Latest News
ਖੱਬੇ ਜਮਹੂਰੀ ਮੁਹਾਜ਼ ਦੇ ਕੇਰਲਾ 'ਚ ਮੁੜ ਸੱਤਾ 'ਚ ਆਉਣ ਦੀ ਭਵਿੱਖਬਾਣੀ

Published on 22 Feb, 2021 10:45 AM.


ਤਿਰੁਅਨੰਤਪੁਰਮ : ਜੇ ਚੋਣਾਂ ਹੁਣ ਹੋ ਜਾਣ ਤਾਂ ਕੇਰਲਾ ਵਿਚ ਮੁੜ ਖੱਬੇ-ਜਮਹੂਰੀ ਮੁਹਾਜ਼ ਦੀ ਹੀ ਸਰਕਾਰ ਬਣੇਗੀ |
1980 ਤੋਂ ਹੁਣ ਤੱਕ ਕਿਸੇ ਪਾਰਟੀ ਜਾਂ ਗਠਜੋੜ ਦੀ ਲਗਾਤਾਰ ਦੂਜੀ ਵਾਰ ਸਰਕਾਰ ਨਹੀਂ ਬਣੀ ਹੈ |
ਏਸ਼ੀਆਨੈੱਟ ਨਿਊਜ਼-ਸੀਫੋਰ ਦੇ ਸਰਵੇ ਮੁਤਾਬਕ ਖੱਬੇ ਜਮਹੂਰੀ ਮੁਹਾਜ਼ ਨੂੰ 140 ਮੈਂਬਰੀ ਅਸੰਬਲੀ ਵਿਚ 72 ਤੋਂ 78 ਸੀਟਾਂ ਮਿਲ ਸਕਦੀਆਂ ਹਨ ਤੇ ਉਸ ਦੀ ਸਧਾਰਨ ਬਹੁਮਤ ਨਾਲ ਮੁੜ ਸਰਕਾਰ ਬਣ ਜਾਵੇਗੀ | ਕਾਂਗਰਸ ਦੀ ਅਗਵਾਈ ਵਾਲੇ ਮੁਤਹਿੱਦਾ ਜਮਹੂਰੀ ਮੁਹਾਜ਼ ਨੂੰ 59 ਤੋਂ 65 ਸੀਟਾਂ ਮਿਲਣ ਦੀ ਭਵਿੱਖਬਾਣੀ ਹੈ | 2016 ਵਿਚ ਇਸ ਨੂੰ 47 ਸੀਟਾਂ ਮਿਲੀਆਂ ਸਨ | ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਮੁਹਾਜ਼ ਨੂੰ 3 ਤੋਂ 7 ਸੀਟਾਂ ਹੀ ਮਿਲਣਗੀਆਂ | ਸਰਵੇ ਮੁਤਾਬਕ ਖੱਬਾ ਜਮਹੂਰੀ ਮੁਹਾਜ਼ ਉੱਤਰੀ ਤੇ ਦੱਖਣੀ ਕੇਰਲਾ ਵਿਚ, ਜਦਕਿ ਮੁਤਹਿੱਦਾ ਜਮਹੂਰੀ ਮੁਹਾਜ਼ ਕੇਂਦਰੀ ਕੇਰਲਾ ਵਿਚ ਤਕੜਾ ਹੈ | ਕਰੀਬ 39 ਫੀਸਦੀ ਲੋਕ ਮੁੜ ਮਾਰਕਸੀ ਆਗੂ ਪਿਨਾਰਾਈ ਵਿਜਿਯਨ ਨੂੰ ਹੀ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ | ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਆਗੂ ਓਮਨ ਚੰਡੀ 18 ਫੀਸਦੀ ਲੋਕਾਂ ਦੀ ਪਸੰਦ ਹਨ | ਇਕ ਹੋਰ ਕਾਂਗਰਸੀ ਆਗੂ ਤੇ ਤਿਰੁਅਨੰਤਪੁਰਮ ਦੇ ਸਾਂਸਦ ਸ਼ਸ਼ੀ ਥਰੂਰ ਨੂੰ 9 ਫੀਸਦੀ ਲੋਕ ਹੀ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ | 34 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਖੱਬੇ ਜਮਹੂਰੀ ਮੁਹਾਜ਼ ਦੀ ਸਭ ਤੋਂ ਵੱਡੀ ਪ੍ਰਾਪਤੀ ਕੋਰੋਨਾ ਕਾਰਨ ਹੋਏ ਲਾਕਡਾਊਨ ਦੌਰਾਨ ਲੋਕਾਂ ਨੂੰ ਮੁਫਤ ਖੁਰਾਕ ਕਿੱਟਾਂ ਵੰਡਣਾ ਹੈ | 27 ਫੀਸਦੀ ਵੈੱਲਫੇਅਰ ਪੈਨਸ਼ਨ ਸਕੀਮ ਤੋਂ ਖੁਸ਼ ਹਨ, ਜਦਕਿ 18 ਫੀਸਦੀ ਨੇ ਕਿਹਾ ਕਿ ਕੋਰੋਨਾ ਨੂੰ ਕਾਬੂ ਪਾਉਣ ਵਿਚ ਸਰਕਾਰ ਨੇ ਚੰਗਾ ਕੰਮ ਕੀਤਾ | 34 ਫੀਸਦੀ ਦਾ ਕਹਿਣਾ ਹੈ ਕਿ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ 2018 ਵਿਚ ਸਬਰੀਮਾਲਾ ਅੰਦੋਲਨ ਨਾਲ ਨਿਬੜਨ ਦੌਰਾਨ ਸਾਹਮਣੇ ਆਈ |
ਏਸ਼ੀਆਨੈੱਟ-ਸੀਫੋਰ ਦੇ ਪਿਛਲੇ ਸਾਲ ਜੂਨ ਦੇ ਸਰਵੇ ਵਿਚ ਵੀ ਖੱਬੇ ਜਮਹੂਰੀ ਮੁਹਾਜ਼ ਦੀ ਸਰਕਾਰ ਬਣਨ ਦੀ ਭਵਿੱਖਬਾਣੀ ਕੀਤੀ ਗਈ ਸੀ | ਇਸ ਤੋਂ ਬਾਅਦ ਦਸੰਬਰ 'ਚ ਮੁਹਾਜ਼ ਦੇ ਪੰਚਾਇਤਾਂ, ਬਲਾਕ ਪੰਚਾਇਤਾਂ, ਜ਼ਿਲ੍ਹਾ ਪੰਚਾਇਤਾਂ ਤੇ ਨਗਰ ਨਿਗਮਾਂ ਦੀਆਂ ਚੋਣ ਵਿਚ ਵਧੀਆ ਪ੍ਰਦਰਸ਼ਨ ਨੇ ਉਸ ਦੀ ਮੁੜ ਵਾਪਸੀ ਦੀਆਂ ਸੰਭਾਵਨਾ ਹੋਰ ਵਧਾ ਦਿੱਤੀਆਂ ਹਨ |

70 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper