Latest News
ਪ੍ਰਧਾਨ ਮੰਤਰੀ ਮੋਦੀ ਦੀ ਮਾਂ ਨੂੰ ਕਿਸਾਨ ਵੱਲੋਂ ਭਾਵੁਕ ਚਿੱਠੀ

Published on 24 Jan, 2021 10:13 AM.


ਨਵੀਂ ਦਿੱਲੀ : ਪੰਜਾਬ ਦੇ ਇੱਕ ਕਿਸਾਨ ਨੇ ਆਪਣੇ ਵਰਗੇ ਹਜ਼ਾਰਾਂ ਕਿਸਾਨਾਂ ਦੇ ਨਾਲ ਮਹੀਨਿਆਂ ਤੱਕ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਬਜ਼ੁਰਗ ਮਾਂ ਹੀਰਾਬੇਨ ਮੋਦੀ ਨੂੰ ਇੱਕ ਭਾਵੁਕ ਚਿੱਠੀ ਲਿਖੀ ਹੈ, ਜਿਸ 'ਚ ਉਸ ਨੇ ਬੇਨਤੀ ਕੀਤੀ ਹੈ ਕਿ ਉਹ ਆਪਣੇ ਪੁੱਤਰ ਨੂੰ ਤਿੰਨੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਕਹੇ, ਜਿਸ ਕਾਰਨ ਦੇਸ਼ 'ਚ ਇੱਕ ਵੱਡਾ ਅੰਦੋਲਨ ਚੱਲ ਰਿਹਾ ਹੈ | ਉਨ੍ਹਾ ਚਿੱਠੀ 'ਚ ਉਮੀਦ ਪ੍ਰਗਟਾਈ ਹੈ ਕਿ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਆਪਣਾ ਮਨ ਬਦਲਣ ਲਈ ਆਪਣੀ ਸਾਰੀ ਸ਼ਕਤੀ ਦਾ ਇਸਤੇਮਾਲ ਇੱਕ ਮਾਂ ਦੇ ਰੂਪ 'ਚ ਕਰੇਗੀ | ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਗੋਲੂ ਕਾ ਮੋੜ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੇ ਹਿੰਦੀ 'ਚ ਇਹ ਚਿੱਠੀ ਲਿਖੀ ਹੈ | ਉਨ੍ਹਾ ਕਰੀਬ 100 ਸਾਲਾ ਹੀਰਾਬੇਨ ਮੋਦੀ ਨੂੰ ਅਪੀਲ ਕਰਦੇ ਹੋਏ ਕਈ ਭਾਵਨਾਤਮਕ ਬਿੰਦੂਆਂ ਨੂੰ ਉਸ 'ਚ ਸ਼ਾਮਲ ਕੀਤਾ ਹੈ | ਉਨ੍ਹਾ ਮੌਸਮ ਦੀ ਸਥਿਤੀ, ਜਿਸ ਦੇ ਤਹਿਤ ਕਿਸਾਨ ਵਿਰੋਧ ਕਰ ਰਹੇ ਹਨ, ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ | ਦੇਸ਼ 'ਚ ਭੁੱਖ ਮਿਟਾਉਣ ਵਿੱਚ ਕਿਸਾਨਾਂ ਦਾ ਯੋਗਦਾਨ ਅਤੇ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖਣ ਵਿੱਚ ਉਨ੍ਹਾਂ ਦੇ ਯੋਗਦਾਨ ਵਰਗੇ ਮੁੱਦਿਆਂ ਦੀ ਚਿੱਠੀ 'ਚ ਚਰਚਾ ਕੀਤੀ ਹੈ |
ਉਨ੍ਹਾ ਲਿਖਿਆ, 'ਮੈਂ ਇਸ ਚਿੱਠੀ ਨੂੰ ਭਰੇ ਮਨ ਨਾਲ ਲਿਖ ਰਿਹਾ ਹਾਂ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋਵੇਗੇ ਕਿ ਦੇਸ਼ ਅਤੇ ਦੁਨੀਆ ਨੂੰ ਖਿਲਾਉਣ ਵਾਲੇ ਅੰਨਦਾਤਾ ਤਿੰਨ ਕਾਲੇ ਕਾਨੂੰਨਾਂ ਕਾਰਨ ਕੜਾਕੇ ਦੀਆਂ ਸਰਦੀਆਂ 'ਚ ਵੀ ਦਿੱਲੀ ਦੀਆਂ ਸੜਕਾਂ 'ਤੇ ਸੌਣ ਨੂੰ ਮਜ਼ਬੂਰ ਹਨ | ਇਸ 'ਚ 90-95 ਸਾਲ ਦੇ ਬਜ਼ੁਰਗਾਂ ਤੋਂ ਇਲਾਵਾ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ | ਕੜਾਕੇ ਦੀ ਠੰਢ ਲੋਕਾਂ ਨੂੰ ਬਿਮਾਰ ਬਣਾ ਰਹੀ ਹੈ | ਇੱਥੋਂ ਤੱਕ ਕਿ ਲੋਕ ਸ਼ਹੀਦ ਹੋ ਰਹੇ ਹਨ, ਜੋ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ |' ਉਨ੍ਹਾ ਅੱਗੇ ਲਿਖਿਆ, 'ਦਿੱਲੀ ਦੀਆਂ ਸਰਹੱਦਾਂ 'ਤੇ ਇਹ ਸ਼ਾਂਤੀਪੂਰਨ ਅੰਦੋਲਨ ਤਿੰਨ ਕਾਲੇ ਕਾਨੰੂਨਾਂ ਕਾਰਨ ਹੋਇਆ ਹੈ, ਜੋ ਅਡਾਨੀ, ਅੰਬਾਨੀ ਅਤੇ ਹੋਰ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ 'ਤੇ ਪਾਸ ਕੀਤੇ ਗਏ ਹਨ | ਇਸ ਦੌਰਾਨ ਕਿਸਾਨ ਸੰਗਠਨਾਂ ਤੇ ਸਰਕਾਰ ਵਿਚਾਲੇ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਪਰ ਕੋਈ ਸਿੱਟਾ ਨਹੀਂ ਨਿਕਲਿਆ | ਕਿਸਾਨ ਅੰਦੋਲਨ 'ਚ 75 ਤੋਂ ਜ਼ਿਆਦਾ ਕਿਸਾਨਾਂ ਦੀ ਜਾਨ ਜਾ ਚੁੱਕੀ ਹੈ |'

205 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper