Latest News
ਏਨਾ ਮਲੱਖ ਨਹੀਂ ਦੇਖਿਆ ਹੋਣਾ

Published on 21 Feb, 2021 10:56 AM.


ਬਰਨਾਲਾ (ਰਜਿੰਦਰ ਬਰਾੜ, ਨੀਟਾ, ਰਿਸ਼ੀ)
ਐਤਵਾਰ ਇਥੇ ਬੇਮਿਸਾਲ ਮਜ਼ਦੂਰ-ਕਿਸਾਨ ਏਕਤਾ ਮਹਾਂ ਰੈਲੀ 'ਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਹਰ ਪਿੰਡ ਵਿੱਚੋਂ ਦਸ ਕਿਸਾਨਾਂ ਦਾ ਜੱਥਾ ਦਿੱਲੀ ਜਾਵੇ, ਦਿੱਲੀ ਗਏ ਕਿਸਾਨਾਂ ਦਾ ਕੰਮ ਪਿੰਡਾਂ ਦੇ ਕਿਸਾਨ ਕਰਨ | ਦਿੱਲੀ ਪੁਲਸ ਵੱਲੋਂ ਜਿਨ੍ਹਾਂ ਕਿਸਾਨਾਂ 'ਤੇ ਕੇਸ ਦਰਜ ਕੀਤੇ ਗਏ ਹਨ, ਉਨ੍ਹਾਂ ਕੇਸਾਂ ਨੂੰ ਸੰਯੁਕਤ ਕਿਸਾਨ ਮੋਰਚਾ ਲੜੇਗਾ | ਕੋਈ ਕਿਸਾਨ ਪੁਲਸ ਅੱਗੇ ਪੇਸ਼ ਨਾ ਹੋਵੇ ਤੇ ਪੰਜਾਬ ਦੇ ਪਿੰਡਾਂ 'ਚ ਕਿਸਾਨਾਂ ਨੂੰ ਗਿ੍ਫਤਾਰ ਕਰਨ ਆਈ ਦਿੱਲੀ ਪੁਲਸ ਦਾ ਘਿਰਾਓ ਕੀਤਾ ਜਾਵੇ | ਉਨ੍ਹਾ ਅਪੀਲ ਕੀਤੀ ਕਿ ਪੰਜਾਬ ਸਰਕਾਰ ਦਿੱਲੀ ਪੁਲਸ ਦਾ ਸਾਥ ਨਾ ਦੇਵੇ | ਮਹਾਂ ਰੈਲੀ ਵਿੱਚ 27 ਫਰਵਰੀ ਨੂੰ ਵੱਡੀ ਗਿਣਤੀ ਵਿੱਚ ਦਿੱਲੀ ਬਾਰਡਰ 'ਤੇ ਪੁੱਜਣ ਦਾ ਸੱਦਾ ਦਿੱਤਾ ਗਿਆ |
ਜੋਗਿੰਦਰ ਸਿੰਘ ਉਗਰਾਹਾਂ ਨੇ ਮੋਦੀ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ 26 ਜਨਵਰੀ ਵਾਲੇ ਦਿਨ ਜੋ ਵੀ ਦਿੱਲੀ ਵਿਖੇ ਘਟਨਾਕ੍ਰਮ ਵਾਪਰਿਆ ਉਸ ਦੀ ਜ਼ਿੰਮੇਵਾਰ ਮੋਦੀ ਸਰਕਾਰ ਹੈ ਅਤੇ ਸਾਰਾ ਕੁਝ ਉਸ ਦੀ ਸੋਚੀ-ਸਮਝੀ ਸਾਜ਼ਿਸ਼ ਤਹਿਤ ਵਾਪਰਿਆ ਹੈ | ਨਿਹੱਥੇ ਅਤੇ ਬੇਗੁਨਾਹ ਅੰਦੋਲਨਕਾਰੀ ਨੌਜਵਾਨਾਂ, ਬਜ਼ੁਰਗਾਂ ਅਤੇ ਬੀਬੀਆਂ ਉਪਰ ਤਸ਼ੱਦਦ ਕਰਕੇ ਝੂਠੇ ਪਰਚੇ ਦਰਜ ਕਰਕੇ ਅੰਦੋਲਨ ਨੂੰ ਤਾਰਪੀਡੋ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਕੀਤੀਆਂ ਗਈਆਂ ਹਨ | ਉਨ੍ਹਾ ਜਿੱਥੇ ਝੂਠੇ ਪਰਚਿਆਂ ਨੂੰ ਰੱਦ ਕਰਵਾਉਣ ਅਤੇ ਅੰਦੋਲਨਕਾਰੀਆਂ ਦੀ ਰਿਹਾਈ ਦੀ ਮੰਗ ਕੀਤੀ, ਉਥੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚੇਤਾਵਨੀ ਵੀ ਦਿੱਤੀ |
ਉਗਰਾਹਾਂ ਨੇ ਕਿਹਾ ਕਿ ਚੱਲ ਰਹੇ ਕਿਸਾਨ ਸੰਘਰਸ਼ ਨੂੰ ਤਕੜਾਈ ਦੇਣ ਲਈ ਜਿੱਥੇ ਸੰਘਰਸ਼ ਅੰਦਰ ਖੇਤ ਮਜ਼ਦੂਰਾਂ ਸਮੇਤ ਹੋਰਨਾਂ ਤਬਕਿਆਂ ਦੀ ਸ਼ਮੂਲੀਅਤ ਜ਼ਰੂਰੀ ਹੈ, ਉਥੇ ਨਾਲ ਹੀ ਸੰਘਰਸ਼ ਦੇ ਧਰਮ-ਨਿਰਲੇਪ ਕਿਰਦਾਰ ਨੂੰ ਹੋਰ ਮਜ਼ਬੂਤ ਕਰਨ ਤੇ ਮੌਕਾਪ੍ਰਸਤ ਸਿਆਸੀ ਪਾਰਟੀਆਂ ਤੋਂ ਸੰਘਰਸ਼ ਦੀ ਆਜ਼ਾਦੀ ਦੀ ਰਾਖੀ ਕਰਨੀ ਵੀ ਜ਼ਰੂਰੀ ਹੈ | ਕਿਸਾਨ ਸੰਘਰਸ ਦੀ ਧਾਰ ਭਾਜਪਾਈ ਹਕੂਮਤ ਤੇ ਕਾਰਪੋਰੇਟ ਗੱਠਜੋੜ ਦੇ ਹਮਲੇ ਖਿਲਾਫ ਸੇਧਿਤ ਕਰਦਿਆਂ ਦੇਸ਼ ਭਰ ਦੇ ਕਿਸਾਨਾਂ ਦਾ ਏਕਾ ਮਜ਼ਬੂਤ ਕਰਨਾ ਚਾਹੀਦਾ ਹੈ |
ਬੀ ਕੇ ਯੂ ਏਕਤਾ (ਉਗਰਾਹਾਂ) ਦੀ ਔਰਤ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਔਰਤਾਂ ਨੇ ਹੁਣ ਤੱਕ ਇਸ ਸੰਘਰਸ ਅੰਦਰ ਬਹੁਤ ਅਹਿਮ ਹਿੱਸਾ ਪਾਇਆ ਹੈ | ਕਿਸਾਨ ਅਤੇ ਔਰਤਾਂ ਇਸ ਸੰਘਰਸ਼ ਅੰਦਰ ਇੱਕ ਹੋਣਹਾਰ ਜਾਨਦਾਰ ਧਿਰ ਹਨ ਤੇ ਇਸ ਧਿਰ ਦੀ ਸ਼ਮੂਲੀਅਤ ਸੰਘਰਸ਼ ਨੂੰ ਮੰਜ਼ਲ ਤੱਕ ਪਹੁੰਚਾਉਣ ਲਈ ਬਹੁਤ ਜ਼ਰੂਰੀ ਹੈ | ਖੇਤ ਮਜ਼ਦੂਰ ਔਰਤਾਂ ਨੂੰ ਵੀ ਅਜਿਹੀ ਧਿਰ ਵਜੋਂ ਅੱਗੇ ਆਉਣਾ ਚਾਹੀਦਾ ਹੈ | ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਇਹ ਸੰਘਰਸ਼ ਪੰਜਾਬ ਦੇ ਸਭਨਾਂ ਮਿਹਨਤਕਸ਼ ਤਬਕਿਆਂ ਦਾ ਸੰਘਰਸ਼ ਬਣਨਾ ਚਾਹੀਦਾ ਹੈ, ਜਿਸ ਵਿਚ ਹਰ ਕਿਰਤੀ ਆਪਣਾ ਹਿੱਸਾ ਪਾਵੇ |
ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜਿਵੇਂ ਹਜ਼ੂਰ ਸਾਹਿਬ ਨਾ ਜਾਣ ਵਾਲੇ ਨੂੰ ਸਿੱਖ ਨਹੀਂ ਮੰਨਿਆ ਜਾਂਦਾ, ਉਸੇ ਤਰ੍ਹਾਂ ਦਿੱਲੀ ਨਾ ਜਾਣ ਵਾਲਾ ਕੋਈ ਵਿਅਕਤੀ ਕਿਸਾਨ ਨਹੀਂ ਹੋਵੇਗਾ | ਉਨ੍ਹਾ ਸੱਦਾ ਦਿੱਤਾ ਕਿ ਕਿਸਾਨ ਅੰਦੋਲਨ ਵਿਰੋਧੀ ਲੋਕਾਂ ਦਾ ਸਮਾਜੀ ਬਾਈਕਾਟ ਕੀਤਾ ਜਾਵੇ | ਕਿਸਾਨ ਜਥੇਬੰਦੀਆਂ 'ਤੇ ਲੋਕ ਵਿਸ਼ਵਾਸ ਰੱਖਣ, ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ 'ਤੇ ਕੋਈ ਸਮਝੌਤਾ ਨਹੀਂ ਕਰਾਂਗੇ | ਤਿੰਨੇ ਕਾਨੂੰਨ ਰੱਦ ਕਰਵਾ ਕੇ ਮੁੜਾਂਗੇ ਜਾਂ ਸਾਡੀਆਂ ਲਾਸ਼ਾਂ ਮੁੜਨਗੀਆਂ | ਖੇਤੀ ਕਾਨੂੰਨਾਂ ਖਿਲਾਫ ਖੇਤ ਮਜ਼ਦੂਰ ਯੂਨੀਅਨ ਤੇ ਬੀ ਕੇ ਯੂ (ਏਕਤਾ-ਉਗਰਾਹਾਂ) ਦੇ ਸੱਦੇ 'ਤੇ ਅਨਾਜ ਮੰਡੀ 'ਚ ਹੋਈ ਮਹਾਂ ਰੈਲੀ 'ਚ ਸੂਬੇ ਦੇ ਵੱਖ-ਵੱਖ ਥਾਵਾਂ ਤੋਂ ਵੱਡੀ ਗਿਣਤੀ 'ਚ ਲੋਕ ਪੁੱਜੇ | ਆਗੂਆਂ ਵਿਚ ਕੁਲਵੰਤ ਸਿੰਘ ਸੰਧੂ, ਜਸਵਿੰਦਰ ਮੰਡੇਰ, ਪੰਜਾਬ ਕਿਸਾਨ ਸਭਾ ਦੇ ਬਲਦੇਵ ਸਿੰਘ ਨਿਹਾਲਗੜ੍ਹ, ਜ਼ੋਰਾ ਸਿੰਘ ਨਸਰਾਲੀ ਤੋਂ ਇਲਾਵਾ ਡਾ. ਪਰਮਿੰਦਰ ਅੰਮਿ੍ਤਸਰ, ਅਮੋਲਕ ਸਿੰਘ, ਗੁਰਬਖ਼ਸ਼ ਕੌਰ ਸੰਘਾ, ਝੰਡਾ ਸਿੰਘ ਜੇਠੂਕੇ, ਤਰਕਸ਼ੀਲ ਆਗੂ ਰਜਿੰਦਰ ਭਦੌੜ, ਰਾਮ ਸਵਰਨ ਲੱਖੇਵਾਲੀ ਵੀ ਸ਼ਾਮਲ ਸਨ | ਪੰਜਾਬ ਭਰ ਦੇ ਐਡਵੋਕੇਟਾਂ ਨੇ ਵੀ ਹਾਜ਼ਰੀ ਲਗਵਾਈ | ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦਿਆਂ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸੁੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਲਾਗੂ ਕੀਤੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਇਹ ਸੰਘਰਸ਼ ਜਾਰੀ ਰਹੇਗਾ | ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਭਾਜਪਾ ਆਗੂ ਦਲਿਤਾਂ ਨੂੰ ਗੁੰਮਰਾਹ ਕਰਨ 'ਤੇ ਲੱਗੇ ਹੋਏ ਹਨ ਕਿ ਖੇਤੀ ਕਾਨੂੰਨ ਦਲਿਤਾਂ ਨੂੰ ਜ਼ਮੀਨਾਂ ਦੇਣ ਲਈ ਬਣਾਏ ਗਏ ਹਨ, ਜੋ ਸਰਾਸਰ ਝੂਠ ਹੈ | ਆਗੂਆਂ ਕਿਹਾ ਕਿ ਖੇਤੀ ਕਾਨੂੰਨ ਖਪਤਕਾਰਾਂ ਨੂੰ ਭੁੱਖਮਰੀ ਵੱਲ ਧੱਕਣ ਦੀਆਂ ਕੋਝੀਆਂ ਚਾਲਾਂ ਤੋਂ ਸਿਵਾਏ ਹੋਰ ਕੁਝ ਵੀ ਨਹੀਂ | ਆਗੂਆਂ ਕਿਹਾ ਕਿ ਅਮਰ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦਾ ਜਨਮ ਦਿਹਾੜਾ ਪੰਜਾਬ ਸਮੇਤ ਦਿੱਲੀ ਅਤੇ ਹੋਰਨਾਂ ਵੱਖ-ਵੱਖ ਥਾਵਾਂ 'ਤੇ ਚੱਲ ਰਹੀਆਂ ਸਟੇਜਾਂ ਉਪਰ ਮਨਾਇਆ ਜਾਵੇਗਾ, ਜਦਕਿ 27 ਫਰਵਰੀ ਨੂੰ ਦਿੱਲੀ ਵਿਖੇ ਭਰਵੀਂ ਗਿਣਤੀ ਵਿਚ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਸਾਲ 8 ਮਾਰਚ ਨੂੰ ਅੰਤਰਰਾਸ਼ਟਰੀ ਔਰਤ ਦਿਵਸ ਦਿੱਲੀ ਵਿਖੇ ਹੀ ਮਨਾਇਆ ਜਾਵੇਗਾ | ਭਰਵੀਂ ਗਿਣਤੀ ਵਿਚ ਪੁੱਜੀਆਂ ਕਿਸਾਨ/ਮਜ਼ਦੂਰ ਔਰਤਾਂ ਨੇ ਕਿਹਾ ਕਿ ਉਹ ਖੇਤੀ ਵਿਰੋਧੀ ਕਾਨੂੰਨਾਂ ਨੂੰ ਹਰ ਕੀਮਤ ਉਪਰ ਰੱਦ ਕਰਵਾ ਕੇ ਰਹਿਣਗੀਆਂ | ਹਾੜ੍ਹੀ ਦੀ ਫ਼ਸਲ ਨੂੰ ਕੱਟਣ ਲਈ ਦਿੱਲੀ ਧਰਨੇ ਵਿਚ ਬੈਠੇ ਮਰਦ ਕਿਸਾਨ ਪੁੱਤਰਾਂ ਵਾਂਗ ਪਾਲੀ ਫ਼ਸਲ ਦੀ ਕਟਾਈ ਕਰਾਉਣਗੇ ਤੇ ਔਰਤਾਂ ਦਿੱਲੀ ਦੇ ਧਰਨੇ ਵਿਚ ਸ਼ਮੂਲੀਅਤ ਕਰਨਗੀਆਂ |

180 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper