ਕੋਲਕਾਤਾ : ਬੀਤੀ 23 ਜਨਵਰੀ ਨੂੰ ਪਰਾਕ੍ਰਮ ਦਿਵਸ 'ਤੇ ਵਿਕਟੋਰੀਆ ਮੈਮੋਰੀਅਲ 'ਚ ਜੈ ਸ੍ਰੀ ਰਾਮ ਦੇ ਨਾਅਰਿਆਂ ਤੋਂ ਬਾਅਦ ਭਾਸ਼ਣ ਦੇਣ ਤੋਂ ਇਨਕਾਰ ਕਰਨ ਵਾਲੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਬੰਗਾਲ ਦਾ ਅਪਮਾਨ ਦੱਸਿਆ ਹੈ | ਮਮਤਾ ਨੇ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਾਹਮਣੇ ਉਨ੍ਹਾ ਨੂੰ ਅਪਮਾਨਿਤ ਕੀਤਾ | ਉਨ੍ਹਾ ਕਿਹਾ ਕਿ ਜੇ ਉਨ੍ਹਾ ਨੂੰ ਬੰਦੂਕ ਦਿਖਾਈ ਗਈ ਤਾਂ ਉਹ ਬੰਦੂਕ ਦਾ ਸੰਦੂਕ ਦਿਖਾ ਸਕਦੀ ਹੈ, ਪਰ ਉਹ ਰਾਜਨੀਤੀ 'ਚ ਵਿਸ਼ਵਾਸ ਕਰਦੀ ਹੈ, ਬੰਦੂਕ 'ਚ ਨਹੀਂ |
ਮਮਤਾ ਨੇ ਕਿਹਾ, ''ਵਿਕਟੋਰੀਆ ਮੈਮੋਰੀਅਲ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਮੌਜੂਦਗੀ 'ਚ ਮੈਨੂੰ ਤਾਹਨੇ ਅਤੇ ਅਪਮਾਨ ਦਾ ਸਾਹਮਣਾ ਕਰਨਾ ਪਿਆ | ਭਾਜਪਾ ਨੇ ਪਹਿਲਾਂ ਵੀ ਬੰਗਾਲ ਦੇ ਲੋਕਾਂ ਦਾ ਅਪਮਾਨ ਕੀਤਾ ਹੈ ਅਤੇ ਹੁਣ ਵੀ ਇਸ ਤਰ੍ਹਾਂ ਕਰ ਰਹੀ ਹੈ | ਉਹਨਾ ਕਿਹਾ ਕਿ ਭਾਜਪਾ ਦਾ ਨਾਂਅ 'ਭਾਰਤ ਜਲਾਓ ਪਾਰਟੀ' ਰੱਖਿਆ ਜਾਣਾ ਚਾਹੀਦਾ ਹੈ |'' ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਹਨਾ ਪਾਰਟੀ ਛੱਡ ਕੇ ਜਾਣ ਵਾਲੇ ਨੇਤਾਵਾਂ ਨੂੰ ਕਿਹਾ ਕਿ ਬੰਗਾਲ ਅਤੇ ਟੀ ਐੱਮ ਸੀ ਨੂੰ ਤੁਹਾਡੀ ਜ਼ਰੂਰਤ ਨਹੀਂ | ਟੀ ਐੱਮ ਸੀ ਵੈਸੇ ਵੀ ਉਨ੍ਹਾਂ ਲੋਕਾਂ ਨੂੰ ਟਿਕਟ ਨਹੀਂ ਦਿੰਦੀ, ਇਸ ਲਈ ਉਹ ਡਰ ਦੇ ਮਾਰੇ ਪਾਰਟੀ ਛੱਡ ਕੇ ਜਾ ਰਹੇ ਹਨ |