Latest News
ਹਿੰਦੋਸਤਾਨੀ ਅਰਬਪਤੀਆਂ ਨੂੰ 35 ਫੀਸਦੀ ਜ਼ਿਆਦਾ ਅਮੀਰ ਬਣਾਇਆ ਲਾਕਡਾਊਨ ਨੇ : ਓਕਸਫੇਮ

Published on 25 Jan, 2021 11:16 AM.


ਨਵੀਂ ਦਿੱਲੀ : ਕੋਰੋਨਾ ਵਾਇਰਸ ਨੇ ਭਾਰਤ ਦੇ ਅਰਬਪਤੀਆਂ ਅਤੇ ਕਰੋੜਾਂ ਬੇਰੁਜ਼ਗਾਰ, ਗਰੀਬ ਮਰਦ ਅਤੇ ਔਰਤਾਂ ਵਿਚਾਲੇ ਇਨਕਮ ਦੀ ਅਸਮਾਨਤਾ ਦੇ ਪਾੜੇ ਨੂੰ ਹੋਰ ਵਧਾ ਦਿੱਤਾ ਹੈ | ਨਾਨ-ਪ੍ਰੋਫਿਟ ਗਰੁੱਪ ਓਕਸਫੇਮ ਨੇ ਸੋਮਵਾਰ ਨੂੰ ਆਪਣੀ ਇੱਕ ਰਿਪੋਰਟ 'ਚ ਇਸ ਨਾਲ ਜੁੜੇ ਅੰਕੜੇ ਪੇਸ਼ ਕੀਤੇ ਹਨ | The 9nequality Virus ਦੇ ਸਿਰਲੇਖ ਨਾਲ ਪੇਸ਼ ਕੀਤੀ ਗਈ ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਕੋਰੋਨਾ ਵਾਇਰਸ ਲਾਕਡਾਊਨ ਦੌਰਾਨ ਭਾਰਤ ਦੇ ਅਰਬਪਤੀਆਂ ਦੀ ਜਾਇਦਾਦ 35 ਫੀਸਦੀ ਜ਼ਿਆਦਾ ਵਧ ਗਈ ਹੈ, ਜਦਕਿ ਦੇਸ਼ ਦੇ 84 ਫੀਸਦੀ ਘਰਾਂ ਨੂੰ ਆਰਥਿਕ ਸਮੱਸਿਆਵਾਂ ਤੋਂ ਗੁਜ਼ਰਨਾ ਪਿਆ, ਉਥੇ ਹੀ ਇਕੱਲੇ ਅਪ੍ਰੈਲ 2020 'ਚ ਹਰ ਘੰਟੇ 1.7 ਲੱਖ ਲੋਕਾਂ ਦੀ ਨੌਕਰੀ ਜਾ ਰਹੀ ਸੀ |
ਰਿਪੋਰਟ 'ਚ ਕਿਹਾ ਗਿਆ ਹੈ ਕਿ ਮਾਰਚ 2020 ਤੋਂ ਬਾਅਦ ਭਾਰਤ ਦੇ 100 ਅਰਬਪਤੀਆਂ ਨੇ ਜਿੰਨੀ ਜਾਇਦਾਦ ਬਣਾਈ ਹੈ | ਇਹ ਏਨਾ ਪੈਸਾ ਹੈ ਕਿ ਜੇਕਰ 138 ਮਿਲੀਅਨ ਗਰੀਬਾਂ ਦੇ ਵਿਚਾਲੇ ਵੰਡ ਦਿੱਤਾ ਜਾਵੇ ਤਾਂ ਹਰ ਇੱਕ ਦੇ ਹਿੱਸੇ 'ਚ 94,045 ਰੁਪਏ ਆਉਣਗੇ | ਉਥੇ ਹੀ ਅਪ੍ਰੈਲ 2020 ਦੇ ਮਹੀਨੇ ਹਰ ਘੰਟੇ 1,70,000 ਲੋਕਾਂ ਨੇ ਆਪਣੀ ਨੌਕਰੀ ਗਵਾਈ | ਓਕਸਫੇਮ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਮਹਾਂਮਾਰੀ ਦੌਰਾਨ ਭਾਰਤ ਦੇ ਸਿਖਰਲੇ 11 ਅਰਬਪਤੀਆਂ ਦੀ ਜਾਇਦਾਦ 'ਚ ਏਨਾ ਵਾਧਾ ਹੋਇਆ ਕਿ ਉਸ ਨਾਲ ਐੱਨ ਆਰ ਈ ਜੀ ਐੱਸ ਯੋਜਨਾ ਜਾਂ ਸਿਹਤ ਮੰਤਰਾਲੇ ਨੂੰ 10 ਸਾਲ ਤੱਕ ਚਲਾਇਆ ਜਾ ਸਕਦਾ ਹੈ |
ਮਹਾਂਮਾਰੀ ਦੌਰਾਨ ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਨੇ ਇੱਕ ਘੰਟੇ 'ਚ ਜਿੰਨੀ ਜਾਇਦਾਦ ਬਣਾਈ, ਓਨਾ ਕਮਾਉਣ 'ਚ ਭਾਰਤ ਦੇ ਇੱਕ ਅਕੁਸ਼ਲ ਕਾਮੇ ਨੂੰ 10,000 ਸਾਲ ਲੱਗ ਜਾਣਗੇ, ਉਥੇ ਹੀ ਇੱਕ ਸੈਕਿੰਡ 'ਚ ਉਨ੍ਹਾ ਜਿੰਨਾ ਕਮਾਇਆ, ਓਨਾ ਕਮਾਉਣ 'ਚ ਤਿੰਨ ਸਾਲ ਲੱਗ ਜਾਣਗੇ | ਪਿਛਲੇ ਸਾਲ ਅਗਸਤ ਮਹੀਨੇ 'ਚ ਮੁਕੇਸ਼ ਅੰਬਾਨੀ ਨੂੰ ਦੁਨੀਆ ਦਾ ਚੌਥਾ ਸਭ ਤੋਂ ਅਮੀਰ ਆਦਮੀ ਐਲਾਨਿਆ ਸੀ |
2009 ਤੋਂ ਬਾਅਦ 90.9 ਬਿਲੀਅਨ ਡਾਲਰ ਦੀ ਰੈਂਕਿੰਗ 'ਚ ਭਾਰਤ ਅਮਰੀਕਾ, ਚੀਨ, ਜਰਮਨੀ, ਰੂਸ ਅਤੇ ਫਰਾਂਸ ਤੋਂ ਬਾਅਦ ਦੁਨੀਆ 'ਚ ਛੇਵੇਂ ਸਥਾਨ 'ਤੇ ਰਿਹਾ | ਓਕਸਫੈਮ ਦੀ ਗਿਣਤੀ-ਮਿਣਤੀ ਅਨੁਸਾਰ ਮਾਰਚ ਤੋਂ ਬਾਅਦ ਭਾਰਤ ਸਰਕਾਰ ਨੇ ਲਾਕਡਾਊਨ ਦਾ ਐਲਾਨ ਕੀਤਾ, ਇਹ ਦੁਨੀਆ ਦਾ ਸਭ ਤੋਂ ਸਖ਼ਤ ਲਾਕਡਾਊਨ ਸੀ | ਇਸ ਦੌਰਾਨ ਭਾਰਤ ਦੇ ਸਿਖਰਲੇ 100 ਅਰਬਪਤੀਆਂ ਨੇ 12.97 ਟਿ੍ਲੀਅਨ ਰੁਪਏ ਦਾ ਵਾਧਾ ਦੇਖਿਆ |
ਮਹਾਂਮਾਰੀ ਨੇ ਸਿਹਤ ਅਤੇ ਸਿੱਖਿਆ ਦੀ ਅਸਮਾਨਤਾ ਨੂੰ ਵੀ ਜਨਮ ਦਿੱਤਾ | ਕੋਵਿਡ-19 ਦੇ ਚੱਲਦੇ ਹੌਲੀ-ਹੌਲੀ ਸਭ ਕੁਝ ਆਨਲਾਈਨ ਹੋ ਗਿਆ | ਜਿਉਂ-ਜਿਉਂ ਸਿੱਖਿਆ ਆਨਲਾਈਨ ਹੋਈ, ਭਾਰਤ 'ਚ ਲੋਕਾਂ ਦੇ ਵਿਚਾਲੇ ਡਿਜ਼ੀਟਲ ਵੰਡ ਹੋ ਗਈ | ਇੱਕ ਪਾਸੇ ਬਾਈਜੂਸ (ਵਰਤਮਾਨ 'ਚ 10.8 ਬਿਲੀਅਨ ਡਾਲਰ ਦਾ ਮੁੱਲ) ਅਤੇ ਅਨ-ਅਕੈਡਮੀ (1.45 ਬਿਲੀਅਨ ਡਾਲਰ ਦਾ ਮੁੱਲ) ਵਰਗੀਆਂ ਕੰਪਨੀਆਂ ਦਾ ਤੇਜ਼ੀ ਨਾਲ ਵਾਧਾ ਹੋਇਆ, ਉਥੇ ਹੀ ਦੂਜੇ ਪਾਸੇ ਕੇਵਲ 20 ਫੀਸਦੀ ਗਰੀਬ ਪਰਵਾਰਾਂ 'ਚੋਂ ਸਿਰਫ਼ 3 ਫੀਸਦੀ ਪਰਵਾਰਾਂ ਦੇ ਕੋਲ ਕੰਪਿਊਟਰ ਸੀ | ਉਥੇ ਹੀ ਸਿਰਫ਼ 9 ਫੀਸਦੀ ਲੋਕਾਂ ਕੋਲ ਇੰਟਰਨੈੱਟ ਪਹੁੰਚਿਆ |
ਓਕਸਫੈਮ ਨੇ ਇਸ ਤੱਥ ਨੂੰ ਵੀ ਉਜਾਗਰ ਕੀਤਾ ਹੈ ਕਿ ਵਿਸ਼ਾਣੂ ਦੇ ਪ੍ਰਭਾਵਾਂ ਨੂੰ ਵੀ ਅਸਮਾਨ ਰੂਪ 'ਚ ਮਹਿਸੂਸ ਕੀਤਾ ਜਾ ਰਿਹਾ ਹੈ | ਕੁਝ ਦੇਸ਼ਾਂ ਵਿੱਚ ਜਾਤੀ ਤੌਰ 'ਤੇ ਘੱਟ ਗਿਣਤੀਆਂ ਦੀ ਮੌਤ ਹੋ ਰਹੀ ਹੈ ਅਤੇ ਔਰਤਾਂ ਨੂੰ ਮਹਾਂਮਾਰੀ ਦੇ ਲਪੇਟ ਵਿੱਚ ਆਉਣ ਵਾਲੀਆਂ ਅਰਥ ਵਿਵਸਥਾਵਾਂ ਦੇ ਖੇਤਰ ਵਿੱਚ ਜ਼ਿਆਦਾ ਮਹੱਤਵ ਦਿੱਤਾ ਜਾ ਰਿਹਾ ਹੈ | ਓਕਸਫੈਮ ਨੇ ਆਪਣੀ ਰਿਪੋਰਟ ਵਿੱਚ ਤਰਕ ਦਿੱਤਾ ਹੈ ਕਿ ਫੇਅਰ ਇਕਨੌਮੀ ਹੀ ਆਰਥਿਕ ਸੁਧਾਰ ਦੀ ਕੂੰਜੀ ਹੈ | ਰਿਪੋਰਟ ਦੇ ਅਨੁਸਾਰ ਜੇ ਇਸ ਮਹਾਂਮਾਰੀ ਦੌਰਾਨ 32 ਗਲੋਬਲ ਕੰਪਨੀਆਂ ਦੁਆਰਾ ਕੀਤੇ ਮੁਨਾਫਿਆਂ 'ਤੇ ਅਸਥਾਈ ਟੈਕਸ ਲਗਾਇਆ ਜਾਂਦਾ ਹੈ ਤਾਂ ਇਸ ਨੂੰ 104 ਬਿਲੀਅਨ ਡਾਲਰ ਮਿਲ ਸਕਦੇ ਹਨ, ਜੋ ਨਿਮਨ ਅਤੇ ਮੱਧ ਆਮਦਨੀ ਵਾਲੇ ਲੋਕਾਂ, ਬੇਰੁਜ਼ਗਾਰਾਂ, ਬਜ਼ੁਰਗਾਂ ਅਤੇ ਬੱਚਿਆਂ ਦੀ ਮਦਦ ਕਰ ਸਕਦੇ ਹਨ | ਓਕਸਫੈਮ ਇੰਟਰਨੈਸ਼ਨਲ ਦੇ ਕਾਰਜਕਾਰੀ ਨਿਰਦੇਸ਼ਕ ਗੈਬਰੀਏਲਾ ਬੁਚਰ ਨੇ ਕਿਹਾ, 'ਅਮੀਰ ਅਤੇ ਗਰੀਬ ਵਿਚਲਾ ਡੂੰਘਾ ਪਾੜਾ ਇਕ ਵਾਇਰਸ ਵਜੋਂ ਘਾਤਕ ਸਿੱਧ ਹੋ ਰਿਹਾ ਹੈ |' ਉਨ੍ਹਾ ਕਿਹਾ ਕਿ ਅਸਮਾਨਤਾ ਖਿਲਾਫ ਚੱਲ ਰਹੀ ਲੜਾਈ ਨੂੰ ਜਿੱਤਣਾ ਪਵੇਗਾ ਕਿ ਇਸ ਲਈ ਆਰਥਿਕ ਯਤਨ ਕਰਨੇ ਪੈਣਗੇ | ਇੱਕ ਟੈਕਸ ਪ੍ਰਣਾਲੀ ਦੇ ਜ਼ਰੀਏ, ਅਮੀਰ ਲੋਕਾਂ ਨੂੰ ਆਪਣਾ ਹਿੱਸਾ ਵਧਾਉਣਾ ਚਾਹੀਦਾ ਹੈ, ਤਾਂ ਜੋ ਵਿਸ਼ਵ ਵਿੱਚ ਅਸਮਾਨਤਾ ਤੇਜ਼ੀ ਨਾਲ ਦੂਰ ਹੋ ਸਕੇ |

226 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper