Latest News
ਆਮ ਲੋਕਾਂ ਨਾਲ ਧੋਖਾ

Published on 02 Feb, 2021 11:18 AM.


ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਫੜ੍ਹ ਮਾਰੀ ਸੀ ਕਿ ਇਸ ਵਾਰ ਉਹ ਜਿਹੜਾ ਬੱਜਟ ਪੇਸ਼ ਕਰ ਰਹੀ ਹੈ, ਅਜਿਹਾ ਪਿਛਲੇ ਸੌ ਸਾਲਾਂ ਵਿੱਚ ਵੀ ਨਹੀਂ ਆਇਆ ਹੋਵੇਗਾ, ਹਾਲਾਂਕਿ ਭਾਰਤ ਨੂੰ ਅਜ਼ਾਦ ਹੋਇਆਂ ਹਾਲੇ 75 ਸਾਲ ਵੀ ਪੂਰੇ ਨਹੀਂ ਹੋਏ | ਸੀਤਾਰਮਨ ਦੇ ਪੌਣੇ ਦੋ ਘੰਟੇ ਲੰਮੇ ਭਾਸ਼ਣ ਤੋਂ ਬਾਅਦ ਜੋ ਸਾਹਮਣੇ ਆਇਆ, ਉਸ ਨੂੰ ਧੋਖਾ ਬੱਜਟ ਹੀ ਕਿਹਾ ਜਾ ਸਕਦਾ ਹੈ | ਇਸ ਸਾਰੇ ਬੱਜਟ ਵਿੱਚ ਨਾ ਮੱਧਵਰਗ ਲਈ ਕੁਝ ਹੈ, ਨਾ ਕਿਰਤੀਆਂ ਲਈ ਕੋਈ ਉਮੀਦ ਤੇ ਕਿਸਾਨਾਂ ਲਈ ਤਾਂ ਨਿਰਾਸ਼ਾ ਹੀ ਨਿਰਾਸ਼ਾ ਹੈ | ਹਾਂ, ਜੇ ਇਸ ਬੱਜਟ ਤੋਂ ਕਿਸੇ ਦੀਆਂ ਅੱਖਾਂ ਵਿੱਚ ਚਮਕ ਦੇਖੀ ਜਾ ਸਕਦੀ ਹੈ ਤਾਂ ਉਹ ਹਨ ਦੇਸ਼ ਦੇ ਪੂੰਜੀਪਤੀ, ਜਿਨ੍ਹਾਂ ਨਾਲ ਹੁਕਮਰਾਨਾਂ ਦੀ ਦੋਸਤੀ ਜੱਗ-ਜ਼ਾਹਰ ਹੈ | ਇਸੇ ਕਾਰਨ ਹੀ ਕੱਲ੍ਹ ਦਾ ਸ਼ੇਅਰ ਬਜ਼ਾਰ ਉੱਚੀਆਂ ਛਾਲਾਂ ਮਾਰ ਰਿਹਾ ਹੈ |
ਮਹਾਂਮਾਰੀ ਦੇ ਦੌਰ ਵਿੱਚ ਸਭ ਤੋਂ ਵੱਧ ਮਾਰ ਕਿਰਤੀਆਂ ਉੱਤੇ ਪਈ ਸੀ | ਉਨ੍ਹਾਂ ਦੀਆਂ ਨੌਕਰੀਆਂ ਖੁਸ ਗਈਆਂ ਤੇ ਗੈਰ-ਹੁਨਰਮੰਦ ਕਾਮੇ ਦੀ ਹਾਲਤ ਤਾਂ ਭੁੱਖਮਰੀ ਵਾਲੀ ਹੋ ਗਈ ਸੀ | ਮੌਜੂਦਾ ਬੱਜਟ ਵਿੱਚ ਇਸ ਤਬਕੇ ਨੂੰ ਰਾਹਤ ਪੁਚਾਉਣ ਲਈ ਕੋਈ ਉਪਾਅ ਨਹੀਂ ਕੀਤਾ ਗਿਆ | ਪੇਂਡੂ ਗਰੀਬਾਂ ਦੀ ਆਰਥਿਕਤਾ ਲਈ 'ਮਹਾਤਮਾ ਗਾਂਧੀ ਰੋਜ਼ਗਾਰ ਗਰੰਟੀ ਯੋਜਨਾ' ਮਹਾਂਮਾਰੀ ਦੌਰਾਨ ਜੀਵਨ ਰੇਖਾ ਸਾਬਤ ਹੋਈ ਸੀ | ਬੱਜਟ ਵਿੱਚ ਉਸ ਲਈ ਰੱਖੀ ਜਾਣ ਵਾਲੀ ਰਕਮ ਵਿੱਚ ਕਟੌਤੀ ਕਰ ਦਿੱਤੀ ਹੈ | ਬੀਤੇ ਵਿੱਤੀ ਵਰ੍ਹੇ ਲਈ ਇਸ ਮੱਦ ਵਿੱਚ 1 ਲੱਖ 15 ਹਜ਼ਾਰ ਕਰੋੜ ਰੁਪਏ ਰੱਖੇ ਗਏ ਸਨ, ਜੋ ਹੁਣ ਘਟਾ ਕੇ 73 ਹਜ਼ਾਰ ਕਰੋੜ ਕਰ ਦਿੱਤੇ ਗਏ ਹਨ |
ਇਸ ਵੇਲੇ ਦੇਸ਼ ਦੇ ਕਿਸਾਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਬਰੂਹਾਂ 'ਤੇ ਰਾਜਧਾਨੀ ਨੂੰ ਘੇਰੀ ਬੈਠੇ ਹਨ | ਆਸ ਕੀਤੀ ਜਾ ਰਹੀ ਸੀ ਕਿ ਅੰਦੋਲਨ ਦੇ ਸਨਮੁੱਖ ਸਰਕਾਰ ਕਿਸਾਨਾਂ ਲਈ ਕੋਈ ਵੱਡਾ ਰਾਹਤ ਪੈਕੇਜ ਲੈ ਕੇ ਆਵੇਗੀ, ਪਰ ਕਿਸਾਨਾਂ ਨੂੰ ਰਾਹਤ ਪੁਚਾਉਣ ਵਾਲੀਆਂ ਸਾਰੀਆਂ ਹੀ ਯੋਜਨਾਵਾਂ ਦੀਆਂ ਰਕਮਾਂ ਵਿੱਚ ਕਟੌਤੀ ਕਰਕੇ ਸਰਕਾਰ ਨੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ |
ਕਿਸਾਨਾਂ ਦੀਆਂ ਮੰਗਾਂ ਵਿੱਚ ਤਿੰਨ ਕਾਲੇ ਕਾਨੂੰਨਾਂ ਦੀ ਵਾਪਸੀ ਦੇ ਨਾਲ-ਨਾਲ ਸਭ ਜਿਣਸਾਂ ਲਈ ਘੱਟੋ-ਘੱਟ ਸਮੱਰਥਨ ਮੁੱਲ ਦੀ ਗਰੰਟੀ ਕੀਤੇ ਜਾਣ ਦੀ ਮੰਗ ਵੀ ਸ਼ਾਮਲ ਹੈ, ਪਰ ਮੌਜੂਦਾ ਬੱਜਟ ਵਿੱਚ ਸਮੱਰਥਨ ਮੁੱਲ ਗਰੰਟੀ ਲਈ ਰੱਖੀਆਂ ਜਾਣ ਵਾਲੀਆਂ ਰਕਮਾਂ ਵਿੱਚ ਭਾਰੀ ਕਟੌਤੀ ਕਰ ਦਿੱਤੀ ਗਈ ਹੈ | ਘੱਟੋ-ਘੱਟ ਸਮੱਰਥਨ ਮੁੱਲ ਗਰੰਟੀ ਯੋਜਨਾ, ਜੋ ਮੋਟੇ ਅਨਾਜ ਦੀ ਖਰੀਦ ਦੀ ਗਰੰਟੀ ਕਰਦੀ ਹੈ, ਲਈ ਰਕਮ ਨੂੰ ਪਿਛਲੇ ਸਾਲ ਦੇ 2000 ਕਰੋੜ ਤੋਂ ਘਟਾ ਕੇ 1500 ਕਰੋੜ ਰੁਪਏ ਕਰ ਦਿੱਤਾ ਗਿਆ ਹੈ | ਇਸੇ ਤਰ੍ਹਾਂ 'ਪ੍ਰਧਾਨ ਮੰਤਰੀ ਆਸ਼ਾ ਯੋਜਨਾ' ਜੋ ਦਾਲਾਂ ਤੇ ਤਿਲਹਣ ਦੇ ਭਾਵਾਂ ਨੂੰ ਠੁੰਮਣਾ ਦੇਣ ਲਈ ਹੈ, ਦੇ ਬੱਜਟ ਨੂੰ ਪਿਛਲੇ ਸਾਲ ਦੇ 500 ਕਰੋੜ ਤੋਂ ਘਟਾ ਕੇ 400 ਕਰੋੜ ਕਰ ਦਿੱਤਾ ਗਿਆ ਹੈ | ਇਹੋ ਨਹੀਂ, ਪਿਛਲੇ ਸਾਲ ਦੇ ਬੱਜਟ ਜੋ 31 ਮਾਰਚ 2021 ਤੱਕ ਵਰਤਿਆ ਜਾਣਾ ਹੈ, ਵਿੱਚ ਵੀ ਸੋਧ ਕਰਕੇ ਸਮੱਰਥਨ ਮੁੱਲ ਗਰੰਟੀ ਯੋਜਨਾ ਦੀ ਰਕਮ 2000 ਕਰੋੜ ਤੋਂ ਘਟਾ ਕੇ 996 ਕਰੋੜ ਰੁਪਏ ਕਰ ਦਿੱਤੀ ਹੈ | ਇਸੇ ਤਰ੍ਹਾਂ 'ਪੀ ਐੱਮ-ਆਸ਼ਾ ਯੋਜਨਾ' ਦੇ ਬੱਜਟ ਦੀ ਰਕਮ ਵੀ 500 ਕਰੋੜ ਰੁਪਏ ਤੋਂ ਘਟਾ ਕੇ 200 ਕਰੋੜ ਰੁਪਏ ਕਰ ਦਿੱਤੀ ਗਈ ਹੈ | ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ 2019-20 ਦੇ ਬੱਜਟ ਵਿੱਚ ਸਮੱਰਥਨ ਮੁੱਲ ਗਰੰਟੀ ਯੋਜਨਾ ਦੀ ਰਕਮ 3000 ਕਰੋੜ ਰੁਪਏ ਸੀ, ਜੋ ਘਟਦੀ-ਘਟਦੀ ਹੁਣ ਅੱਧੀ ਰਹਿ ਗਈ ਹੈ | ਇਸੇ ਤਰ੍ਹਾਂ 'ਪੀ ਐੱਮ ਆਸ਼ਾ ਯੋਜਨਾ' ਦੀ ਰਕਮ 2019-20 ਵਿੱਚ 1500 ਕਰੋੜ ਰੁਪਏ ਰੱਖੀ ਗਈ ਸੀ, ਜੋ ਇਸ ਬੱਜਟ ਵਿੱਚ ਸਿਰਫ਼ 400 ਕਰੋੜ ਰੁਪਏ ਰਹਿ ਗਈ ਹੈ | ਪ੍ਰਧਾਨ ਮੰਤਰੀ ਆਪਣੇ ਹਰ ਭਾਸ਼ਣ ਵਿੱਚ ਇਹ ਕਹਿੰਦੇ ਨਹੀਂ ਥੱਕਦੇ ਕਿ ਉਨ੍ਹਾ ਦੀ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵਚਨਬੱਧ ਹੈ, ਪਰ ਬੱਜਟ ਵਿੱਚ ਕਿਸਾਨੀ ਮੱਦਾਂ ਵਿੱਚ ਰੱਖੀਆਂ ਰਕਮਾਂ ਉਨ੍ਹਾ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀਆਂ ਹਨ |
ਇਹੋ ਨਹੀਂ, ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ 'ਪ੍ਰਧਾਨ ਮੰਤਰੀ ਕਿਸਾਨ ਨਿਧੀ ਸਨਮਾਨ ਯੋਜਨਾ', ਜਿਸ ਅਧੀਨ ਆਉਣ ਵਾਲੇ ਕਿਸਾਨ ਨੂੰ ਤਿੰਨ ਕਿਸ਼ਤਾਂ ਵਿੱਚ 6 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ, ਦੇ ਬੱਜਟ ਵਿੱਚ ਵੀ ਕਟੌਤੀ ਕਰ ਦਿੱਤੀ ਗਈ ਹੈ | ਇਸ ਮੱਦ ਅਧੀਨ ਰਕਮ ਨੂੰ ਪਿਛਲੇ ਸਾਲ ਦੇ 75 ਹਜ਼ਾਰ ਕਰੋੜ ਤੋਂ ਘਟਾ ਕੇ 65 ਹਜ਼ਾਰ ਕਰੋੜ ਰੁਪਏ ਕਰ ਦਿੱਤਾ ਗਿਆ ਹੈ, ਪਿਛਲੇਰੇ ਸਾਲ ਪ੍ਰਧਾਨ ਮੰਤਰੀ ਵੱਲੋਂ 60 ਸਾਲ ਦੀ ਉਮਰ ਤੋਂ ਵੱਡੇ ਕਿਸਾਨਾਂ ਲਈ 'ਕਿਸਾਨ ਮਾਨ ਧਨ ਯੋਜਨਾ' ਸ਼ੁਰੂ ਕੀਤੀ ਸੀ | ਇਸ ਅਧੀਨ ਬਜ਼ੁਰਗ ਕਿਸਾਨਾਂ ਨੂੰ 3000 ਰੁਪਏ ਮਹੀਨਾ ਪੈਨਸ਼ਨ ਦੇਣ ਦਾ ਪ੍ਰਬੰਧ ਕੀਤਾ ਗਿਆ ਸੀ | ਇਸ ਯੋਜਨਾ ਦੀ ਰਕਮ ਵੀ 220 ਕਰੋੜ ਰੁਪਏ ਤੋਂ ਘਟਾ ਕੇ 50 ਕਰੋੜ ਰੁਪਏ ਕਰ ਦਿੱਤੀ ਗਈ ਹੈ | ਇਨ੍ਹਾਂ ਤੋਂ ਇਲਾਵਾ ਖੇਤੀ ਜਿਣਸਾਂ ਦੇ ਭੰਡਾਰਨ, ਜੈਵਿਕ ਖੇਤੀ ਨੂੰ ਉਤਸ਼ਾਹਤ ਕਰਨ ਤੇ ਸਿੰਚਾਈ ਢਾਂਚੇ ਵਿੱਚ ਸੁਧਾਰ ਕਰਨ ਦੀਆਂ ਯੋਜਨਾਵਾਂ ਲਈ ਖਰਚੀਆਂ ਜਾਣ ਵਾਲੀਆਂ ਰਕਮਾਂ ਵਿੱਚ ਵੀ ਪਿਛਲੇ ਸਾਲ ਨਾਲੋਂ ਕਟੌਤੀ ਕਰ ਦਿੱਤੀ ਗਈ ਹੈ |
ਹਾਂ, ਕੇਂਦਰ ਵੱਲੋਂ ਕਿਸਾਨਾਂ ਦੇ ਨਾਂਅ ਉੱਤੇ ਸੂਬਿਆਂ ਨਾਲ ਇੱਕ ਠੱਗੀ ਜ਼ਰੂਰ ਮਾਰੀ ਗਈ ਹੈ | ਵਿੱਤ ਮੰਤਰੀ ਨੇ ਐਲਾਨ ਕੀਤਾ ਹੈ ਕਿ ਪੈਟਰੋਲ ਉੱਤੇ 2.50 ਰੁਪਏ ਤੇ ਡੀਜ਼ਲ 'ਤੇ 4 ਰੁਪਏ ਪ੍ਰਤੀ ਲਿਟਰ ਖੇਤੀ ਸੱੈਸ ਲਾਇਆ ਜਾਵੇਗਾ | ਆਮ ਲੋਕਾਂ 'ਤੇ ਇਸ ਦਾ ਭਾਰ ਨਾ ਪਵੇ, ਇਸ ਲਈ ਐਕਸਾਈਜ਼ ਡਿਊਟੀ ਘੱਟ ਕਰ ਦਿੱਤੀ ਜਾਵੇਗੀ | ਇਹ ਸਿੱਧੇ ਤੌਰ 'ਤੇ ਸੂਬਿਆਂ ਨਾਲ ਧੋਖਾ ਹੈ, ਕਿਉਂਕਿ ਐਕਸਾਈਜ਼ ਡਿਊਟੀ ਵਿੱਚੋਂ 40 ਫ਼ੀਸਦੀ ਰਕਮ ਸੂਬਿਆਂ ਨੂੰ ਦੇਣੀ ਪੈਂਦੀ ਹੈ, ਪਰ ਸੈੱਸ ਦੀ ਪੂਰੀ ਰਕਮ ਕੇਂਦਰ ਦੇ ਖ਼ਜ਼ਾਨੇ ਵਿੱਚ ਜਾਂਦੀ ਹੈ | ਹਾਂ, ਇਸ ਬੱਜਟ ਵਿੱਚ ਸਰਕਾਰ ਨੇ ਜੋ ਕੀਤਾ ਹੈ,ਉਹ ਇਹ ਕਿ ਸੜਕਾਂ, ਗੈਸ ਪਾਈਪ ਲਾਈਨਾਂ ਤੋਂ ਲੈ ਕੇ ਬੀਮਾ ਨਿਗਮ ਤੱਕ ਨੂੰ ਵੇਚਣ ਲਈ ਸੇਲ 'ਤੇ ਲਾ ਦਿੱਤਾ ਗਿਆ ਹੈ |
-ਚੰਦ ਫਤਿਹਪੁਰੀ

807 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper