Latest News
ਚਿਹਰੇ 'ਤੇ ਮਲੀ ਕਾਲਖ ਨੂੰ ਧੋਣ ਦਾ ਵੇਲਾ

Published on 04 Feb, 2021 09:06 PM.


26 ਜਨਵਰੀ ਦੀ ਸਾਜ਼ਿਸ਼ੀ ਘਟਨਾ ਤੋਂ ਬਾਅਦ ਮੋਦੀ ਹਕੂਮਤ ਨੇ ਕਿਸਾਨ ਅੰਦੋਲਨਕਾਰੀਆਂ ਵਿਰੁੱਧ ਹੱਲਾ ਬੋਲ ਦਿੱਤਾ ਸੀ | ਭਗਵਾਂਧਾਰੀ ਗੁੰਡਿਆਂ ਰਾਹੀਂ ਪੁਰਅਮਨ ਅੰਦੋਲਨ ਕਰ ਰਹੇ ਕਿਸਾਨਾਂ 'ਤੇ ਹਮਲੇ ਕਰਵਾਏ ਗਏ | ਪੁਲਸ ਦੀਆਂ ਧਾੜਾਂ ਰਾਹੀਂ ਮੋਰਚਿਆਂ 'ਤੇ ਡਟੇ ਕਿਸਾਨਾਂ ਨੂੰ ਡਰਾਇਆ ਗਿਆ | ਮੋਰਚਿਆਂ ਤੋਂ ਆਸੇ-ਪਾਸੇ ਨਿਕਲਣ ਵਾਲੇ ਧਰਨਾਕਾਰੀਆਂ ਨੂੰ ਚੁੱਕ-ਚੁੱਕ ਕੇ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹੀਂ ਸੱੁਟਿਆ ਗਿਆ | ਇਥੋਂ ਤੱਕ ਕੇ ਇਸ ਗੁੰਡਾਗਰਦੀ ਦਾ ਸੱਚ ਸਾਹਮਣੇ ਲਿਆਉਣ ਵਾਲੇ ਪੱਤਰਕਾਰਾਂ ਨੂੰ ਵੀ ਨਹੀਂ ਬਖਸ਼ਿਆ ਗਿਆ | ਸਾਰੇ ਬਾਰਡਰਾਂ 'ਤੇ 12-12 ਲਾਈਨਾਂ ਦੀ ਮੋਰਚਾਬੰਦੀ ਕਰਨ ਲਈ ਬੈਰੀਕੇਡਾਂ ਨੂੰ ਵੈਲਡਿੰਗ ਕਰ ਦਿੱਤਾ ਗਿਆ | ਸੀਮਿੰਟ ਦੀਆਂ ਕੰਧਾਂ ਉਸਾਰ ਦਿੱਤੀਆਂ ਅਤੇ ਸੜਕਾਂ ਵਿੱਚ ਕਿੱਲ ਠੋਕ ਕੇ ਮੋਰਚਿਆਂ ਵਾਲੀਆਂ ਥਾਵਾਂ ਨੂੰ ਖੁੱਲ੍ਹੀਆਂ ਜੇਲ੍ਹਾਂ ਬਣਾ ਦੇਣ ਦੀਆਂ ਚਾਲਾਂ ਚੱਲੀਆਂ ਗਈਆਂ |
ਇੱਥੇ ਹੀ ਬਸ ਨਹੀਂ, ਪਿਛਲੇ ਇੱਕ ਹਫਤੇ ਤੋਂ ਮੋਰਚਾ ਸਥਾਨਾਂ ਤੇ ਹਰਿਆਣਾ ਵਿੱਚ ਇੰਟਰਨੈੱਟ ਉੱਤੇ ਪਾਬੰਦੀ ਲਾਈ ਹੋਈ ਹੈ | ਉਤਰਾਖੰਡ ਦੀ ਭਾਜਪਾ ਸਰਕਾਰ ਨੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਅਵਾਜ਼ ਚੁੱਕਣ ਵਾਲਿਆਂ ਲਈ ਸੋਸ਼ਲ ਮੀਡੀਆ ਪੋਸਟਾਂ ਦੇ ਅਧਾਰ ਉੱਤੇ ਕਾਰਵਾਈ ਦੀ ਧਮਕੀ ਦਿੱਤੀ ਹੈ | ਬਿਹਾਰ ਦੀ ਭਾਜਪਾ ਦੇ ਬਗਲ ਬੱਚੇ ਦੀ ਅਗਵਾਈ ਵਾਲੀ ਭਾਜਪਾ ਤੇ ਜਨਤਾ ਦਲ ਯੂਨਾਈਟਿਡ ਦੀ ਸਾਂਝੀ ਸਰਕਾਰ ਨੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਹੋ ਰਹੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਸਰਕਾਰੀ ਨੌਕਰੀ ਲਈ ਅਯੋਗ ਕਰਾਰ ਦੇਣ ਦਾ ਫ਼ੁਰਮਾਨ ਜਾਰੀ ਕਰ ਦਿੱਤਾ ਹੈ |
ਪਿਛਲੇ ਲੱਗਭੱਗ ਢਾਈ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਲੱਗਭੱਗ 200 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ ਤੇ ਹਰ ਆਏ ਦਿਨ ਇਹ ਅੰਕੜਾ ਵਧਦਾ ਹੀ ਜਾ ਰਿਹਾ ਹੈ | 26 ਜਨਵਰੀ ਦੀ ਘਟਨਾ ਤੋਂ ਬਾਅਦ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਦਮਨ-ਚੱਕਰ ਨੇ ਦੇਸ਼ ਭਰ ਦੇ ਅੰਦੋਲਨਕਾਰੀਆਂ ਦਾ ਗੁੱਸਾ ਸਿਖਰ 'ਤੇ ਪੁਚਾ ਦਿੱਤਾ ਹੈ | ਹਰ ਆਏ ਦਿਨ ਅੰਦੋਲਨ ਹੋਰ ਮਜ਼ਬੂਤੀ ਫੜ ਰਿਹਾ ਹੈ | ਇਹ ਪਹਿਲੀ ਵਾਰ ਹੋਇਆ ਹੈ ਕਿ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ 'ਤੇ ਇੱਕ ਧਾਰਮਿਕ ਝੰਡਾ ਝੁਲਾ ਦੇਣ ਦੀ ਘਟਨਾ ਨੂੰ ਤਿਰੰਗੇ ਨਾਲ ਜੋੜ ਕੇ ਰਾਸ਼ਟਰਵਾਦ ਦਾ ਮੁੱਦਾ ਬਣਾ ਦੇਣ ਦੀ ਭਾਜਪਾ ਦੀ ਚਾਲ ਨੂੰ ਲੋਕਾਂ ਨੇ ਪਛਾੜ ਕੇ ਰੱਖ ਦਿੱਤਾ |
ਦੇਸ਼ ਦੇ ਸਮੁੱਚੇ ਜਨਸਮੂਹਾਂ ਦਾ ਇਹ ਅੰਦੋਲਨ ਰੋਜ਼ ਨਵੀਂਆਂ ਪੁਲਾਘਾਂ ਪੁੱਟ ਰਿਹਾ ਹੈ | ਅਮਰੀਕੀ ਪੌਪ ਸਿੰਗਰ ਰਿਹਾਨਾ ਦੇ ਇੱਕ ਸੰਕੇਤਕ ਟਵੀਟ ਨੇ ਇਸ ਅੰਦੋਲਨ ਨੂੰ ਹੁਣ ਅੰਤਰ-ਰਾਸ਼ਟਰੀ ਮੰਚ ਉੱਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ | ਰਿਹਾਨਾ ਨੇ ਸੀ ਐੱਨ ਐੱਨ ਦੀ ਕਿਸਾਨ ਅੰਦੋਲਨ ਬਾਰੇ ਇੱਕ ਰਿਪੋਰਟ ਨੂੰ ਟਵੀਟ ਕਰਕੇ ਸਿਰਫ਼ ਏਨਾ ਲਿਖਿਆ ਸੀ, ''ਅਸੀਂ ਇਸ ਬਾਰੇ ਕਿਉਂ ਨਹੀਂ ਬੋਲ ਰਹੇ |'' ਇਸ ਟਵੀਟ ਨੇ ਸੰਸਾਰ ਭਰ ਵਿੱਚ ਹਨੇਰੀ ਲਿਆ ਦਿੱਤੀ ਤੇ ਇੱਕ ਤੋਂ ਬਾਅਦ ਇੱਕ ਨਾਮਣੇ ਵਾਲੀਆਂ ਸ਼ਖਸੀਅਤਾਂ ਨੇ ਕਿਸਾਨ ਅੰਦੋਲਨਕਾਰੀਆਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ | ਵਾਤਾਵਰਨ ਕਾਰਕੁਨ ਗਰੇਟਾ ਥਨਬਰਗ ਨੇ ਤਾਂ ਸਿੱਧਾ ਇਹ ਕਹਿ ਦਿੱਤਾ, ''ਅਸੀਂ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨਾਲ ਇਕਜੁੱਟ ਹੋ ਕੇ ਖੜ੍ਹੇ ਹਾਂ |''
ਅਮਰੀਕੀ ਮਾਡਲ ਤੇ ਐਕਟਰੈੱਸ ਅਮਾਂਡਾ ਸਰਨੀ ਨੇ ਇਸ ਤੋਂ ਅੱਗੇ ਵਧਦਿਆਂ ਆਪਣੇ ਇੰਸਟਾਗਰਾਮ 'ਤੇ ਪਾਈ ਪੋਸਟ 'ਤੇ ਲਿਖਿਆ, ''ਪੂਰੀ ਦੁਨੀਆ ਦੇਖ ਰਹੀ ਹੈ | ਇਸ ਮੁੱਦੇ ਨੂੰ ਸਮਝਣ ਲਈ ਤੁਹਾਡਾ ਭਾਰਤੀ, ਪੰਜਾਬੀ ਜਾਂ ਸਾਊਥ ਇੰਡੀਅਨ ਹੋਣਾ ਜ਼ਰੂਰੀ ਨਹੀਂ | ਬੱਸ ਤੁਹਾਨੂੰ ਇਨਸਾਨੀਅਤ ਦੀ ਪ੍ਰਵਾਹ ਹੋਣੀ ਚਾਹੀਦੀ ਹੈ | ਹਮੇਸ਼ਾ ਪ੍ਰੈੱਸ ਦੀ ਅਜ਼ਾਦੀ, ਪ੍ਰਗਟਾਵੇ ਦੀ ਅਜ਼ਾਦੀ ਤੇ ਮੁਢਲੇ ਮਨੁੱਖੀ ਅਧਿਕਾਰਾਂ ਦੀ ਮੰਗ ਕਰੋ |''
ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਨੇ ਤਾਂ ਸਿੱਧੇ ਤੌਰ 'ਤੇ ਫਾਸ਼ੀਵਾਦੀ ਰੁਝਾਨ 'ਤੇ ਹਮਲਾ ਕਰਦਿਆਂ ਲਿਖਿਆ ਹੈ, ''ਇਹ ਕੋਈ ਇਤਫਾਕ ਦੀ ਗੱਲ ਨਹੀਂ ਕਿ ਕੁਝ ਦਿਨ ਪਹਿਲਾਂ ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ 'ਤੇ ਹਮਲਾ ਹੋਇਆ ਤੇ ਹੁਣ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਉੱਤੇ ਹਮਲਾ ਜਾਰੀ ਹੈ | ਇਹ ਜੁੜੇ ਹੋਏ ਹਨ | ਸਾਨੂੰ ਸਾਰਿਆਂ ਨੂੰ ਭਾਰਤ ਵਿੱਚ ਚੱਲ ਰਹੇ ਇੰਟਰਨੈੱਟ ਬੰਦ ਅਤੇ ਕਿਸਾਨਾਂ ਵਿਰੁੱਧ ਪੁਲਸੀ ਹਿੰਸਾ 'ਤੇ ਗੁੱਸਾ ਆਉਣਾ ਚਾਹੀਦਾ ਹੈ |'' ਯੁਗਾਂਡਾ ਦੇ ਜਲਵਾਯੂ ਸੰਬੰਧੀ ਕੌਮਾਂਤਰੀ ਪ੍ਰਸਿੱਧੀ ਵਾਲੇ ਕਾਰਕੁਨ ਵੇਨੇਸਾ ਨਕਾਤੇ ਨੇ ਲਿਖਿਆ ਹੈ, ''ਕਿਸਾਨ ਪੂਰੀ ਦੁਨੀਆ ਦੇ ਅੰਨਦਾਤਾ ਹਨ, ਉਨ੍ਹਾਂ ਲਈ ਲੜੀਏ, ਉਨ੍ਹਾਂ ਨੂੰ ਬਚਾਈਏ |'' ਕੀਨੀਆ ਦੀ ਸਮਾਜਿਕ ਕਾਰਕੁਨ ਐਲਿਜ਼ਬੈਥ ਵਿਊਥੀ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਲਿਖਿਆ ਹੈ, ''ਭਾਰਤ ਨੂੰ ਆਪਣੇ ਨਾਗਰਿਕਾਂ ਦੇ ਹਿੱਤਾਂ ਬਾਰੇ ਆਰਥਿਕ ਲਾਭਾਂ ਤੋਂ ਉੱਪਰ ਰੱਖ ਕੇ ਸੋਚਣਾ ਚਾਹੀਦਾ ਹੈ | ਮੈਂ ਕਿਸਾਨ ਅੰਦੋਲਨ ਨਾਲ ਇੱਕਜੁੱਟ ਹੋ ਕੇ ਖੜ੍ਹੀ ਹਾਂ |'' ਆਪਣੇ ਇੱਕ ਹੋਰ ਟਵੀਟ ਵਿੱਚ ਉਸ ਨੇ ਲਿਖਿਆ ਹੈ, ''ਪੂਰੀ ਦੁਨੀਆ ਨੂੰ ਭਾਰਤ ਵਿੱਚ ਚੱਲ ਰਹੇ ਅੰਦੋਲਨ ਬਾਰੇ ਚੁੱਪ ਨਹੀਂ ਰਹਿਣਾ ਚਾਹੀਦਾ | ਹਜ਼ਾਰਾਂ-ਲੱਖਾਂ ਕਿਸਾਨ ਗੁਆਂਢੀ ਰਾਜਾਂ ਤੋਂ ਚੱਲ ਕੇ ਦਿੱਲੀ ਪੁੱਜੇ ਹਨ, ਉਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਨ, ਜੋ ਛੋਟੇ ਕਿਸਾਨਾਂ ਨੂੰ ਨੁਕਸਾਨ ਪੁਚਾਉਣਗੇ ਤੇ ਪੂੰਜੀਪਤੀਆਂ ਨੂੰ ਫਾਇਦਾ |'' ਇਸੇ ਲੜੀ ਵਿੱਚ ਅਮਰੀਕਾ ਦੇ ਜਲਵਾਯੂ ਬਾਰੇ ਕਾਰਕੁਨ ਜੇਮੀ ਮਾਰਗੋਲਿਨ ਨੇ ਟਵੀਟ ਕੀਤਾ ਹੈ, ''ਇਹ ਬਹੁਤ ਜ਼ਰੂਰੀ ਹੈ ਕਿ ਕੌਮਾਂਤਰੀ ਭਾਈਚਾਰਾ ਕਿਸਾਨ ਅੰਦੋਲਨ ਨਾਲ ਇਕਜੁੱਟ ਖੜ੍ਹਾ ਹੋਵੇ | ਕ੍ਰਿਪਾ ਕਰਕੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਕਰੋ |'' ਮਨੁੱਖੀ ਅਧਿਕਾਰਾਂ ਲਈ ਅਵਾਜ਼ ਚੁੱਕਣ ਵਾਲੀ ਸੰਸਥਾ 'ਹਿਊਮਨ ਰਾਈਟਸ ਵਾਚ' ਨੇ ਲਿਖਿਆ ਹੈ, ''ਭਾਰਤੀ ਪ੍ਰਸ਼ਾਸਨ ਨੂੰ ਉਨ੍ਹਾਂ ਸਭ ਲੋਕਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਹੈ, ਜਿਨ੍ਹਾਂ ਉੱਤੇ ਸਿਆਸੀ ਮਨਸ਼ਾ ਤਹਿਤ ਕੇਸ ਦਰਜ ਕੀਤੇ ਗਏ ਹਨ |'' ਇੱਕ ਹੋਰ ਟਵੀਟ ਵਿੱਚ ਸੰਸਥਾ ਨੇ ਲਿਖਿਆ ਹੈ, ''ਭਾਰਤ ਦੇ ਪ੍ਰਧਾਨ ਮੰਤਰੀ ਹਿੰਦੂ ਰਾਸ਼ਟਰਵਾਦੀਆਂ ਦੇ ਏਜੰਡੇ ਉੱਤੇ ਕੰਮ ਕਰਦਿਆਂ ਪ੍ਰਗਟਾਵੇ ਦੀ ਆਜ਼ਾਦੀ 'ਤੇ ਰੋਕਾਂ ਲਾ ਰਹੇ ਹਨ |'' ਇਹੋ ਨਹੀਂ, ਅਮਰੀਕਾ ਦੇ ਚੋਟੀ ਦੇ ਫੱੁਟਬਾਲ ਖਿਡਾਰੀ ਜੂਰੂ ਸਮਿਥ ਸ਼ਸਟਰ ਨੇ ਤਾਂ ਕਿਸਾਨ ਅੰਦੋਲਨਕਾਰੀਆਂ ਦੀਆਂ ਸਿਹਤ ਸੰਬੰਧੀ ਲੋੜਾਂ ਲਈ 10 ਹਜ਼ਾਰ ਡਾਲਰ ਦੇਣ ਦਾ ਵੀ ਐਲਾਨ ਕੀਤਾ ਹੈ |
ਕੌਮਾਂਤਰੀ ਪੱਧਰ ਉੱਤੇ ਉਠੀਆਂ ਇਨ੍ਹਾਂ ਅਵਾਜ਼ਾਂ ਨੇ ਭਾਰਤ ਸਰਕਾਰ ਤੇ ਮੋਦੀ ਦੇ ਅੰਧਭਗਤਾਂ ਨੂੰ ਤਰੇਲੀਆਂ ਲਿਆ ਦਿੱਤੀਆਂ ਹਨ | ਅੰਧਭਗਤ ਤਾਂ ਰੋਬਾਇਨ ਰਿਹਾਨਾ ਫੈਂਟੀ ਦੇ ਨਾਂਅ ਵਿੱਚੋਂ ਰਿਹਾਨਾ ਨੂੰ ਲੈ ਕੇ ਉਸ ਦੇ ਪਾਕਿਸਤਾਨੀ ਹੋਣ ਦਾ ਝੱਲ ਖਿਲਾਰੀ ਜਾ ਰਹੇ ਹਨ ਤੇ ਗੋਦੀ ਮੀਡੀਆ ਉਸ ਨੂੰ ਖਾਲਿਸਤਾਨੀ ਹੋਣ ਦਾ ਸਰਟੀਫਿਕੇਟ ਦੇਈ ਜਾ ਰਿਹਾ ਹੈ | ਭਾਰਤ ਸਰਕਾਰ ਦੇ ਵਿਦੇਸ਼ ਤੇ ਗ੍ਰਹਿ ਮੰਤਰਾਲਿਆਂ ਨੇ ਵੱਖੋ-ਵੱਖਰੇ ਬਿਆਨਾਂ ਰਾਹੀਂ ਕੌਮਾਂਤਰੀ ਸ਼ਖਸੀਅਤਾਂ ਵੱਲੋਂ ਅੰਦੋਲਨ ਦੀ ਹਮਾਇਤ ਵਿੱਚ ਦਿੱਤੇ ਬਿਆਨਾਂ ਨੂੰ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਕਰਾਰ ਦਿੱਤਾ ਹੈ | ਹਕੂਮਤ ਇਸ ਹਕੀਕਤ ਤੋਂ ਅੱਖਾਂ ਮੀਟ ਰਹੀ ਹੈ ਕਿ ਕਿਸਾਨ ਅੰਦੋਲਨ ਦਾ ਮਾਮਲਾ ਹੁਣ ਅੰਦਰੂਨੀ ਮਾਮਲਾ ਨਾ ਰਹਿ ਕੇ ਮਨੁੱਖੀ ਅਧਿਕਾਰਾਂ ਦਾ ਮਾਮਲਾ ਬਣ ਚੁੱਕਾ ਹੈ | ਹਾਕਮ ਇਹ ਕਿਉਂ ਭੁੱਲ ਰਹੇ ਹਨ ਕਿ ਅਮਰੀਕਾ ਦੀ ਸੰਸਦ ਉੱਤੇ ਜਦੋਂ ਟਰੰਪ ਸਮਰਥਕਾਂ ਨੇ ਹਮਲਾ ਕਰ ਦਿੱਤਾ ਸੀ ਤਾਂ ਖੁਦ ਪ੍ਰਧਾਨ ਮੰਤਰੀ ਨੇ ਉਸ ਦੀ ਅਲੋਚਨਾ ਕੀਤੀ ਸੀ | ਕੀ ਇਸ ਨੂੰ ਅਮਰੀਕਾ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਨਹੀਂ ਕਿਹਾ ਜਾਵੇਗਾ? ਜਦੋਂ ਪ੍ਰਧਾਨ ਮੰਤਰੀ ਮੋਦੀ ਨੇ 'ਹਾਊਡੀ ਮੋਦੀ' ਤੇ 'ਨਮਸਤੇ ਟਰੰਪ' ਪ੍ਰੋਗਰਾਮ ਕਰਕੇ ਟਰੰਪ ਲਈ ਵੋਟਾਂ ਮੰਗੀਆਂ ਸਨ, ਕੀ ਉਹ ਅਮਰੀਕਾ ਦੇ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਨਹੀਂ ਸੀ? ਕੌਮਾਂਤਰੀ ਸ਼ਖਸੀਅਤਾਂ ਨੇ ਭਾਰਤੀ ਹਾਕਮਾਂ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ | ਹੁਣ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਖੇਤੀ ਸੰਬੰਧੀ ਕਾਲੇ ਕਾਨੂੰਨ ਵਾਪਸ ਲੈ ਕੇ ਆਪਣੇ ਚਿਹਰੇ ਉਤੇ ਮਲੀ ਜਾ ਚੁੱਕੀ ਕਾਲਖ ਨੂੰ ਧੋ ਲੈਣ |
-ਚੰਦ ਫਤਿਹਪੁਰੀ

802 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper