵਿਰੋਧੀ ਪਾਰਟੀਆਂ ਵੱਲੋਂ ਸਮਰਥਨ ਦਿੱਤਾ ਜਾਵੇਗਾ | ਇਸ ਦੌਰਾਨ ਚੜੂਨੀ ਨੇ ਕਿਹਾ ਕਿ ਉਨ੍ਹਾ ਨੂੰ 19 ਤਰੀਕ ਨੂੰ ਹੋਣ ਵਾਲੀ ਸਰਕਾਰ ਨਾਲ ਮੀਟਿਗ ਤੋਂ ਜ਼ਿਆਦਾ ਉਮੀਦਾਂ ਨਹੀਂ ਹਨ | ਮੀਟਿੰਗ 'ਚ ਪੰਜਾਬ ਕਾਂਗਰਸ ਦੇ ਐੱਮ ਪੀ ਗੁਰਜੀਤ ਔਜਲਾ ਅਤੇ ਜਸਬੀਰ ਸਿੰਘ ਡਿੰਪਾ, ਐੱਮ ਐੱਲ ਏ ਕੁਲਬੀਰ ਸਿੰਘ ਜ਼ੀਰਾ ਨਾਲ ਹੀ ਕਾਂਗਰਸ ਦੇ ਸੀਨੀਅਰ ਲੀਡਰ ਦਿਗਵਿਜੈ ਸਿੰਘ ਵੀ ਹਾਜ਼ਰ ਸਨ | ਇਨ੍ਹਾਂ ਤੋਂ ਬਿਨਾਂ ਪਰਮਿੰਦਰ ਸਿੰਘ ਢੀਂਡਸਾ, ਸੁਖਪਾਲ ਸਿੰਘ ਖਹਿਰਾ, ਸੇਵਾ ਸਿੰਘ ਸੇਖਵਾਂ, ਆਮ ਆਦਮੀ ਪਾਰਟੀ ਪੰਜਾਬ ਦੇ ਜਰਨੈਲ ਸਿੰਘ ਵੀ ਸ਼ਾਮਲ ਹੋਏ | ਮਿਲੀ ਜਾਣਕਾਰੀ ਅਨੁਸਾਰ ਪੰਜਾਬ ਤੋਂ ਅਕਾਲੀ ਦਲ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ |

272 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper