Latest News
ਰਾਮ ਮੰਦਰ ਦੇ ਨਾਂਅ 'ਤੇ

Published on 21 Feb, 2021 11:01 AM.


ਆਸਥਾ ਨੂੰ ਸਿਆਸੀ ਔਜ਼ਾਰ ਵਜੋਂ ਵਰਤਣ ਦੇ ਮਾਮਲੇ ਵਿਚ ਆਰ ਐੱਸ ਐੱਸ ਤੇ ਉਸ ਦੇ ਬਿੱਚਆਂ ਭਾਜਪਾ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਆਦਿ ਨਾਲੋਂ ਚਲਾਕ ਕੋਈ ਨਹੀਂ ਹੋ ਸਕਦਾ | ਬਾਬਰੀ ਮਸਜਿਦ ਢਾਹੁਣ ਤੋਂ ਪਹਿਲਾਂ ਰਾਮ ਮੰਦਰ ਬਣਾਉਣ ਦੇ ਨਾਂਅ ਉੱਤੇ ਇਕੱਠੇ ਕੀਤੇ ਪੈਸਿਆਂ ਤੇ ਗਹਿਣਿਆਂ ਆਦਿ ਦਾ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕਦੇ ਹਿਸਾਬ ਨਹੀਂ ਦਿੱਤਾ | ਹੁਣ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਅਯੁੱਧਿਆ ਵਿਚ ਰਾਮ ਮੰਦਰ ਬਣਾਉਣ ਲਈ ਬਣੇ ਟਰੱਸਟ ਦੇ ਨਾਂਅ ਉੱਤੇ ਇਕੱਠੇ ਕੀਤੇ ਜਾ ਰਹੇ ਚੰਦੇ ਦੇ ਮਾਮਲੇ ਵਿਚ ਵੀ ਕੋਈ ਹਿਸਾਬ ਨਾ ਦੇਣ ਦਾ ਰੌਲਾ ਪੈ ਗਿਆ ਹੈ | ਇਸ ਮਾਮਲੇ ਵਿਚ ਕਰਨਾਟਕ ਦੇ ਦੋ ਸਾਬਕਾ ਮੁੱਖ ਮੰਤਰੀਆਂ ਨੇ ਆਰ ਐੱਸ ਐੱਸ ਤੇ ਭਾਜਪਾ ਨੂੰ ਲੰਮੇ ਹੱਥੀਂ ਲਿਆ ਹੈ | ਜਨਤਾ ਦਲ (ਸੈਕੂਲਰ) ਦੇ ਆਗੂ ਤੇ ਸਾਬਕਾ ਮੁੱਖ ਮੰਤਰੀ ਐੱਚ ਡੀ ਕੁਮਾਰਾਸਵਾਮੀ ਨੇ ਪਿਛਲੇ ਦਿਨੀਂ ਇਹ ਦੋਸ਼ ਲਾਇਆ ਕਿ ਆਰ ਐੱਸ ਐੱਸ ਤੇ ਭਾਜਪਾ ਵਾਲੇ ਧੱਕੇ ਨਾਲ ਚੰਦਾ ਇਕੱਠਾ ਕਰ ਰਹੇ ਹਨ | ਆਰ ਐੱਸ ਐੱਸ ਦੇ ਬੰਦੇ ਉਨ੍ਹਾਂ ਘਰਾਂ 'ਤੇ ਨਿਸ਼ਾਨ ਲਾ ਰਹੇ ਹਨ, ਜਿਹੜੇ ਚੰਦਾ ਦੇਣ ਤੋਂ ਨਾਂਹ ਕਰ ਰਹੇ ਹਨ | ਇਹ ਠੀਕ ਉਸੇ ਤਰ੍ਹਾਂ ਹੈ, ਜਿਵੇਂ ਹਿਟਲਰ ਦੇ ਚੜ੍ਹਾਅ ਵੇਲੇ ਯਹੂਦੀਆਂ ਦੇ ਖਾਤਮੇ ਲਈ ਉਨ੍ਹਾਂ ਦੀ ਪਛਾਣ ਕਰਨ ਲਈ ਕੀਤਾ ਗਿਆ ਸੀ | ਕੁਮਾਰਾਸਵਾਮੀ ਨੇ ਤਾਂ ਇਹ ਵੀ ਕਿਹਾ ਕਿ ਉਨ੍ਹਾ ਤੋਂ ਘਰ ਆ ਕੇ ਧਮਕਾ ਕੇ ਚੰਦਾ ਲਿਆ ਗਿਆ | ਉਨ੍ਹਾ ਮੁਤਾਬਕ ਉਹ ਮੰਦਰ ਲਈ ਚੰਦਾ ਦੇਣ ਦੇ ਖਿਲਾਫ ਨਹੀਂ, ਪਰ ਪਤਾ ਤਾਂ ਹੋਣਾ ਚਾਹੀਦਾ ਹੈ ਕਿ ਘਰ-ਘਰ ਚੰਦਾ ਇਕੱਠਾ ਕਰਨ ਵਾਲਿਆਂ ਨੂੰ ਉਗਰਾਹੀ ਦਾ ਅਧਿਕਾਰ ਕਿਸ ਨੇ ਦਿੱਤਾ ਹੈ | ਇਕੱਠੇ ਕੀਤੇ ਜਾ ਰਹੇ ਚੰਦੇ ਦਾ ਹਿਸਾਬ ਵੀ ਕੋਈ ਨਹੀਂ ਦੇ ਰਿਹਾ | ਕੁਮਾਰਾਸਵਾਮੀ ਵਾਂਗ ਕਾਂਗਰਸ ਆਗੂ ਤੇ ਸਾਬਕਾ ਮੁੱਖ ਮੰਤਰੀ ਪੀ ਸੀ ਸਿੱਧਾਰਮਈਆ ਨੇ ਵੀ ਭਾਜਪਾ ਉੱਤੇ ਰਾਮ ਮੰਦਰ ਨੂੰ ਆਪਣੀ ਸਿਆਸਤ ਲਈ ਵਰਤਣ ਦਾ ਦੋਸ਼ ਲਾਇਆ ਹੈ | ਸਿੱਧਾਰਮਈਆ, ਜਿਨ੍ਹਾ ਨੂੰ ਭਾਜਪਾ ਵਾਲੇ ਨਾਸਤਕ ਕਹਿੰਦੇ ਹਨ, ਨੇ ਕਿਹਾ ਹੈ ਕਿ ਉਹ ਰੱਬ ਵਿਚ ਵਿਸ਼ਵਾਸ ਰੱਖਦੇ ਹਨ, ਪਰ ਉਨ੍ਹਾ ਦੀ ਆਸਥਾ ਨਿੱਜੀ ਹੈ ਤੇ ਇਸ ਨੂੰ ਸਿਆਸੀ ਔਜ਼ਾਰ ਵਜੋਂ ਵਰਤਣਾ ਗਲਤ ਹੈ | ਭਾਜਪਾ ਵਾਲੇ ਰਾਮ ਮੰਦਰ ਨੂੰ ਸਿਆਸੀ ਲਾਭਾਂ ਲਈ ਵਰਤ ਰਹੇ ਹਨ | ਉਨ੍ਹਾ ਆਪਣੀ ਇਹ ਮੰਗ ਦੁਹਰਾਈ ਹੈ ਕਿ ਟਰੱਸਟ ਨੂੰ ਚੰਦੇ ਦਾ ਹਿਸਾਬ ਦੇਣਾ ਚਾਹੀਦਾ ਹੈ | ਹਿਸਾਬ ਮੰਗਣ ਵਿਚ ਗਲਤ ਕੀ ਹੈ? ਸਿੱਧਾਰਮਈਆ ਨੇ ਚੰਦਾ ਦੇਣ ਤੋਂ ਇਹ ਕਹਿੰਦਿਆਂ ਨਾਂਹ ਕਰ ਦਿੱਤੀ ਸੀ ਕਿ ਬਾਬਰੀ ਮਸਜਿਦ ਢਾਹ ਕੇ ਉਥੇ ਰਾਮ ਮੰਦਰ ਬਣਾਉਣਾ ਵਿਵਾਦਤ ਮਾਮਲਾ ਹੈ | ਇਹ ਠੀਕ ਹੈ ਕਿ ਸੁਪਰੀਮ ਕੋਰਟ ਨੇ ਮੰਦਰ ਉਥੇ ਬਣਾਉਣ ਦਾ ਫੈਸਲਾ ਦਿੱਤਾ ਹੈ, ਪਰ ਉਹ ਵਿਵਾਦਤ ਥਾਂ 'ਤੇ ਮੰਦਰ ਬਣਾਉਣ ਦੇ ਹੱਕ ਵਿਚ ਨਹੀਂ | ਜੇ ਕਿਸੇ ਹੋਰ ਥਾਂ ਮੰਦਰ ਬਣਾਇਆ ਜਾਂਦਾ ਹੈ ਤਾਂ ਉਹ ਚੰਦਾ ਦੇ ਦੇਣਗੇ | ਆਰ ਐੱਸ ਐੱਸ ਤੇ ਭਾਜਪਾ ਵਾਲੇ ਸਿਰਫ ਕਰਨਾਟਕ ਹੀ ਨਹੀਂ, ਪੰਜਾਬ ਸਣੇ ਸਮੁੱਚੇ ਦੇਸ਼ ਤੇ ਦੁਨੀਆ-ਭਰ ਵਿਚ ਚੰਦਾ ਇਕੱਠਾ ਕਰ ਰਹੇ ਹਨ | ਕੁਮਾਰਾਸਵਾਮੀ ਤੇ ਸਿੱਧਾਰਮਈਆ ਵਰਗੇ ਬਹੁਤ ਘੱਟ ਲੋਕ ਹੋਣਗੇ, ਜਿਹੜੇ ਚੰਦਾ ਇਕੱਠਾ ਕਰਨ ਦੇ ਢੰਗ 'ਤੇ ਇਤਰਾਜ਼ ਕਰਨਗੇ, ਬਾਕੀ ਲੋਕਾਂ ਨੇ ਤਾਂ ਰਾਮ ਮੰਦਰ ਵਿਚ ਆਸਥਾ ਵਜੋਂ ਚੰਦਾ ਦੇ ਦੇਣਾ ਹੈ | ਚੰਗਾ ਹੁੰਦਾ ਜੇ ਸੁਪਰੀਮ ਕੋਰਟ ਫੈਸਲਾ ਸੁਣਾਉਣ ਵੇਲੇ ਇਹ ਨਿਰਦੇਸ਼ ਵੀ ਦੇ ਦਿੰਦੀ ਕਿ ਮੰਦਰ ਲਈ ਚੰਦਾ ਇਕੱਠਾ ਕਰਨ ਦਾ ਕੰਮ ਪਾਰਦਰਸ਼ੀ ਹੋਣਾ ਚਾਹੀਦਾ ਹੈ | ਧਰਮ ਤੇ ਧਰਮ-ਸਥਾਨਾਂ ਦੇ ਨਾਂਅ ਉੱਤੇ ਚੰਦਾ ਇਕੱਠਾ ਕਰਨ ਦੇ ਮਾਮਲੇ ਵਿਚ ਬਹੁਤ ਘੱਟ ਪਾਰਦਰਸ਼ਤਾ ਵਰਤੀ ਜਾਂਦੀ ਹੈ | ਇਹ ਕੰਮ ਕਰਨ ਵਾਲੇ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਕਿ 'ਰੱਬ' ਉਨ੍ਹਾਂ ਦੀ ਹੇਰਾ-ਫੇਰੀ ਨੂੰ ਦੇਖ ਰਿਹਾ ਹੈ | ਧਰਮ ਦੇ ਮਾਮਲੇ ਵਿਚ ਸਰਕਾਰੀ ਦਖਲਅੰਦਾਜ਼ੀ ਤਾਂ ਨਹੀਂ ਹੋਣੀ ਚਾਹੀਦੀ, ਪਰ ਇਸ ਤਰ੍ਹਾਂ ਦਾ ਨੇਮ ਜ਼ਰੂਰ ਬਣਾਇਆ ਜਾਣਾ ਚਾਹੀਦਾ ਹੈ ਕਿ ਜਿਥੇ ਕੋਈ ਧਰਮ-ਸਥਾਨ ਬਣ ਰਿਹਾ ਹੈ, ਉਥੇ ਜਾ ਕੇ ਲੋਕ ਆਪਣੀ ਸ਼ਰਧਾ ਮੁਤਾਬਕ ਦਾਨ ਦੇਣ, ਪਰਚੀਆਂ ਕੱਟ ਕੇ ਧੱਕੇ ਨਾਲ ਉਨ੍ਹਾਂ ਤੋਂ ਪੈਸੇ ਨਾ ਵਸੂਲੇ ਜਾਣ |

228 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper