ਮੁੰਬਈ : ਖੇਤੀ ਕਾਨੂੰਨਾਂ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਲਈ ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਆਂ ਤੋਂ ਹਜ਼ਾਰਾਂ ਕਿਸਾਨ ਮੁੰਬਈ ਦੇ ਆਜ਼ਾਦ ਮੈਦਾਨ 'ਚ ਇਕੱਠੇ ਹੋਏ | ਰੈਲੀ 'ਚ ਸਾਬਕਾ ਕੇਂਦਰੀ ਖੇਤੀ ਮੰਤਰੀ ਅਤੇ ਐਨ ਸੀ ਪੀ ਪ੍ਰਮੁੱਖ ਸ਼ਰਦ ਪਵਾਰ, ਪ੍ਰਦੇਸ਼ ਕਾਂਗਰਸ ਪ੍ਰਧਾਨ ਬਾਲਾ ਸਾਹਿਬ ਥੇਰਾਟ ਨੇ ਹਿੱਸਾ ਲਿਆ | ਉਥੇ ਹੀ ਸ਼ਿਵ ਸੈਨਾ ਨੇਤਾ ਅਤੇ ਕੈਬਨਿਟ ਮੰਤਰੀ ਅਦਿੱਤਿਆ ਠਾਕਰੇ ਨੇ ਆਪਣੇ ਪ੍ਰਤੀਨਿਧੀ ਨੂੰ ਭੇਜਿਆ |
ਦਿੱਲੀ 'ਚ ਕਿਸਾਨਾਂ ਦੇ ਸਮਰਥਨ 'ਚ ਮੁੰਬਈ 'ਚ ਆਯੋਜਿਤ ਕੀਤੀ ਗਈ ਕਿਸਾਨਾਂ ਦੀ ਰੈਲੀ ਨੂੰ ਸੰਬੋਧਨ ਕਰਕੇ ਹੋਏ ਐੱਨ ਸੀ ਪੀ ਪ੍ਰਮੁੱਖ ਸ਼ਰਦ ਪਵਾਰ ਨੇ ਕਿਹਾ, 'ਠੰਢ ਦੇ ਮੌਸਮ 'ਚ ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਦੇ ਕਿਸਾਨ ਪਿਛਲੇ 60 ਦਿਨਾਂ ਤੋਂ ਅੰਦੋਲਨ ਕਰ ਰਹੇ ਹਨ | ਪੰਜਾਬ, ਹਰਿਆਣਾ ਅਤੇ ਹੋਰ ਥਾਵਾਂ ਤੋਂ ਕਿਸਾਨ ਜੋ ਦਿੱਲੀ 'ਚ ਅੰਦੋਲਨ ਕਰ ਰਹੇ ਹਨ, ਉਨ੍ਹਾਂ ਨੂੰ ਮੇਰਾ ਪੂਰਾ ਸਹਿਯੋਗ ਰਹੇਗਾ | ਜਿਨ੍ਹਾਂ ਦੇ ਹੱਥਾਂ 'ਚ ਸੱਤਾ ਹੈ, ਉਨ੍ਹਾਂ ਨੂੰ ਇਨ੍ਹਾਂ ਕਿਸਾਨਾਂ ਦੀ ਚਿੰਤਾ ਨਹੀਂ | ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀ ਉਨ੍ਹਾਂ ਦਾ ਹਾਲ ਚਾਲ ਪੁੱਛਿਆ? ਕੇਂਦਰ ਸਰਕਾਰ ਸਿਰਫ਼ ਨੌਟੰਕੀ ਕਰ ਰਹੀ ਹੈ | ਕੀ ਪੰਜਾਬ ਦੇ ਲੋਕ ਪਾਕਿਸਤਾਨੀ ਹਨ? ਇਸ 'ਤੇ ਫੈਸਲਾ ਹੁਣ ਤੱਕ ਕਿਉਂ ਨਹੀਂ ਲਿਆ ਗਿਆ? '
ਉਹਨਾ ਕਿਹਾ, 'ਰਾਜਪਾਲ ਕੋਲ ਕੰਗਨਾ ਰਣੌਤ ਨੂੰ ਮਿਲਣ ਦਾ ਸਮਾਂ ਹੈ, ਪਰ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਮਿਲਣ ਦਾ ਸਮਾਂ ਨਹੀਂ | ਮਹਾਰਾਸ਼ਟਰ 'ਚ ਕਦੀ ਇਸ ਤਰ੍ਹਾਂ ਦਾ ਰਾਜਪਾਲ ਨਹੀਂ ਆਇਆ, ਜਿਸ ਕੋਲ ਕਿਸਾਨਾਂ ਨੂੰ ਮਿਲਣ ਦਾ ਸਮਾਂ ਨਾ ਹੋਵੇ | ਕੇਂਦਰ ਨੇ ਬਿਨਾਂ ਕਿਸੇ ਚਰਚਾ ਦੇ ਖੇਤੀ ਕਾਨੂੰਨਾਂ ਨੂੰ ਪਾਸ ਕਰ ਦਿੱਤਾ, ਜੋ ਸੰਵਿਧਾਨ ਦੇ ਨਾਲ ਮਜ਼ਾਕ ਹੈ | ਜੇਕਰ ਸਿਰਫ਼ ਬਹੁਮਤ ਦੇ ਅਧਾਰ 'ਤੇ ਕਾਨੂੰਨ ਪਾਸ ਕਰੋਗੇ ਤਾਂ ਕਿਸਾਨ ਤੁਹਾਨੂੰ ਖ਼ਤਮ ਕਰ ਦੇਣਗੇ, ਇਹ ਸਿਰਫ਼ ਸ਼ੁਰੂਆਤ ਹੈ |'