Latest News
ਸਿਆਸੀ ਧਿਰਾਂ ਕਿਸਾਨਾਂ ਦੀ ਢਾਲ ਬਣਨ

Published on 01 Feb, 2021 11:20 AM.


ਪਿਛਲਾ ਪੂਰਾ ਹਫ਼ਤਾ ਹਾਕਮਾਂ ਨੇ ਦਿੱਲੀ ਦੀਆਂ ਬਰੂਹਾਂ 'ਤੇ ਦੋ ਮਹੀਨਿਆਂ ਤੋਂ ਡਟੇ ਕਿਸਾਨ ਅੰਦੋਲਨਕਾਰੀਆਂ ਨੂੰ ਬਦਨਾਮ ਕਰਕੇ ਖਿੰਡਾਉਣ ਲਈ ਪੂਰੀ ਵਾਹ ਲਾ ਦਿੱਤੀ ਸੀ | ਆਪਣੇ ਗੁਮਾਸ਼ਤਿਆਂ ਨੂੰ ਛਿਛਕਾਰ ਕੇ 25 ਤਰੀਕ ਨੂੰ ਸਾਂਝੇ ਮੋਰਚੇ ਦੀ ਸਟੇਜ 'ਤੇ ਕਬਜ਼ਾ ਕਰਾਇਆ ਗਿਆ | ਕਿਸਾਨ ਆਗੂਆਂ ਨੂੰ ਬੁਰਾ-ਭਲਾ ਕਹਿ ਕੇ ਗਣਤੰਤਰਤਾ ਦਿਵਸ ਦੀ ਟਰੈਕਟਰ ਪ੍ਰੇਡ ਨੂੰ ਫੇਲ੍ਹ ਕਰਨ ਲਈ ਪੂਰੀ ਰਣਨੀਤੀ ਉਲੀਕੀ ਗਈ | ਗਣਤੰਤਰਤਾ ਪਰੇਡ ਨੂੰ ਤੋੜ ਕੇ ਦੀਪ ਸਿੱਧੂ ਵਰਗੇ ਝੋਲੀਚੁੱਕਾਂ ਨੂੰ ਟਰੈਕਟਰਾਂ ਸਮੇਤ ਲਾਲ ਕਿਲ੍ਹੇ ਤੱਕ ਪਹੁੰਚਣ ਲਈ ਰਾਹ ਦਿੱਤਾ ਗਿਆ | ਇਹ ਹੈਰਾਨੀ ਨਹੀਂ ਕਿ ਕੋਈ ਟਰੈਕਟਰ ਰਾਹ ਨਹੀਂ ਭਟਕਿਆ, ਕਿਸ ਵੱਲੋਂ ਅਗਵਾਨੀ ਕੀਤੀ ਗਈ ਸੀ, ਇਹ ਸਵਾਲ ਹਮੇਸ਼ਾ ਕਾਇਮ ਰਹੇਗਾ | ਲਾਲ ਕਿਲ੍ਹੇ ਦੇ ਹਾਥੀਆਂ ਤੋਂ ਵੀ ਨਾ ਟੁੱਟਣ ਵਾਲੇ ਦਰਵਾਜ਼ੇ ਆਪਣੇ ਆਪ ਖੁੱਲ੍ਹ ਗਏ, ਕਿਉਂਕਿ ਹਕੂਮਤ ਦਾ ਹੁਕਮ ਸੀ | ਤਿਰੰਗੇ ਬਰਾਬਰ ਧਾਰਮਿਕ ਝੰਡਾ ਲਾ ਦਿੱਤਾ ਗਿਆ ਤਾਂ ਜੋ ਕੌਮੀ ਝੰਡੇ ਦੇ ਅਪਮਾਨ ਦੀ ਦੁਹਾਈ ਦਿੱਤੀ ਜਾ ਸਕੇ | ਗੋਦੀ ਮੀਡੀਆ ਨੇ ਬਾਰਡਰਾਂ 'ਤੇ ਬੈਠੇ ਕਿਸਾਨਾਂ ਨੂੰ ਗਦਾਰ ਸਿੱਧ ਕਰਨ ਲਈ ਸਾਰਾ ਜ਼ੋਰ ਲਾ ਦਿੱਤਾ |
ਇਸ 'ਏ' ਅਪ੍ਰੇਸ਼ਨ ਤੋਂ ਬਾਅਦ 'ਬੀ' ਅਪ੍ਰੇਸ਼ਨ ਸ਼ੁਰੂ ਕਰ ਦਿੱਤਾ ਗਿਆ | ਉਹੀ ਅਪ੍ਰੇਸ਼ਨ ਜਿਹੜਾ ਪਿਛਲੇ ਸਾਲ ਨਾਗਰਿਕ ਸੋਧਾਂ ਵਿਰੁੱਧ ਡਟੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਭਾਜਪਾਈ ਆਗੂਆਂ ਦੀ ਅਗਵਾਈ ਵਿੱਚ ਦਿੱਲੀ ਵਿੱਚ ਚਲਾਇਆ ਗਿਆ ਸੀ, ਜਿਸ ਨੇ 50 ਤੋਂ ਵੱਧ ਜਾਨਾਂ ਲੈ ਲਈਆਂ ਸਨ | 27 ਜਨਵਰੀ ਨੂੰ ਉਸੇ ਤਰਜ਼ 'ਤੇ ਸਭ ਧਰਨਿਆਂ ਵਾਲੀਆਂ ਥਾਵਾਂ 'ਤੇ ਭਾਜਪਾ ਆਗੂਆਂ ਦੀ ਅਗਵਾਈ ਵਿੱਚ ਭੀੜਾਂ ਭੇਜ ਦਿੱਤੀਆਂ | ਪੁਰਾਣੇ ਨਾਅਰੇ 'ਪੁਲਸ ਵਾਲੋ ਲੱਠ ਚਲਾਓ, ਹਮ ਤੁਮਾਰੇ ਸਾਥ ਹੈਾ' ਲੱਗਣ ਲੱਗ ਪਏ | ਇਨ੍ਹਾਂ ਭੀੜਾਂ ਦੇ ਆਗੂ 24 ਘੰਟਿਆਂ ਦਾ ਅਲਟੀਮੇਟਮ ਦੇ ਕੇ ਚਲੇ ਗਏ | ਉਨ੍ਹਾਂ ਨੂੰ ਆਸ ਸੀ ਕਿ ਡਰਦੇ ਮਾਰੇ ਲੋਕ ਕੱਲ੍ਹ ਤੱਕ ਚਲੇ ਜਾਣਗੇ ਤੇ ਨਾ ਗਏ ਤਾਂ ਫਿਰ ਹੋਰ ਵੱਡੀ ਭੀੜ ਲੈ ਕੇ ਆ ਜਾਵਾਂਗੇ |
ਇੱਥੇ ਆ ਕੇ ਗੋਦੀ ਮੀਡੀਆ ਮਾਰ ਖਾ ਗਿਆ | ਉਸ ਨੇ ਤਾਂ ਟਿਕੈਤ ਦੇ ਅੱਥਰੂ ਭਿੱਜੇ ਬੋਲ ਲੋਕਾਂ ਨੂੰ ਡਰਾਉਣ ਲਈ ਸੁਣਾਏ ਸਨ, ਪਰ ਉਹ ਲੋਕਾਂ ਦੀ ਜ਼ਮੀਰ ਨੂੰ ਟੁੰਬਣ ਦਾ ਕੰਮ ਕਰ ਗਏ | ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਉਤਰਾਖੰਡ ਦੇ ਜਿਸ ਵੀ ਵਿਅਕਤੀ ਨੇ ਰਕੇਸ਼ ਟਿਕੈਤ ਦੇ ਲਹੂ ਭਿੱਜੇ ਬੋਲ ਸੁਣੇ, ਉਹ ਅੱਧੀ ਰਾਤੀਂ ਹੀ ਗਾਜ਼ੀਪੁਰ ਬਾਰਡਰ ਵੱਲ ਤੁਰ ਪਿਆ | 28 ਦੀ ਸਵੇਰ ਤੱਕ ਗਾਜ਼ੀਪੁਰ ਬਾਰਡਰ 'ਤੇ ਲੋਕਾਂ ਦੀਆਂ ਵਹੀਰਾਂ ਆਣ ਪੁੱਜੀਆਂ ਸਨ | ਬਾਜ਼ੀ ਉਲਟ ਚੁੱਕੀ ਸੀ, ਭਾਜਪਾ ਦੇ ਚਾਣਕਿਆ ਦੀਆਂ ਸਭ ਸਕੀਮਾਂ ਤਹਿਸ-ਨਹਿਸ ਹੋ ਚੁੱਕੀਆਂ ਸਨ | ਇਸ ਦੇ ਨਾਲ ਹੀ ਕਿਸਾਨ ਅੰਦੋਲਨ ਇੱਕ ਨਵੇਂ ਪੜਾਅ ਵਿੱਚ ਪੁੱਜ ਗਿਆ ਸੀ |
ਸ਼ੁਰੂ ਵਿੱਚ, ਇਸ ਗੱਲ ਦੇ ਬਾਵਜੂਦ ਕਿ ਸਭ ਮੋਰਚਿਆਂ 'ਤੇ ਡਟੇ ਕਿਸਾਨ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਹੋਏ ਹਨ ਤੇ ਜਾਂ ਹਮਦਰਦ ਹਨ, ਅਸੀਂ ਸੰਘਰਸ਼ ਦੇ ਖਾਸੇ ਨੂੰ ਗੈਰ ਸਿਆਸੀ ਰੱਖੇ ਜਾਣ ਦੀ ਵਕਾਲਤ ਕਰਦੇ ਰਹੇ ਹਾਂ | ਇਸ ਦੇ ਨਾਲ ਹੀ ਅਸੀਂ, ਕਾਂਗਰਸ ਦੇ ਐੱਮ ਪੀ ਰਵਿੰਦਰ ਸਿੰਘ ਬਿੱਟੂ ਦੀ ਅਗਵਾਈ ਵਿੱਚ ਆਏ ਕਾਂਗਰਸੀ ਆਗੂਆਂ ਨਾਲ ਕੀਤੀ ਹੱਥੋਪਾਈ ਨੂੰ ਵੀ ਠੀਕ ਨਹੀਂ ਸਮਝਦੇ |
ਪਿਛਲੇ ਇੱਕ ਹਫ਼ਤੇ ਦੀਆਂ ਘਟਨਾਵਾਂ ਨੇ ਕਿਸਾਨ ਸੰਘਰਸ਼ ਨੂੰ ਇੱਕ ਨਵੇਂ ਪੜਾਅ ਵਿੱਚ ਦਾਖਲ ਕਰ ਦਿੱਤਾ ਹੈ | ਹੁਣ ਇਹ ਸੰਘਰਸ਼ ਸਿਰਫ਼ ਕਿਸਾਨਾਂ ਦਾ ਨਾ ਰਹਿ ਕੇ ਭਾਜਪਾ ਵਿਰੁੱਧ ਸਮੁੱਚੇ ਦੇਸ਼ ਵਾਸੀਆਂ ਦਾ ਸੰਘਰਸ਼ ਬਣ ਚੁੱਕਾ ਹੈ | ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਮੋਰਚੇ ਦੀਆਂ ਹਮਾਇਤੀ ਸਿਆਸੀ ਧਿਰਾਂ ਨੂੰ ਇਸ ਅੰਦੋਲਨ ਦੀ ਪਿੱਠ 'ਤੇ ਖੜਾ ਹੋਣਾ ਚਾਹੀਦਾ ਹੈ | ਰਾਸ਼ਟਰੀ ਲੋਕ ਦਲ ਦੇ ਆਗੂ ਜਯੰਤ ਚੌਧਰੀ, ਹਰਿਆਣਾ ਲੋਕ ਦਲ ਦੇ ਵਿਧਾਇਕੀ ਤੋਂ ਅਸਤੀਫ਼ਾ ਦੇਣ ਵਾਲੇ ਅਭੈ ਚੌਟਾਲਾ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਗਾਜ਼ੀਪੁਰ ਬਾਰਡਰ 'ਤੇ ਪੁੱਜ ਕੇ ਕਿਸਾਨਾਂ ਦੀ ਹਮਾਇਤ ਵਿੱਚ ਆਉਣਾ ਸ਼ਲਾਘਾਯੋਗ ਹੈ | ਸੰਯੁਕਤ ਮੋਰਚੇ ਦੇ ਆਗੂਆਂ ਨੂੰ ਆਪਣੇ ਪਹਿਲੇ ਫੈਸਲੇ ਉੱਤੇ ਵਿਚਾਰ ਕਰਦਿਆਂ ਇਸ ਸੰਬੰਧੀ ਨਵੀਂ ਨੀਤੀ ਘੜਨੀ ਚਾਹੀਦੀ ਹੈ | ਹੁਣ ਉਹ ਸਮਾਂ ਬਹੁਤ ਪਿੱਛੇ ਰਹਿ ਗਿਆ ਹੈ, ਜਦੋਂ ਸਰਕਾਰ ਅੰਦੋਲਨਕਾਰੀਆਂ ਨੂੰ ਵਿਰੋਧੀ ਪਾਰਟੀਆਂ ਵੱਲੋਂ ਗੁੰਮਰਾਹ ਕੀਤੇ ਲੋਕ ਕਹਿ ਰਹੀ ਸੀ | ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਸਾਹਮਣਾ ਇੱਕ ਫਾਸ਼ੀ ਹਕੂਮਤ ਨਾਲ ਹੈ | ਫਾਸ਼ੀ ਹਾਕਮਾਂ ਨਾਲ ਇੱਕ ਵਿਸ਼ਾਲ ਸਾਂਝਾ ਮੋਰਚਾ ਬਣਾ ਕੇ ਹੀ ਲੜਿਆ ਜਾ ਸਕਦਾ ਹੈ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨ ਮੋਰਚੇ ਦੀ ਹਮਾਇਤ ਲਈ ਸਰਵ ਪਾਰਟੀ ਮੀਟਿੰਗ ਬੁਲਾਉਣਾ ਇੱਕ ਸਾਰਥਿਕ ਕਦਮ ਹੈ |
ਇਸ ਦੇ ਨਾਲ ਹੀ ਅਸੀਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ 22 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਲੇ ਕਾਫ਼ੀ ਸਮਾਂ ਪਿਆ ਹੈ | ਕਿਸਾਨ ਬਿੱਲਾਂ ਦੇ ਨਾਂਅ 'ਤੇ ਇੱਕ-ਦੂਜੇ ਵਿਰੁੱਧ ਚਾਂਦਮਾਰੀ ਬੰਦ ਹੋਣੀ ਚਾਹੀਦੀ ਹੈ | ਸਵਾਲ ਕੱਲ੍ਹ ਦਾ ਨਹੀਂ, ਅੱਜ ਦਾ ਹੈ, ਅੱਜ ਕੌਣ ਕਿੱਥੇ ਖੜਾ ਹੈ, ਲਕੀਰ ਖਿੱਚੀ ਜਾ ਚੁੱਕੀ ਹੈ | ਸਿਆਸੀ ਪਾਰਟੀ ਦੇ ਆਗੂਆਂ ਨੂੰ ਸੰਘਰਸ਼ਸ਼ੀਲ ਕਿਸਾਨਾਂ ਤੋਂ ਹੀ ਸਿੱਖ ਲੈਣਾ ਚਾਹੀਦਾ ਹੈ | ਪਿੰਡ ਵਿੱਚ ਸਿਰ ਵੱਢਵਾਂ ਵੈਰ ਰੱਖਣ ਵਾਲੇ ਲੋਕ ਅੱਜ ਸਿੰਘੂ ਬਾਰਡਰ ਉੱਤੇ ਖੜੀ ਟਰਾਲੀ ਵਿੱਚ ਇਕੱਠੇ ਸੌਾ ਰਹੇ ਹਨ | ਇੱਕ-ਦੂਜੇ ਵਿਰੁੱਧ ਊਜਾਂ ਲਾਉਣੀਆਂ ਆਗੂਆਂ ਦੀ ਸਿਆਸੀ ਮਜਬੂਰੀ ਹੈ, ਪਰ ਇਸ ਨੂੰ ਪੰਜਾਬ ਤੱਕ ਹੀ ਸੀਮਤ ਰੱਖਣਾ ਚਾਹੀਦਾ ਹੈ | ਮੋਰਚਿਆਂ 'ਤੇ ਬੈਠੇ ਕਿਸਾਨਾਂ ਵਿੱਚ ਸਭ ਨੂੰ ਇੱਕ ਮੂੰਹ ਹੋ ਕੇ ਜਾਣਾ ਚਾਹੀਦਾ ਹੈ | ਇਸ ਵੇਲੇ ਹਾਕਮ ਭੈਅਭੀਤ ਹਨ, ਸਿਰਫ਼ ਇੱਕ ਜ਼ਬਰਦਸਤ ਧੱਕੇ ਦੀ ਲੋੜ ਹੈ, ਸਾਰਾ ਘੁਮੰਡ ਚਕਨਾਚੂਰ ਹੋ ਜਾਵੇਗਾ |
-ਚੰਦ ਫਤਿਹਪੁਰੀ

822 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper