ਅਖੰਡ ਭਾਰਤ ਦਾ ਨਾਅਰਾ ਆਰ ਐੱਸ ਐੱਸ ਦਾ ਕਾਫੀ ਪੁਰਾਣਾ ਹੈ | 15 ਅਗਸਤ 2020 ਨੂੰ ਇਸ ਦੇ ਹਫਤਾਵਰੀ ਪੱਤਰ 'ਆਰਗੇਨਾਈਜ਼ਰ' ਨੇ ਲਿਖਿਆ ਸੀ—ਅਖੰਡ ਭਾਰਤ ਦੀ ਗੱਲ ਇਸ ਦੇ ਅਰਥ ਸ਼ਾਸਤਰ ਦੇ ਪੰਡਤ ਚਾਣਕਿਆ ਨੇ ਸ਼ੁਰੂ ਕੀਤੀ ਸੀ | ਈਸਾ ਤੋਂ ਤੀਜੀ ਸਦੀ ਪਹਿਲਾਂ ਭਾਰਤੀ ਮਹਾਂਦੀਪ ਅੱਜ ਦੇ ਅਫਗਾਨਿਸਤਾਨ, ਪਾਕਿਸਤਾਨ, ਭਾਰਤ, ਨੇਪਾਲ, ਬਰਮਾ, ਤਿੱਬਤ, ਭੂਟਾਨ ਤੇ ਬੰਗਲਾਦੇਸ਼ ਉੱਤੇ ਅਧਾਰਤ ਸੀ | ਬਾਅਦ ਵਿਚ ਇਹ ਵੱਖ-ਵੱਖ ਰਿਆਸਤਾਂ ਵਿਚ ਵੰਡਿਆ ਗਿਆ | ਚਾਣਕਿਆ ਦੇ ਅਖੰਡ ਭਾਰਤ ਦੇ ਵਿਚਾਰ ਦਾ ਮਤਲਬ ਸੀ ਕਿ ਖਿੱਤੇ ਦੇ ਸਾਰੇ ਰਾਜ ਇਕ ਅਥਾਰਟੀ, ਹਕੂਮਤ ਤੇ ਪ੍ਰਸ਼ਾਸਨ ਤਹਿਤ ਹੋਣਗੇ | ਆਰ ਐੱਸ ਐੱਸ ਤੋਂ ਇਲਾਵਾ ਇਸ ਦੇ ਵਰਤਮਾਨ ਸਿਆਸੀ ਬੱਚੇ ਭਾਰਤੀ ਜਨਤਾ ਪਾਰਟੀ ਦੇ ਆਗੂ ਅਕਸਰ ਅਖੰਡ ਭਾਰਤ ਦੀ ਗੱਲ ਕਰਦੇ ਰਹਿੰਦੇ ਹਨ | ਪਿਛਲੇ ਐਤਵਾਰ ਤਿ੍ਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੇ ਇਹ ਕਹਿ ਕੇ ਸਨਸਨੀ ਫੈਲਾਈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਭਾਰਤ ਦੇ ਸਮੁੰਦਰਾਂ ਦੇ ਪਾਰ ਤੱਕ ਰਾਜ ਫੈਲਾਉਣ ਅਤੇ ਨੇਪਾਲ ਤੇ ਸ੍ਰੀਲੰਕਾ ਵਿਚ ਸਰਕਾਰਾਂ ਬਣਾਉਣ ਦੀ ਯੋਜਨਾ ਹੈ | ਦੇਬ ਨੇ ਤਿ੍ਪੁਰਾ ਦੀ ਰਾਜਧਾਨੀ ਅਗਰਤਲਾ ਵਿਚ ਪਾਰਟੀ ਦੀ ਮੀਟਿੰਗ ਵਿਚ ਇੰਕਸ਼ਾਫ ਕੀਤਾ : ਜਦੋਂ ਸ਼ਾਹ ਪਾਰਟੀ ਦੇ ਪ੍ਰਧਾਨ ਸਨ ਤਾਂ ਉਸ ਵੇਲੇ ਅਸੀਂ ਅਗਰਤਲਾ ਦੇ ਇਕ ਗੈੱਸਟ ਹਾਊਸ ਵਿਚ ਪਾਰਟੀ ਬਾਰੇ ਵਿਚਾਰ ਕਰ ਰਹੇ ਸਾਂ | ਸਾਡੇ ਵਿਚੋਂ ਕਿਸੇ ਨੇ ਅਮਿਤ ਜੀ ਨੂੰ ਕਿਹਾ ਕਿ ਪਾਰਟੀ ਦੇਸ਼ ਵਿਚ ਵਧੀਆ ਕਰ ਰਹੀ ਹੈ | ਜਵਾਬ ਵਿਚ ਅਮਿਤ ਸ਼ਾਹ ਨੇ ਕਿਹਾ ਕਿ ਅਜੇ ਸ੍ਰੀ ਲੰਕਾ ਤੇ ਨੇਪਾਲ ਰਹਿੰਦੇ ਹਨ | ਸਾਨੂੰ ਉੱਥੇ ਵੀ ਜਿੱਤਣਾ ਪੈਣਾ | ਪਾਰਟੀ ਨੂੰ ਦੁਨੀਆ ਵਿਚ ਫੈਲਾਉਣ ਦੀ ਸ਼ਾਹ ਦੀ ਅਜਿਹੀ ਸੋਚ ਸੀ | ਉਨ੍ਹਾ ਦੀ ਅਗਵਾਈ 'ਚ ਭਾਜਪਾ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ, ਇਥੋਂ ਤੱਕ ਕਿ ਚੀਨ ਦੀ ਕਮਿਊਨਿਸਟ ਪਾਰਟੀ ਨਾਲੋਂ ਵੀ ਵੱਡੀ ਬਣ ਗਈ |
ਭਾਜਪਾ ਨੇ ਦੇਬ ਦੇ ਬਿਆਨ ਦਾ ਖੰਡਨ ਨਹੀਂ ਕੀਤਾ ਹੈ, ਪਰ ਨੇਪਾਲ ਨੇ ਆਪਣੇ ਸਫਾਰਤਖਾਨੇ ਰਾਹੀਂ ਭਾਰਤੀ ਵਿਦੇਸ਼ ਮੰਤਰਾਲੇ ਕੋਲ ਬਕਾਇਦਾ ਇਤਰਾਜ਼ ਜ਼ਾਹਰ ਕਰ ਦਿੱਤਾ ਹੈ | ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਗਯਾਵਾਲੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ | ਹਿੰਦੂਤਵ ਦੇ ਮੋਢਿਆਂ 'ਤੇ ਸਵਾਰ ਹੋ ਕੇ ਭਾਜਪਾ ਨੇ ਭਾਰਤ ਵਿਚ ਜਿਸ ਤਰ੍ਹਾਂ ਇਕ ਤੋਂ ਬਾਅਦ ਇਕ ਸੂਬੇ 'ਤੇ ਕਬਜ਼ਾ ਕੀਤਾ ਹੈ, ਉਸ ਨੇ ਇਸ ਦੇ ਆਗੂਆਂ ਦਾ ਦਿਮਾਗ ਕਾਫੀ ਖਰਾਬ ਕਰ ਦਿੱਤਾ ਹੈ | ਉਹ ਬੇਟੀਆਂ ਦਾ ਵੀ ਬੀਜ ਨਾਸ਼ ਕਰਨ ਤੱਕ ਦੇ ਬਿਆਨ ਦਾਗ ਰਹੇ ਹਨ | ਉਹ ਭੁੱਲ ਰਹੇ ਹਨ ਕਿ ਆਧੁਨਿਕ ਜ਼ਮਾਨੇ ਵਿਚ ਅਮਰੀਕਾ ਵਰਗਾ ਮਹਾਂਬਲੀ ਵੀ ਧੱਕੇ ਨਾਲ ਕਿਸੇ ਦੇਸ਼ ਉੱਤੇ ਕਬਜ਼ਾ ਨਹੀਂ ਕਰ ਸਕਦਾ | ਵੀਅਤਨਾਮ ਇਸ ਦੀ ਮਿਸਾਲ ਹੈ | ਭਾਜਪਾ ਆਗੂਆਂ ਦੇ ਬਿਆਨਾਂ ਨੇ ਦੇਸ਼ ਵਿਚ ਤਾਂ ਕਾਫੀ ਨਫਰਤ ਘੋਲ ਦਿੱਤੀ ਹੈ, ਪਰ ਦੇਬ ਵਰਗਿਆਂ ਦੇ ਨੇਪਾਲ ਤੇ ਸ੍ਰੀਲੰਕਾ ਬਾਰੇ ਬਿਆਨ ਗਵਾਂਢੀ ਮੁਲਕਾਂ ਨਾਲ ਵੈਰ ਹੀ ਵਧਾਉਣਗੇ | ਖਾਸਕਰ ਇਨ੍ਹਾਂ ਦੇਸ਼ਾਂ ਦੀ ਚੀਨ ਨਾਲ ਕਰੀਬੀ ਦੋਸਤੀ ਸਾਨੂੰ ਬਹੁਤ ਜ਼ਿਆਦਾ ਮਹਿੰਗੀ ਪਵੇਗੀ | ਆਰ ਐੱਸ ਐੱਸ ਦੀ ਇਹ ਖਤਰਨਾਕ ਸੋਚ ਖਿੱਤੇ ਦੇ ਅਮਨ ਨੂੰ ਭੰਗ ਕਰ ਸਕਦੀ ਹੈ | ਬਿਹਤਰ ਹੋਵੇਗਾ ਕਿ ਭਾਰਤ ਸਰਕਾਰ ਬਕਾਇਦਾ ਬਿਆਨ ਜਾਰੀ ਕਰਕੇ ਸਪੱਸ਼ਟ ਕਰੇ ਕਿ ਉਹ ਇਸ ਸੋਚ ਨਾਲ ਸਹਿਮਤ ਨਹੀਂ | ਭਾਜਪਾ ਨੂੰ ਆਪਣੇ ਅਜਿਹੇ ਆਗੂਆਂ ਨੂੰ ਲਗਾਮ ਪਾਉਣੀ ਚਾਹੀਦੀ ਹੈ, ਜਿਹੜੇ ਕਿਸੇ ਮੁਲਕ ਬਾਰੇ ਕੁਝ ਵੀ ਕਹਿ ਦਿੰਦੇ ਹਨ | ਉਂਜ ਸਪੱਸ਼ਟੀਕਰਨ ਦੀ ਉਮੀਦ ਘੱਟ ਹੀ ਹੈ, ਕਿਉਂਕਿ ਉਸ ਦਾ ਪ੍ਰਧਾਨ ਮੰਤਰੀ ਹੀ ਅਮਰੀਕਾ ਵਿਚ ਟਰੰਪ ਨੂੰ ਜਿਤਾਉਣ ਦੇ ਨਾਅਰੇ ਲਾਉਂਦਾ ਰਿਹਾ ਹੈ |