ਪ੍ਰਧਾਨਗੀ ਛੱਡਣ ਨੂੰ ਕਿਸੇ ਦਾ ਮਨ ਨਹੀਂ ਕਰਦਾ, ਖਾਸਕਰ ਸਰਮਾਏਦਾਰੀ ਖਾਸੇ ਵਾਲੀਆਂ ਪਾਰਟੀਆਂ ਵਿਚ | ਅਸੂਲਾਂ 'ਤੇ ਪਹਿਰਾ ਦੇਣ ਵਾਲੀ ਭਾਜਪਾ ਦੇ ਆਗੂ ਵੀ ਪ੍ਰਧਾਨਗੀ ਖਾਤਰ ਸੰਵਿਧਾਨ ਬਦਲਵਾਉਂਦੇ ਰਹੇ ਹਨ | ਤਾਜ਼ਾ ਮਿਸਾਲ ਆਮ ਆਦਮੀ ਪਾਰਟੀ (ਆਪ) ਦੀ ਸਾਹਮਣੇ ਆਈ ਹੈ, ਜਿਹੜੀ ਪਾਰਟੀ ਅਸੂਲਾਂ ਦੀ ਹਮੇਸ਼ਾ ਦੁਹਾਈ ਪਾਉਂਦੀ ਰਹੀ ਹੈ | ਪਾਰਟੀ ਵੱਲੋਂ ਬਣਾਏ ਗਏ ਸੰਵਿਧਾਨ ਮੁਤਾਬਕ ਕੋਈ ਵਿਅਕਤੀ ਲਗਾਤਾਰ ਦੋ ਵਾਰ ਤੋਂ ਵੱਧ ਇਸ ਦਾ ਕਨਵੀਨਰ ਨਹੀਂ ਰਹਿ ਸਕਦਾ | ਅੰਨਾ ਅੰਦੋਲਨ ਦੇ ਸਿਰ 'ਤੇ 2012 ਵਿਚ ਪਾਰਟੀ ਦੇ ਹੋਂਦ ਵਿਚ ਆਉਣ ਤੇ 2013 ਵਿਚ ਰਜਿਸਟਰਡ ਹੋਣ ਤੋਂ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀ ਇਸ ਦੇ ਕਨਵੀਨਰ ਚਲੇ ਆ ਰਹੇ ਹਨ | ਉਨ੍ਹਾ ਦੀ ਦੂਜੀ ਪਾਰੀ ਦੀ ਮਿਆਦ 26 ਅਪ੍ਰੈਲ 2019 ਨੂੰ ਮੁੱਕ ਜਾਣੀ ਸੀ, ਪਰ ਦਸੰਬਰ 2018 ਵਿਚ ਹੋਈ ਪਾਰਟੀ ਦੀ ਕੌਮੀ ਕੌਾਸਲ ਦੀ ਮੀਟਿੰਗ ਨੇ ਆਪਣੀ ਮਿਆਦ ਇਕ ਸਾਲ ਲਈ ਵਧਾ ਦਿੱਤੀ ਤੇ ਨਤੀਜੇ ਵਜੋਂ ਕੇਜਰੀਵਾਲ ਦੀ ਕਨਵੀਨਰੀ ਵੀ ਵਧ ਗਈ |
ਵੀਰਵਾਰ ਹੋਈ ਕੌਮੀ ਕੌਾਸਲ ਦੀ ਮੀਟਿੰਗ ਵਿਚ ਪਾਰਟੀ ਨੇ ਸੰਵਿਧਾਨ 'ਚ 14 ਸੋਧਾਂ ਕੀਤੀਆਂ, ਜਿਨ੍ਹਾਂ ਵਿਚ ਇਕ ਸੋਧ ਇਹ ਸ਼ਰਤ ਹਟਾਉਣ ਦੀ ਹੈ ਕਿ ਕੋਈ ਵੀ ਅਹੁਦੇਦਾਰ ਲਗਾਤਾਰ ਦੋ ਵਾਰ ਹੀ ਆਪਣੇ ਅਹੁਦੇ 'ਤੇ ਰਹਿ ਸਕਦਾ ਹੈ | ਨਵੀਂ ਸੋਧ ਨਾਲ ਕੇਜਰੀਵਾਲ ਦਾ ਅਹੁਦੇ 'ਤੇ ਬਣੇ ਰਹਿਣ ਦਾ ਰਾਹ ਸਾਫ ਹੋ ਗਿਆ ਹੈ | ਇਸ ਸੋਧ ਨਾਲ ਇਹ ਵੀ ਸਾਫ ਹੋ ਗਿਆ ਹੈ ਕਿ ਕਦਰਾਂ-ਕੀਮਤਾਂ ਦੀ ਦੁਹਾਈ ਪਾਉਣ ਵਾਲੇ ਕੇਜਰੀਵਾਲ ਪਾਰਟੀ ਉੱਤੇ ਆਪਣੀ ਪਕੜ ਮਜ਼ਬੂਤ ਰੱਖਣ ਲਈ ਕਿਸੇ ਹੋਰ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੇ | ਉਨ੍ਹਾ ਦੀ ਇਹ ਸੋਚ ਪੰਜਾਬ ਅਸੰਬਲੀ ਦੀਆਂ ਚੋਣਾਂ ਵੇਲੇ ਵੀ ਜੱਗ-ਜ਼ਾਹਰ ਹੋਈ ਸੀ, ਜਦੋਂ ਦਿੱਲੀ ਸਰਕਾਰ ਵਿਚ ਉਨ੍ਹਾ ਦੇ ਡਿਪਟੀ ਮਨੀਸ਼ ਸਿਸੋਦੀਆ ਉਨ੍ਹਾ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੇ ਬਿਆਨ ਦੇਣ ਤੱਕ ਚਲੇ ਗਏ ਸਨ, ਬਾਵਜੂਦ ਇਸ ਦੇ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਸਨ | ਇਸ ਕਾਰਨ ਪੰਜਾਬ ਵਿਚਲੇ ਆਗੂਆਂ 'ਚ ਕਾਫੀ ਨਾਰਾਜ਼ਗੀ ਪੈਦਾ ਹੋਈ ਤੇ ਲੋਕਾਂ ਦੀ ਜ਼ਬਰਦਸਤ ਹਮਾਇਤ ਦੇ ਬਾਵਜੂਦ ਆਮ ਆਦਮੀ ਪਾਰਟੀ ਉਨ੍ਹਾਂ ਦੀ ਆਸ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ | ਪਾਰਟੀ ਉੱਤੇ ਮੁਕੰਮਲ ਕਬਜ਼ੇ ਦੀ ਲਾਲਸਾ ਕਾਰਨ ਹੀ ਬਾਅਦ ਵਿਚ ਪੰਜਾਬ 'ਚ ਆਮ ਆਦਮੀ ਪਾਰਟੀ ਦੋਫਾੜ ਹੋਈ ਤੇ ਉਸ ਦੇ ਕਈ ਵਿਧਾਇਕ ਉਸ ਤੋਂ ਅਲਹਿਦਾ ਹੋ ਗਏ |