ਜਲਪਾਈਗੁੜੀ : ਪੱਛਮੀ ਬੰਗਾਲ ਧੂਪਗੁਰੀ ਸਿਟੀ ਵਿੱਚ ਧੁੰਦ ਕਾਰਨ ਕਈ ਵਾਹਨ ਆਪਸ ਵਿੱਚ ਟਕਰਾਅ ਗਏ | ਇਸ ਹਾਦਸੇ ਵਿੱਚ 14 ਲੋਕਾਂ ਦੀ ਮੌਤ ਹੋ ਗਈ | ਇਸ ਦੇ ਨਾਲ ਹੀ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ | ਪੁਲਸ ਨੇ ਮੌਕੇ 'ਤੇ ਪਹੁੰਚ ਕੇ ਤੁਰੰਤ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕੀਤੇ | ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਦਕਿ ਮਿ੍ਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ | ਇਸ ਹਾਦਸੇ ਵਿੱਚ 18 ਵਿਅਕਤੀ ਜ਼ਖਮੀ ਹੋਣ ਬਾਰੇ ਵੀ ਦੱਸਿਆ ਜਾ ਰਿਹਾ ਹੈ | ਜਲਪਾਈਗੁੜੀ ਦੇ ਏ ਐੱਸ ਪੀ ਡਾ. ਸੁਮੰਤ ਰਾਏ ਨੇ ਦੱਸਿਆ ਕਿ ਬੋਲਡਰ ਤੋਂ ਲੱਦਿਆ ਟਰੱਕ ਮੰਗਲਵਾਰ ਦੀ ਰਾਤ 9:5 ਵਜੇ ਮਯਾਨਾਲੀ ਤੋਂ ਜਾ ਰਿਹਾ ਸੀ | ਦੂਜੇ ਪਾਸੇ, ਇੱਕ ਟਾਟਾ ਮੈਜਿਕ ਅਤੇ ਮਾਰੂਤੀ ਵੈਨ ਗਲਤ ਦਿਸ਼ਾ ਵਿੱਚ ਆ ਰਹੀਆਂ ਸਨ | ਇਸ ਦੌਰਾਨ ਧੁੰਦ ਕਾਰਨ ਪਹਿਲਾਂ ਟਰੱਕ ਅਤੇ ਟਾਟਾ ਮੈਜਿਕ ਆਪਸ ਵਿੱਚ ਟਕਰਾਅ ਗਏ ਅਤੇ ਫਿਰ ਮਾਰੂਤੀ ਵੈਨ ਦੀ ਟੱਕਰ ਹੋ ਗਈ | ਚਸ਼ਮਦੀਦਾਂ ਅਨੁਸਾਰ ਹਾਦਸੇ ਦੌਰਾਨ ਕਈ ਬੋਲਡਰ ਉੱਛਲ ਕੇ ਟਰੱਕ ਤੋਂ ਹੋਰ ਵਾਹਨਾਂ 'ਤੇ ਡਿੱਗ ਗਏ | ਇਸ ਮਾਮਲੇ ਵਿੱਚ ਪੁਲਸ ਨੇ ਟਰੱਕ ਡਰਾਈਵਰ ਨੂੰ ਕਾਬੂ ਵਿੱਚ ਲੈ ਲਿਆ | ਉਸ ਦਾ ਦਾਅਵਾ ਹੈ ਕਿ ਬੋਲਡਰ ਨਾਲ ਲੱਦਿਆ ਟਰੱਕ ਦੂਜੇ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ | ਏ ਐੱਸ ਪੀ ਨੇ ਦੱਸਿਆ ਕਿ ਇਸ ਹਾਦਸੇ ਵਿੱਚ 18 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਪਹਿਲਾਂ ਧੂਪਗੁਰੀ ਦੇ ਇੱਕ ਹਸਪਤਾਲ ਵਿੱਚ ਭੇਜਿਆ ਗਿਆ ਅਤੇ ਫਿਰ ਜਲਪਾਈਗੁੜੀ ਦੇ ਇੱਕ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ |