ਮੁੰਬਈ : ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਮਹਾਰਾਸ਼ਟਰ ਦੇ ਕਿਸਾਨਾਂ ਨੇ ਵੀ ਵਿਆਪਕ ਪ੍ਰਦਰਸ਼ਨ ਦੀ ਤਿਆਰੀ ਕੀਤੀ ਹੈ | ਮਹਾਰਾਸ਼ਟਰ ਦੇ 21 ਜ਼ਿਲਿ੍ਹਆਂ ਦੇ ਹਜ਼ਾਰਾਂ ਕਿਸਾਨ ਸ਼ਨੀਵਾਰ ਨੂੰ ਨਾਸਿਕ 'ਚ ਇਕੱਠੇ ਹੋਏ ਅਤੇ ਰਾਜਧਾਨੀ ਮੁੰਬਈ ਤੱਕ ਦੀ 180 ਕਿਲੋਮੀਟਰ ਦੀ ਦੂਰੀ ਤੈਅ ਕਰਨ ਲਈ ਮਾਰਚ ਸ਼ੁਰੂ ਕੀਤਾ | ਮੁੰਬਈ ਦੇ ਆਜ਼ਾਦ ਮੈਦਾਨ 'ਚ ਸੋਮਵਾਰ ਨੂੰ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ ਹੈ, ਜਿਸ 'ਚ ਵੱਡੀ ਗਿਣਤੀ 'ਚ ਕਿਸਾਨ ਹਿੱਸਾ ਲੈਣਗੇ | ਰੈਲੀ 'ਚ ਸ਼ਰਦ ਪਵਾਰ ਵੀ ਸ਼ਾਮਲ ਹੋਣਗੇ | ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪਹਿਲਾਂ ਤੋਂ ਹੀ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਕੌਮੀ ਰਾਜਧਾਨੀ ਦਿੱਲੀ ਬਾਰਡਰ 'ਤੇ ਡਟੇ ਹੋਏ ਹਨ | ਨਾਸਿਕ ਅਤੇ ਮੁੰਬਈ ਵਿਚਾਲੇ ਕਸਾਰਾ ਘਾਟ ਖੇਤਰ ਦੀ ਸੜਕ 'ਤੇ ਕਿਸਾਨਾਂ ਦਾ ਜਨ-ਸੈਲਾਬ ਦਿਖਿਆ | ਇਸ 'ਚ ਕਈ ਕਿਸਾਨਾਂ ਹੱਥਾਂ 'ਚ ਬੈਨਰ ਫੜੇ ਹੋਏੇ ਸਨ ਅਤੇ ਕੁਝ ਝੰਡੇ ਦਿਖਾ ਰਹੇ ਹਨ | ਅਖਿਲ ਭਾਰਤੀ ਕਿਸਾਨ ਮਹਾਂ ਸਭਾ ਦੇ ਬੈਨਰ ਹੇਠ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਜੁੜੇ ਕਿਸਾਨ ਇਕੱਠੇ ਹੋਏ | ਇਹ ਕਿਸਾਨ ਸੋਮਵਾਰ ਨੂੰ ਆਜ਼ਾਦ ਮੈਦਾਨ 'ਚ ਆਯੋਜਿਤ ਰੈਲੀ 'ਚ ਹਿੱਸਾ ਲੈਣਗੇ | ਕੁਝ ਦਿਨ ਪਹਿਲਾਂ ਸ਼ਰਦ ਪਵਾਰ ਨੇ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਕਿਸਾਨਾਂ ਦੀਆਂ ਮੰਗਾਂ ਨਾ ਮੰਨਣ ਲਈ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਸੀ | ਸ਼ਰਦ ਪਵਾਰ ਨੇ ਕਿਹਾ ਸੀ ਕਿ ਕਿਸਾਨ ਏਨੀ ਠੰਢ 'ਚ ਦਿੱਲੀ ਦੇ ਬਾਰਡਰਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ, ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਣ 'ਚ ਨਾਕਾਮ ਰਹਿਣ 'ਤੇ ਕੇਂਦਰ ਨੂੰ ਅੰਜ਼ਾਮ ਭੁਗਤਣਾ ਪਵੇਗਾ |