ਨਵੀਂ ਦਿੱਲੀ : ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ ਹੈ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਸਾਨ ਨੇਤਾ ਰਾਕੇਸ਼ ਟਿਕੈਤ ਤੋਂ ਜਦ ਪੁੱਛਿਆ ਗਿਆ ਕਿ 26 ਜਨਵਰੀ ਤੋਂ ਬਾਅਦ ਉਨ੍ਹਾ ਦੀ ਕੀ ਯੋਜਨਾ ਹੈ? ਇਸ ਸਵਾਲ ਦੇ ਜਵਾਬ 'ਚ ਟਿਕੈਤ ਨੇ ਕਿਹਾ, 'ਅਸੀਂ ਤਾਂ ਇੱਥੇ ਹੀ ਰਹਾਂਗੇ, ਅਸੀਂ ਕਿੱਥੇ ਜਾ ਰਹੇ ਹਾਂ, ਕਿਸਾਨਾਂ ਨੇ ਕਹਿ ਦਿੱਤਾ ਹੈ ਕਿ ਅਸੀਂ ਕਿਤੇ ਨਹੀਂ ਜਾ ਰਹੇ | ਇਹ ਤਾਂ ਅਕਤੂਬਰ-ਨਵੰਬਰ ਤੱਕ ਚੱਲੇਗਾ, ਇਹ ਇਸ ਤਰ੍ਹਾਂ ਖ਼ਤਮ ਨਹੀਂ ਹੋਵੇਗਾ | ਸਰਕਾਰ ਵੱਡੀ ਚੀਜ਼ ਹੈ, ਕਿਸਾਨ ਉਸ ਤੋਂ ਵੀ ਵੱਡੀ ਚੀਜ਼ ਹੈ | ਦੋਵੇਂ ਇਸ ਤਰ੍ਹਾਂ ਦੇ ਹੀ ਹਨ, ਸਾਡੇ ਵਿਚਾਲੇ ਕੋਈ ਨਹੀਂ ਆਏਗਾ | ਵਿਚੋਲਗੀ ਦੀ ਕੋਈ ਜ਼ਰੂਰਤ ਨਹੀਂ, ਨਾ ਸਰਕਾਰ ਹੀ ਹਟ ਰਹੀ ਹੈ ਅਤੇ ਨਾ ਹੀ ਕਿਸਾਨ ਹਟੇਗਾ |' ਟਰੈਕਟਰ ਰੈਲੀ ਨੂੰ ਲੈ ਕੇ ਰਾਕੇਸ਼ ਟਿਕੈਤ ਨੇ ਕਿਹਾ, 'ਜੇਕਰ ਕਿਸਾਨ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚੀ ਤਾਂ ਇਸ ਤਰ੍ਹਾਂ ਦੀ ਹੀ ਪ੍ਰਤੀਕਿਰਿਆ ਹੀ ਦੇਖਣ ਨੂੰ ਮਿਲੇਗੀ |
ਕਿਸਾਨ ਨੂੰ ਅੰਨਦਾਤਾ ਕਹਿੰਦੇ-ਕਹਿੰਦੇ ਅਫ਼ਗਾਨਿਸਤਾਨੀ ਦੱਸਣ ਲੱਗੇ, ਹੁਣ ਇਹ ਤਰੰਗਾ ਫੜ ਕੇ ਆ ਗਏ | ਕਿਸਾਨ ਇੱਥੇ ਆਪਣੇ ਘਰ, ਜ਼ਮੀਨ, ਜਾਇਦਾਦ ਸਭ ਕੁਝ ਦਾਅ 'ਤੇ ਲਾ ਕੇ ਇੱਥੇ ਆਇਆ ਹੈ |' ਉਹਨਾ ਦੁਹਰਾਇਆ ਕਿ ਕਿਸਾਨ ਵਾਪਸ ਕਿਸੇ ਕੀਮਤ 'ਤੇ ਨਹੀਂ ਜਾਵੇਗਾ, ਉਹ ਇੱਥੇ ਹੀ ਰਹੇਗਾ | ਸਰਕਾਰ ਖ਼ਤਮ ਹੋ ਜਾਵੇਗੀ, ਪਰ ਨਾ ਤਾਂ ਕਿਸਾਨ ਖ਼ਤਮ ਹੋਵੇਗਾ, ਨਾ ਤਿਰੰਗਾ ਅਤੇ ਨਾ ਹੀ ਹਿੰਦੁਸਤਾਨ | ਕਿਸਾਨ ਇਸ ਲੜਾਈ ਨੂੰ ਇੱਥੋਂ ਜਿੱਤ ਕੇ ਹੀ ਜਾਵੇਗਾ, ਚਾਹੇ ਇੱਕ ਸਾਲ ਲੱਗੇ, ਦੋ ਸਾਲ ਲੱਗਣ ਜਾਂ ਫਿਰ ਤਿੰਨ ਸਾਲ |