81 ਸਾਲਾ ਕਰਾਂਤੀਕਾਰੀ ਕਵੀ ਵਰਵਰਾ ਰਾਓ ਪਿਛਲੇ ਢਾਈ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ | ਉਨ੍ਹਾ ਨੂੰ 11 ਹੋਰ ਬੁੱਧੀਜੀਵੀਆਂ, ਸਮਾਜ ਸੇਵੀ ਕਾਰਕੁਨਾਂ ਤੇ ਵਕੀਲਾਂ ਸਮੇਤ ਗਿ੍ਫ਼ਤਾਰ ਕੀਤਾ ਗਿਆ ਸੀ | ਉਨ੍ਹਾ ਉੱਤੇ ਦੋਸ਼ ਲਾਇਆ ਗਿਆ ਹੈ ਕਿ 1 ਜਨਵਰੀ 2018 ਨੂੰ ਭੀਮਾ ਕੋਰੇਗਾਂਵ ਵਿੱਚ ਭੜਕੀ ਹਿੰਸਾ ਵਿੱਚ ਉਨ੍ਹਾ ਦਾ ਹੱਥ ਸੀ |
ਇਨ੍ਹਾਂ ਸਮਾਜ ਸੇਵੀ ਤੇ ਆਪਣੇ-ਆਪਣੇ ਖੇਤਰ ਦੇ ਮਾਹਰ ਵਿਅਕਤੀਆਂ ਦੀ ਗਿ੍ਫ਼ਤਾਰੀ ਵਿਰੁੱਧ ਸਮੁੱਚੇ ਦੇਸ਼ ਦੇ ਜਮਹੂਰੀਅਤਪਸੰਦ ਲੋਕਾਂ ਵੱਲੋਂ ਲਗਾਤਾਰ ਆਵਾਜ਼ ਉਠਦੀ ਰਹੀ ਹੈ | ਹੁਣ ਇਜ਼ਰਾਈਲ ਦੇ ਕਵੀਆਂ ਦੇ ਇੱਕ ਸਮੂਹ ਨੇ ਇਜ਼ਰਾਈਲ ਵਿੱਚ ਸਥਿਤ ਭਾਰਤੀ ਰਾਜਦੂਤ ਸੰਜੀਵ ਕੁਮਾਰ ਸਿੰਗਲਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ 81 ਸਾਲਾ ਇਨਕਲਾਬੀ ਕਵੀ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ |
ਆਪਣੇ ਪੱਤਰ ਵਿੱਚ ਇਜ਼ਰਾਈਲੀ ਕਵੀਆਂ ਨੇ ਕਿਹਾ ਹੈ, 'ਭਾਰਤ ਦੀਆਂ ਜੇਲ੍ਹਾਂ ਨੂੰ ਕਵੀਆਂ ਨਾਲ ਨਹੀਂ ਭਰਿਆ ਜਾਣਾ ਚਾਹੀਦਾ | ਕਵੀਆਂ ਨੂੰ ਭਾਰਤ ਸਮੇਤ ਸਾਰੀ ਦੁਨੀਆ ਦੇ ਲੋਕਾਂ ਦੇ ਦਿਲਾਂ ਵਿੱਚ ਵਸਣਾ ਚਾਹੀਦਾ ਹੈ ਤੇ ਮੌਜੂਦਾ ਦਮਨਕਾਰੀ ਵਿਵਸਥਾ ਵਿਰੁੱਧ ਲੋਕਾਂ ਦੀ ਅਵਾਜ਼ ਬਣਨਾ ਚਾਹੀਦਾ ਹੈ |'
ਇਨ੍ਹਾਂ ਕਵੀਆਂ ਨੇ ਆਪਣੇ ਪੱਤਰ ਵਿੱਚ ਕਿਹਾ ਹੈ, 'ਵਰਵਰਾ ਰਾਓ ਆਪਣੇ ਕਈ ਦਹਾਕਿਆਂ ਦੇ ਕੰਮ, ਧਾਰਮਿਕ ਕੱਟੜਤਾ, ਭੇਦਭਾਵਪੂਰਨ ਜਾਤੀ ਵਿਵਸਥਾ ਤੇ ਔਰਤਾਂ ਉੱਤੇ ਜ਼ੁਲਮਾਂ ਦੇ ਵਿਰੋਧ ਕਾਰਨ ਲੋਕਾਂ ਲਈ ਪ੍ਰੇਰਣਾਸਰੋਤ ਰਹੇ ਹਨ | ਉਹ ਆਪਣੀ ਜੋਸ਼ੀਲੀ ਅਵਾਜ਼ ਕਾਰਨ ਵੱਡੇ ਜ਼ਿਮੀਦਾਰਾਂ, ਕਾਰਪੋਰੇਟਾਂ, ਭਿ੍ਸ਼ਟ ਆਗੂਆਂ ਤੇ ਸੁਰੱਖਿਆ ਫੋਰਸਾਂ ਦੀਆਂ ਅੱਖਾਂ ਵਿੱਚ ਰੜਕਦੇ ਰਹੇ ਹਨ |'
ਪੱਤਰ ਵਿੱਚ ਅੱਗੇ ਕਿਹਾ ਗਿਆ ਹੈ, 'ਭਾਰਤੀ ਕਵੀ ਵਰਵਰਾ ਰਾਓ ਦੀ ਗਿ੍ਫ਼ਤਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਵੱਲੋਂ ਦੇਸ਼ ਅੰਦਰ ਲੋਕਤੰਤਰੀ ਵਿਵਸਥਾ ਨੂੰ ਨੁਕਸਾਨ ਪੁਚਾਉਣ ਲਈ ਚੁੱਕੇ ਗਏ ਕਦਮਾਂ ਦਾ ਹੀ ਇੱਕ ਹਿੱਸਾ ਹੈ, ਜਿਸ ਰਾਹੀਂ ਹਾਕਮ ਜਮਾਤ ਪੱਤਰਕਾਰਾਂ, ਮਨੁੱਖੀ ਅਧਿਕਾਰ ਕਾਰਕੁਨਾਂ ਤੇ ਘੱਟ ਗਿਣਤੀਆਂ ਨੂੰ ਕੁਚਲਣ ਦੇ ਰਾਹ ਪਈ ਹੋਈ ਹੈ | ਮੌਜੂਦਾ ਦੌਰ ਵਿੱਚ ਸ਼ੱਕ ਹੈ ਕਿ ਭਾਰਤ ਵਿੱਚ ਹਾਲਾਤ ਲਗਾਤਾਰ ਖਰਾਬ ਹੋਣਗੇ ਤੇ ਇਹ 1970 ਦੇ ਦਹਾਕੇ ਵਿੱਚ ਇੰਦਰਾ ਗਾਂਧੀ ਵੱਲੋਂ ਲਾਈ ਐਮਰਜੈਂਸੀ ਵੱਲ ਵਧ ਜਾਵੇਗਾ, ਜਿਸ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਦਿੱਤਾ ਗਿਆ ਸੀ |'
ਕਵੀਆਂ ਨੇ ਲਿਖਿਆ ਹੈ, 'ਡਾ. ਵਰਵਰਾ ਰਾਓ ਨੇ ਆਪਣੀ ਪਹਿਲੀ ਕਵਿਤਾ 1957 ਵਿੱਚ ਲਿਖੀ ਸੀ | ਉਨ੍ਹਾ 1966 ਤੋਂ 1998 ਤੱਕ ਹਜ਼ਾਰਾਂ ਵਿਦਿਆਥੀਆਂ ਨੂੰ ਪੜ੍ਹਾਇਆ | ਉਨ੍ਹਾਂ ਹਜ਼ਾਰਾਂ ਕਵਿਤਾਵਾਂ ਲਿਖੀਆਂ ਤੇ ਪ੍ਰਕਾਸ਼ਤ ਕਰਵਾਈਆਂ ਅਤੇ ਲੋਕਾਂ ਸਾਹਮਣੇ ਹਜ਼ਾਰਾਂ ਭਾਸ਼ਣ ਦਿੱਤੇ | ਉਨ੍ਹਾ ਸਮਾਜਿਕ ਅੰਦੋਲਨਾਂ ਨੂੰ ਬੌਧਿਕ ਸ਼ਕਤੀ ਦਿੱਤੀ ਅਤੇ ਹਾਸ਼ੀਏ ਉੱਤੇ ਧੱਕ ਦਿੱਤੇ ਗਏ ਲੋਕਾਂ ਦੇ ਸੰਘਰਸ਼ਾਂ ਵਿੱਚ ਯੋਗਦਾਨ ਦਿੱਤਾ, ਜਿਸ ਨੇ ਉਨ੍ਹਾ ਨੂੰ ਸੱਤਾਧਾਰੀਆਂ ਦਾ ਦੁਸ਼ਮਣ ਬਣਾ ਦਿੱਤਾ |'
ਪੱਤਰ ਵਿੱਚ ਕਿਹਾ ਗਿਆ ਹੈ, 'ਅਸੀਂ ਇਜ਼ਰਾਈਲ ਦੇ ਕਵੀ ਤੁਹਾਡੇ ਰਾਹੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਰਾਂਤੀਕਾਰੀ ਮਾਰਕਸਵਾਦੀ ਕਵੀ, ਬੌਧਿਕ ਤੇ ਸਾਹਿਤਕ ਅਲੋਚਕ, ਅਧਿਆਪਕ ਤੇ ਮਨੁੱਖੀ ਅਧਿਕਾਰ ਕਾਰਕੁਨ ਡਾ. ਵਰਵਰਾ ਰਾਓ ਦੀ ਤੁਰੰਤ ਰਿਹਾਈ ਦੀ ਮੰਗ ਕਰਦੇ ਹਾਂ |'
ਯਾਦ ਰਹੇ ਕਿ ਵਰਵਰਾ ਰਾਓ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਪੀੜਤ ਹਨ | ਉਨ੍ਹਾ ਦੇ ਵਕੀਲਾਂ ਨੇ ਸਿਹਤ ਸੰਬੰਧੀ ਸਮੱਸਿਆਵਾਂ ਦਾ ਹਵਾਲਾ ਦੇ ਕੇ ਬੰਬੇ ਹਾਈ ਕੋਰਟ ਤੋਂ ਉਨ੍ਹਾ ਨੂੰ ਜ਼ਮਾਨਤ ਦਿੱਤੇ ਜਾਣ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਇਸ ਨੂੰ ਖਾਰਜ ਕਰ ਦਿੱਤਾ | ਕੌਮੀ ਜਾਂਚ ਏਜੰਸੀ ਨੇ ਬੰਬੇ ਹਾਈ ਕੋਰਟ ਵਿੱਚ ਉਨ੍ਹਾ ਨੂੰ ਜ਼ਮਾਨਤ ਦੇਣ ਦਾ ਵਿਰੋਧ ਕੀਤਾ ਸੀ |